ਕਾਂਗਰਸੀ ਆਗੂਆਂ ਵੱਲੋਂ ਲਾਲਜੀਤ ਭੁੱਲਰ ਦੀ ਰਿਹਾਇਸ਼ ਬਾਹਰ ਧਰਨਾ ਸ਼ੁਰੂ
ਭੁੱਲਰ ਤੇ ਉਸ ਦੇ ਸਾਥੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਕੀਤੀ ਜਾ ਰਹੀ ਹੈ ਮੰਗ
ਪੱਟੀ : ਵੇਅਰਹਾਊਸ ਤਰਨ ਤਾਰਨ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਦੇ ਖੁਦਕੁਸ਼ੀ ਕੇਸ ਵਿੱਚ ਨਾਮਜ਼ਦ ਕੀਤੇ ਗਏ ਪੱਟੀ ਤੋਂ ਵਿਧਾਇਕ ਤੇ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਰਿਹਾਇਸ਼ ਦੇ ਬਾਹਰ ਕਾਂਗਰਸੀ ਆਗੂਆਂ ਵੱਲੋਂ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਲਾਲਜੀਤ ਭੁੱਲਰ ਤੇ ਉਨ੍ਹਾਂ ਦੇ ਸਾਥੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ, ਹਰਪ੍ਰਤਾਪ ਸਿੰਘ ਅਜਨਾਲਾ, ਕੁਲਬੀਰ ਸਿੰਘ ਜ਼ੀਰਾ, ਰਮਨਦੀਪ ਸਿੰਘ ਸਿੱਕੀ, ਅਨਿਲ ਜੋਸ਼ੀ , ਸੁਖਜੀਤ ਸਿੰਘ ਕਾਕਾ ਲੋਹਗੜ੍ਹ, ਰਾਜਬੀਰ ਸਿੰਘ ਭੁੱਲਰ ਸਮੇਤ ਸੈਂਕੜੇ ਵਰਕਰਾਂ ਵੱਲੋਂ ਭੁੱਲਰ ਦੀ ਪੱਟੀ ਸਥਿਤ ਰਿਹਾਇਸ਼ ਦੇ ਬਾਹਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।
ਇਸ ਦੌਰਾਨ ਕਾਂਗਰਸ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਭ੍ਰਿਸ਼ਟਾਚਾਰ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸਰਕਾਰੀ ਰੁਤਬੇ ਤੇ ਤਾਕਤ ਦੀ ਦੁਰਵਰਤੋਂ ਕਰਦਿਆਂ ਇੱਕ ਪੜ੍ਹੇ ਲਿਖੇ ਇਮਾਨਦਾਰ ਅਧਿਕਾਰੀ ਗਗਨਦੀਪ ਸਿੰਘ ਰੰਧਾਵਾ ਦੀ ਘਰ ਬੁਲਾ ਕੇ ਕੁੱਟਮਾਰ ਕੀਤੀ ਤੇ ਉਸ ਨੂੰ ਮਰਨ ਲਈ ਮਜਬੂਰ ਕੀਤਾ। ਉਨ੍ਹਾਂ ਕਿਹਾ ਕਿ ਗਗਨਦੀਪ ਸਿੰਘ ਦਾ ਪਰਿਵਾਰ ਇਨਸਾਫ਼ ਲਈ ਲੜਾਈ ਲੜ ਰਿਹਾ ਹੈ ਪਰ ਮੁੱਖ ਮੰਤਰੀ ਭੁੱਲਰ ਤੇ ਉਸ ਦੇ ਸਾਥੀਆਂ ਨੂੰ ਬਚਾਉਣ ਲਈ ਸਰਕਾਰੀ ਤੰਤਰ ਦੀ ਦੁਰਵਰਤੋਂ ਕਰ ਰਹੇ ਹਨ।
ਕਾਂਗਰਸੀ ਆਗੂਆਂ ਨੇ ਕਿਹਾ ਕਿ ਗਗਨਦੀਪ ਸਿੰਘ ਦੀ ਮੌਤ ਸਬੰਧੀ ਸਾਰੇ ਸਬੂਤ ਜਨਤਕ ਹੋ ਚੁੱਕੇ ਹਨ। ਉਨ੍ਹਾਂ ਮੰਗ ਕੀਤੀ ਕਿ ਗਗਨਦੀਪ ਸਿੰਘ ਦੇ ਕਾਤਲਾਂ ਦੀ ਗ੍ਰਿਫ਼ਤਾਰੀ ਤੁਰੰਤ ਕੀਤੀ ਜਾਵੇ ਤੇ ਲਾਲਜੀਤ ਸਿੰਘ ਭੁੱਲਰ ਵੱਲੋਂ ਮੰਤਰੀ ਦੇ ਅਹੁਦੇ ’ਤੇ ਹੁੰਦਿਆਂ ਕੀਤੇ ਗਏ ਭ੍ਰਿਸ਼ਟਾਚਾਰ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ।
ਪੁਲੀਸ ਵੱਲੋਂ ਕੀਤੇ ਗਏ ਹਨ ਸਖ਼ਤ ਸੁਰੱਖਿਆ ਪ੍ਰਬੰਧ
ਪੱਟੀ ਦੇ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਲਾਲ ਜੀਤ ਸਿੰਘ ਦੀ ਪੱਟੀ ਸਥਿਤ ਰਿਹਾਇਸ਼ ’ਤੇ ਕਾਂਗਰਸੀ ਵਰਕਰਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਨੂੰ ਲੈ ਕੇ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਕਾਂਗਰਸ ਪਾਰਟੀ ਦੇ ਧਰਨੇ ਦੇ ਮੱਦੇਨਜ਼ਰ ਲਾਲਜੀਤ ਸਿੰਘ ਭੁੱਲਰ ਦੇ ਸਮਰਥਕ ਵੀ ਉਨ੍ਹਾਂ ਦੀ ਪੱਟੀ ਸਥਿਤ ਰਿਹਾਇਸ਼ ’ਤੇ ਵੱਡੀ ਤਾਦਾਦ ਵਿੱਚ ਪਹੁੰਚੇ ਹੋਏ ਹਨ ਜਿਸ ਦੇ ਚੱਲਦਿਆਂ ਕਿਸੇ ਟਕਰਾਅ ਨੂੰ ਰੋਕਣ ਲਈ ਤਰਨ ਤਾਰਨ ਦੇ ਐੱਸਪੀ ਸੁਖਨਿੰਦਰ ਸਿੰਘ ਦੀ ਅਗਵਾਈ ਹੇਠ ਪੁਲੀਸ ਵੱਲੋਂ ਲਾਲਜੀਤ ਸਿੰਘ ਭੁੱਲਰ ਦੀ ਰਿਹਾਇਸ਼ ਨੂੰ ਜਾਂਦੇ ਸਾਰੇ ਰਸਤਿਆਂ ’ਤੇ ਬੈਰੀਕੇਡ ਲਾਏ ਗਏ ਹਨ। ਪੁਲੀਸ ਵੱਲੋਂ ਕਿਸੇ ਅਣਸੁਖਾਵੀ ਘਟਨਾ ’ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਤੇ ਐਂਬੂਲੈਂਸ ਦਾ ਪ੍ਰਬੰਧ ਕੀਤਾ ਗਿਆ ਹੈ।

