ਅੰਮ੍ਰਿਤਸਰ ’ਚ ASI Harjit Singh ਦੇ ਕਾਤਲ ਦਾ ਪੁਲੀਸ ਐਨਕਾਊਂਟਰ, ਗੋਲੀ ਲੱਗਣ ਨਾਲ ਮੁਲਜ਼ਮ ਦੀ ਮੌਤ
ਨਾਕੇ ’ਤੇ ਫਾਇਰਿੰਗ ਤੋਂ ਬਾਅਦ ਜਵਾਬੀ ਕਾਰਵਾਈ ’ਚ ਢੇਰ ਹੋਇਆ ਮੁਲਜ਼ਮ ਦੀਪਕ
ਕਮਿਸ਼ਨਰੇਟ ਪੁਲੀਸ ਅੰਮ੍ਰਿਤਸਰ ਦੇ ਏ.ਐੱਸ.ਆਈ. ਹਰਜੀਤ ਸਿੰਘ ਦੇ ਕਤਲ ਮਾਮਲੇ ਵਿੱਚ ਇੱਕ ਸ਼ੱਕੀ ਹਮਲਾਵਰ ਪੁਲੀਸ ਨਾਲ ਮੁਕਾਬਲੇ ਦੌਰਾਨ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ ਅਤੇ ਬਾਅਦ ਵਿੱਚ ਹਸਪਤਾਲ ਵਿੱਚ ਦਮ ਤੋੜ ਗਿਆ, ਜਦੋਂ ਕਿ ਇੱਕ ਸ਼ੱਕੀ ਭੱਜਣ ਵਿੱਚ ਸਫ਼ਲ ਹੋ ਗਿਆ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਦੌਰਾਨ ਤਕਨੀਕੀ ਜਾਣਕਾਰੀ ਅਤੇ ਸਥਾਨਕ ਖ਼ੁਫ਼ੀਆ ਜਾਣਕਾਰੀ ਦੀ ਵਰਤੋਂ ਕਰਕੇ ਇਸ ਮਾਮਲੇ ਵਿੱਚ ਮੁਲਜ਼ਮ ਦੀਪਕ ਸਿੰਘ ਵਾਸੀ ਮੂਲੇਚੱਕ, ਅੰਮ੍ਰਿਤਸਰ ਦੀ ਪਛਾਣ ਕੀਤੀ ਗਈ ਅਤੇ ਉਸ ਦਾ ਪਤਾ ਲਗਾਇਆ ਗਿਆ।
ਉਸ ਨੂੰ ਕਾਬੂ ਕਰਨ ਲਈ ਚਲਾਈ ਗਈ ਇੱਕ ਕਾਰਵਾਈ ਦੌਰਾਨ ਮੁਲਜ਼ਮ ਨੇ ਨਾਕਾ ਪੁਆਇੰਟ ’ਤੇ ਪੁਲੀਸ ਪਾਰਟੀ ’ਤੇ ਗੋਲੀਬਾਰੀ ਕਰ ਦਿੱਤੀ। ਇਸ ਦੌਰਾਨ ਸਵੈ-ਰੱਖਿਆ ਵਿੱਚ ਕੀਤੀ ਜਵਾਬੀ ਗੋਲੀਬਾਰੀ ਵਿੱਚ ਉਹ ਜ਼ਖ਼ਮੀ ਹੋ ਗਿਆ ਅਤੇ ਬਾਅਦ ਵਿੱਚ ਹਸਪਤਾਲ ਵਿੱਚ ਦਮ ਤੋੜ ਗਿਆ। ਇੱਕ ਹੋਰ ਸ਼ੱਕੀ ਹਨੇਰੇ ਦਾ ਫ਼ਾਇਦਾ ਲੈ ਕੇ ਭੱਜ ਗਿਆ। ਪੁਲੀਸ ਨੇ ਉਸ ਕੋਲੋਂ .30 ਬੋਰ ਪਿਸਤੌਲ, ਦੋ ਮੈਗਜ਼ੀਨ, 8 ਜ਼ਿੰਦਾ ਕਾਰਤੂਸ, ਮੋਬਾਈਲ ਫ਼ੋਨ ਅਤੇ ਐਕਟਿਵਾ ਸਕੂਟਰ (ਜੋ ਕਥਿਤ ਤੌਰ ’ਤੇ ਅਪਰਾਧ ਵਿੱਚ ਵਰਤਿਆ ਗਿਆ ਸੀ) ਬਰਾਮਦ ਕੀਤਾ ਹੈ। ਇਸ ਸਬੰਧ ਵਿੱਚ ਅਗਲੀ ਜਾਂਚ ਜਾਰੀ ਹੈ।

