ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 19 ਅਕਤੂਬਰ
ਨਵਾਂ ਪਿੰਡ ਵਾਸੀ ਪਤੀ ਪਤਨੀ ਵਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਵਿਚ ਨਾਮਜ਼ਦ ਸਬ ਇੰਸਪੈਕਟਰ ਦੀ ਗ੍ਰਿਫਤਾਰੀ ਵਿਚ ਢਿੱਲ ਵਰਤਣ ਦੇ ਦੋਸ਼ ਹੇਠ ਜ਼ਿਲ੍ਹਾ ਦਿਹਾਤੀ ਪੁਲੀਸ ਦੇ ਐਸਐਸਪੀ ਨੇ ਥਾਣਾ ਮਹਿਤਾ ਦੇ ਐਸਐਚਓ ਸਤਪਾਲ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਡੀਐਸਪੀ ਖਿਲਾਫ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਹਨ। ਨਵਾਂ ਪਿੰਡ ਦੇ ਵਿਕਰਮ ਸਿੰਘ ਨੇ 10 ਅਕਤੂਬਰ ਨੂੰ ਬਟਾਲਾ ਰੋਡ ਦੇ ਇਕ ਹੋਟਲ ਵਿਚ ਖੁਦਕੁਸ਼ੀ ਕਰ ਲਈ ਸੀ। ਇਸ ਘਟਨਾ ਤੋਂ ਇਕ ਦਿਨ ਬਾਅਦ ਹੀ ਵਿਕਰਮ ਸਿੰਘ ਦੀ ਪਤਨੀ ਨੇ ਵੀ ਆਪਣੇ ਘਰ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਵਿਕਰਮ ਸਿੰਘ ਨੇ ਆਪਣੇ ਖੁਦਕੁਸ਼ੀ ਨੋਟ ਵਿਚ ਮਹਿਲਾ ਸਬ ਇੰਸਪੈਕਟਰ ’ਤੇ ਬਲੈਕਮੇਲ ਕਰਨ ਦਾ ਦੋਸ਼ ਲਾਇਆ ਸੀ ਜਿਸ ਆਧਾਰ ’ਤੇ ਥਾਣਾ ਮਹਿਤਾ ’ਚ ਤਾਇਨਾਤ ਸਬ ਇੰਸਪੈਕਟਰ ਸੰਦੀਪ ਕੌਰ ਖਿਲਾਫ ਕੇਸ ਦਰਜ ਕਰ ਲਿਆ ਸੀ ਅਤੇ ਵਿਭਾਗੀ ਜਾਂਚ ਦੇ ਨਾਲ ਉਸ ਨੂੰ ਮੁਅੱਤਲ ਕਰ ਦਿੱਤਾ ਸੀ। ਦੂਜੇ ਪਾਸੇ ਪੀੜਤ ਪਰਿਵਾਰ ਨੇ ਇਹ ਮਾਮਲਾ ਮੁੱਖ ਮੰਤਰੀ ਕੋਲ ਵੀ ਉਠਾਇਆ ਹੈ। ਜ਼ਿਲ੍ਹਾ ਦਿਹਾਤੀ ਪੁਲੀਸ ਦੇ ਐਸਐਸਪੀ ਧਰੁਵ ਦਹੀਆ ਨੇ ਇਸ ਮਾਮਲੇ ਵਿਚ ਲਾਪ੍ਰਵਾਹੀ ਵਰਤਣ ਦੇ ਦੋਸ਼ ਹੇਠ ਡੀਐਸਪੀ ਸੁਖਵਿੰਦਰ ਪਾਲ ਸਿੰਘ ਖਿਲਾਫ ਜਾਂਚ ਦੇ ਆਦੇਸ਼ ਦਿੱਤੇ ਹਨ ਅਤੇ ਥਾਣਾ ਮਹਿਤਾ ਦੇ ਐਸਐਚਓ ਇੰਸਪੈਕਟਰ ਸਤਪਾਲ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਲਈ ਵਿਸ਼ੇਸ ਟੀਮ ਦਾ ਗਠਨ ਕਰ ਦਿੱਤਾ ਹੈ ਜਿਸ ਦੀ ਅਗਵਾਈ ਐਸਪੀ ਗੌਰਵ ਤੁਰਾ ਨੂੰ ਸੌਂਪੀ ਗਈ ਹੈ। ਇਸ ਦੌਰਾਨ ਅੱਜ ਸ਼ਾਮ ਮ੍ਰਿਤਕ ਜੋੜੇ ਦੇ ਪਰਿਵਾਰਕ ਮੈਂਬਰ ਬਾਰਡਰ ਰੇਂਜ ਦੇ ਆਈਜੀ ਨੂੰ ਮਿਲੇ ਤੇ ਦੋਸ਼ੀਆਂ ਖਿਲਾਫ਼ ਜਲਦ ਕਾਰਵਾਈ ਮੰਗੀ।