ਬੀੜ ਬਾਬਾ ਬੁੱਢਾ ਸਾਹਿਬ ਮਾਰਗ ’ਤੇ ਸਟੰਟਬਾਜ਼ੀ ਤੋਂ ਸੰਗਤ ਪਰੇਸ਼ਾਨ
ਮੋਟਰਸਾਈਕਲਾਂ ਤੇ ਹੋਰ ਵਾਹਨਾਂ ’ਤੇ ਖ਼ਤਰਨਾਕ ਕਰਤੱਬ; ਪੁਲੀਸ ਤੋਂ ਕਾਰਵਾਈ ਦੀ ਮੰਗ
ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਠੱਠਾ ਵਿਖੇ ਚੱਲ ਰਹੇ ਸਾਲਾਨਾ ਜੋੜ ਮੇਲੇ ਦੌਰਾਨ ਭਿੱਖੀਵਿੰਡ ਤੋਂ ਗੁਰਦੁਆਰਾ ਸਾਹਿਬ ਨੂੰ ਜਾਂਦੇ ਰਸਤੇ ’ਤੇ ਕੁਝ ਨੌਜਵਾਨਾਂ ਵੱਲੋਂ ਕੀਤੀ ਜਾ ਰਹੀ ਕਥਿਤ ਸਟੰਟਬਾਜ਼ੀ ਸੰਗਤ ਲਈ ਪਰੇਸ਼ਾਨੀ ਦਾ ਕਾਰਨ ਬਣੀ ਹੋਈ ਹੈ। ਮੇਲੇ ਵਿੱਚ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸੰਗਤ ਪਹੁੰਚ ਰਹੀ ਹੈ, ਜਿਸ ਕਾਰਨ ਇਸ ਮਾਰਗ ’ਤੇ ਵਾਹਨਾਂ ਅਤੇ ਪੈਦਲ ਸ਼ਰਧਾਲੂਆਂ ਦੀ ਆਵਾਜਾਈ ਵਧ ਗਈ ਹੈ।
ਸਥਾਨਕ ਵਾਸੀਆਂ ਅਤੇ ਸੰਗਤ ਵਿੱਚੋਂ ਰਮਨਦੀਪ ਕੁਮਾਰ, ਹਰਦੇਵ ਸਿੰਘ, ਮੁਲਖਾਨ ਸਿੰਘ ਅਤੇ ਰਾਜਦੀਪ ਸੰਧੂ ਨੇ ਦੱਸਿਆ ਕਿ ਭਿੱਖੀਵਿੰਡ ਤੋਂ ਬੀੜ ਬਾਬਾ ਬੁੱਢਾ ਸਾਹਿਬ ਤੱਕ ਕਈ ਥਾਵਾਂ ’ਤੇ ਕੁਝ ਨੌਜਵਾਨ ਮੋਟਰਸਾਈਕਲਾਂ, ਟਰੈਕਟਰਾਂ ਅਤੇ ਗੱਡੀਆਂ ’ਤੇ ਤੇਜ਼ ਰਫ਼ਤਾਰ ਨਾਲ ਖ਼ਤਰਨਾਕ ਕਰਤੱਬ ਕਰਦੇ ਦਿਖਾਈ ਦਿੰਦੇ ਹਨ। ਉਨ੍ਹਾਂ ਕਿਹਾ ਕਿ ਵਾਹਨਾਂ ਨੂੰ ਅਚਾਨਕ ਲਹਿਰਾਉਣ ਅਤੇ ਤੇਜ਼ ਰਫ਼ਤਾਰ ਨਾਲ ਚਲਾਉਣ ਕਾਰਨ ਰਾਹਗੀਰਾਂ ਲਈ ਹਾਦਸੇ ਦਾ ਖ਼ਤਰਾ ਬਣਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਮੇਲੇ ਦੌਰਾਨ ਇਸ ਸੜਕ ’ਤੇ ਬੱਚਿਆਂ, ਔਰਤਾਂ ਅਤੇ ਬਜ਼ੁਰਗਾਂ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਪੈਦਲ ਵੀ ਜਾਂਦੇ ਹਨ। ਅਜਿਹੇ ਵਿੱਚ ਸਟੰਟਬਾਜ਼ੀ ਕਿਸੇ ਗੰਭੀਰ ਹਾਦਸੇ ਦਾ ਕਾਰਨ ਬਣ ਸਕਦੀ ਹੈ। ਸੰਗਤ ਨੇ ਕਿਹਾ ਕਿ ਧਾਰਮਿਕ ਅਸਥਾਨ ਵੱਲ ਜਾਂਦੇ ਰਸਤੇ ’ਤੇ ਸੰਜਮ ਨਾਲ ਵਾਹਨ ਚਲਾਉਣ ਦੀ ਲੋੜ ਹੈ।
ਸਥਾਨਕ ਲੋਕਾਂ ਨੇ ਪੁਲੀਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੇਲੇ ਦੇ ਬਾਕੀ ਦਿਨਾਂ ਦੌਰਾਨ ਭਿੱਖੀਵਿੰਡ ਤੋਂ ਬੀੜ ਬਾਬਾ ਬੁੱਢਾ ਸਾਹਿਬ ਤੱਕ ਪੁਲੀਸ ਗਸ਼ਤ ਵਧਾਈ ਜਾਵੇ ਅਤੇ ਸਟੰਟਬਾਜ਼ੀ ਕਰਨ ਵਾਲਿਆਂ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਟਰੈਫਿਕ ਮੁਲਾਜ਼ਮ ਤਾਇਨਾਤ ਕਰਨ ਦੀ ਵੀ ਮੰਗ ਕੀਤੀ ਗਈ ਹੈ।

