DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਰਿਵਾਰ ਤੋਂ ਵਿਛੜੇ ਜੀਅ ਦਾ ਪਿੰਗਲਵਾੜਾ ਸੰਸਥਾ ਨੇ ਕਰਵਾਇਆ ਮਿਲਾਪ

ਪਤੀ ਨੂੰ ਸਲਾਮਤ ਦੇਖ ਪਤਨੀ ਦੀਆਂ ਅੱਖਾਂ ’ਚ ਆਏ ਖੁਸ਼ੀ ਦੇ ਹੰਝੂ

  • fb
  • twitter
  • whatsapp
  • whatsapp
featured-img featured-img
ਪਿੰਗਲਵਾੜਾ ਸੰਸਥਾ ਦੇ ਨਾਲ ਦਇਆ ਰਾਮ ਤੇ ਉਸ ਦਾ ਪਰਿਵਾਰ।
Advertisement

ਪਿੰਗਲਵਾੜਾ ਸੰਸਥਾ ਅੰਮ੍ਰਿਤਸਰ ਨੇ ਪਰਿਵਾਰ ਤੋਂ ਵਿਛੜੇ ਜੀਅ ਦਾ ਮੁੜ ਮਿਲਾਪ ਕਰਵਾਇਆ ਹੈ। ਦਇਆ ਰਾਮ (45) ਪਿਛਲੇ ਸਾਲ 16 ਨਵੰਬਰ ਨੂੰ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਹਸਪਤਾਲ ਦੇ ਬਾਹਰ ਲਾਵਾਰਿਸ ਹਾਲਤ ’ਚ ਮਿਲਿਆ ਸੀ। ਮਰੀਜ਼ ਦੀ ਹਾਲਤ ਗੰਭੀਰ ਸੀ ਅਤੇ ਉਹ ਆਪਣੇ ਬਾਰੇ ਕੋਈ ਵੀ ਜਾਣਕਾਰੀ ਦੇਣ ਤੋਂ ਅਸਮਰੱਥ ਸੀ। ਥਾਣਾ ਮਜੀਠਾ ਰੋਡ ਦੀ ਪੁਲੀਸ ਵੱਲੋਂ ਮਰੀਜ਼ ਨੂੰ ਤੁਰੰਤ ਪਿੰਗਲਵਾੜਾ ਸੰਸਥਾ ਅੰਮ੍ਰਿਤਸਰ ਵਿੱਚ ਦਾਖਲ ਕਰਵਾਇਆ ਗਿਆ।

ਪਿੰਗਲਵਾੜਾ ਸੰਸਥਾ ਦੇ ਗੁਲਸ਼ਨ ਰੰਜਨ ਮੁਤਾਬਕ ਮਰੀਜ਼ ਦੀ ਹਾਲਤ ਨੂੰ ਦੇਖਦਿਆਂ ਉਸ ਨੂੰ ਬਿਨਾਂ ਦੇਰੀ ਕੀਤੇ ਗੁਰੂ ਨਾਨਕ ਦੇਵ ਹਸਪਤਾਲ ਭੇਜਿਆ ਗਿਆ। ਮੈਡੀਕਲ ਜਾਂਚ ਦੌਰਾਨ ਪਤਾ ਲੱਗਿਆ ਕਿ ਮਰੀਜ਼ ਦੀਆਂ ਦੋਵੇਂ ਲੱਤਾਂ ਬੁਰੀ ਤਰ੍ਹਾਂ ਟੁੱਟੀਆਂ ਹੋਈਆਂ ਸਨ। ਮਰੀਜ਼ ਦਾ ਅਪਰੇਸ਼ਨ ਹਸਪਤਾਲ ਦੇ ਭਗਤ ਪੂਰਨ ਸਿੰਘ ਵਾਰਡ ਵਿੱਚ ਕੀਤਾ ਗਿਆ।

Advertisement

ਲੰਬੇ ਇਲਾਜ ਅਤੇ ਸੰਭਾਲ ਤੋਂ ਬਾਅਦ ਮਰੀਜ਼ ਨੇ ਸਿਹਤਯਾਬ ਹੋਣ ’ਤੇ ਦੱਸਿਆ ਕਿ ਉਹ ਜਾਨਕੀ, ਸੁਬਰਨਪੁਰ, ਕੈਲਾਲੀ (ਨੇਪਾਲ) ਦਾ ਰਹਿਣ ਵਾਲਾ ਹੈ। ਉਹ ਗੁਰਦਾਸਪੁਰ ਦੇ ਇਕ ਗਿਰਜਾਘਰ ਵਿੱਚ ਕੰਮ ਦੇ ਸਿਲਸਿਲੇ ’ਚ ਆਇਆ ਸੀ। ਨੇਪਾਲ ਵਾਪਸੀ ਲਈ ਉਹ ਅੰਮ੍ਰਿਤਸਰ ਬੱਸ ਅੱਡੇ ’ਤੇ ਪਹੁੰਚਿਆ, ਪਰ ਉਸ ਤੋਂ ਬਾਅਦ ਉਸ ਨੂੰ ਕੁਝ ਵੀ ਯਾਦ ਨਹੀਂ। ਇਸ ਦੌਰਾਨ ਉਸ ਦਾ ਸਾਰਾ ਸਮਾਨ, ਪਹਿਚਾਣ ਪੱਤਰ ਅਤੇ ਪੈਸਾ ਵੀ ਚੋਰੀ ਹੋ ਗਿਆ।

Advertisement

ਮਰੀਜ਼ ਵੱਲੋਂ ਦਿੱਤੇ ਮੋਬਾਈਲ ਨੰਬਰ ’ਤੇ ਪਿੰਗਲਵਾੜਾ ਸੰਸਥਾ ਵੱਲੋਂ ਉਸ ਦੇ ਪਰਿਵਾਰ ਨਾਲ ਸੰਪਰਕ ਕਰ ਕੇ ਪਹਿਚਾਣ ਦੀ ਪੁਸ਼ਟੀ ਕੀਤੀ ਗਈ। ਉਸ ਦੇ ਪਰਿਵਾਰਕ ਮੈਂਬਰਾਂ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸਨ। ਉਸ ਨੂੰ ਵਾਪਸ ਲਿਜਾਉਣ ਉਸ ਦੀ ਪਤਨੀ ਗੌਰੀ ਦੇਵੀ, ਉਸ ਦਾ ਭਰਾ ਅਤੇ ਭੈਣ ਪਿੰਗਲਵਾੜੇ ਪਹੁੰਚੇ ਸਨ। ਪਰਿਵਾਰ ਨੇ ਸੰਸਥਾ ਦਾ ਧੰਨਵਾਦ ਕੀਤਾ।

ਇਸ ਮੌਕੇ ਪਿੰਗਲਵਾੜਾ ਸੰਸਥਾ ਦੀ ਮੁਖੀ ਡਾ. ਇੰਦਰਜੀਤ ਕੌਰ ਨੇ ਦੱਸਿਆ ਕਿ ਸੰਸਥਾ ਵੱਲੋਂ ਹੁਣ ਤੱਕ 200 ਤੋਂ ਵੱਧ ਲਾਵਾਰਿਸ, ਬੇਸਹਾਰਾ ਮਰੀਜ਼ਾਂ ਨੂੰ ਇਲਾਜ, ਆਸਰਾ ਅਤੇ ਸੇਵਾ ਸੰਭਾਲ ਪ੍ਰਦਾਨ ਕਰਕੇ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਇਆ ਗਿਆ ਹੈ। ਇਸ ਮੌਕੇ ਯੋਗੇਸ਼ ਸੂਰੀ (ਮੁੱਖ ਪ੍ਰਸ਼ਾਸਕ), ਗੁਲਸ਼ਨ ਰੰਜਨ (ਮੈਡੀਕਲ ਸੋਸ਼ਲ ਵਰਕਰ), ਤਿਲਕ ਰਾਜ (ਜਨਰਲ ਮੈਨੇਜਰ) ਸਮੇਤ ਸੰਸਥਾ ਦੇ ਹੋਰ ਕਰਮਚਾਰੀ ਅਤੇ ਸੇਵਾਦਾਰ ਹਾਜ਼ਰ ਸਨ।

Advertisement
×