ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 18 ਸਤੰਬਰ
ਸ੍ਰੀ ਅਕਾਲ ਤਖਤ ਤੋਂ ਪੰਜ ਸਿੰਘ ਸਾਹਿਬਾਨ ਨੇ ਅੱਜ ਸ਼੍ਰੋਮਣੀ ਕਮੇਟੀ ਦੀ 2016 ਵਾਲੀ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਨੂੰ ਉਸ ਵੇਲੇ ਪਾਵਨ ਸਰੂਪ ਅਗਨਦਾਹ ਹੋਣ ਮਗਰੋਂ ਪਸ਼ਚਾਤਾਪ ਨਾ ਕਰਨ ਦੇ ਦੋਸ਼ ਹੇਠ ਅਤੇ ਮੌਜੂਦਾ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਨੂੰ ਸਵੈ ਇੱਛਾ ਨਾਲ ਖਿਮਾ ਯਾਚਨਾ ਕਰਨ ’ਤੇ ਇਸ ਸਮੁੱਚੇ ਮਾਮਲੇ ਵਿੱਚ ਧਾਰਮਿਕ ਤਨਖਾਹ ਲਾਈ ਹੈ। ਇਸ ਤੋਂ ਇਲਾਵਾ ਪੰਥ ਵਿੱਚੋਂ ਛੇਕੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨਾਲ ਸਬੰਧ ਰੱਖਣ ਵਾਲਿਆਂ ਨੂੰ ਵੀ ਤਨਖਾਹ ਲਾਈ ਗਈ ਹੈ।
ਪੰਜ ਸਿੰਘ ਸਾਹਿਬਾਨ ਦੀ ਅੱਜ ਹੋਈ ਇਸ ਸਬੰਧੀ ਇਕੱਤਰਤਾ ਵਿੱਚ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ, ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਰਣਜੀਤ ਸਿੰਘ ਗੌਹਰ-ਏ-ਮਸਕੀਨ, ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ, ਗਿਆਨੀ ਗੁਰਮਿੰਦਰ ਸਿੰਘ ਅਤੇ ਪੰਜ ਪਿਆਰਿਆਂ ਵਿਚੋਂ ਭਾਈ ਮੰਗਲ ਸਿੰਘ ਸ਼ਾਮਲ ਸਨ। ਲਗਪਗ ਇਕ ਘੰਟਾ ਚੱਲੀ ਇਸ ਕਾਰਵਾਈ ਦੌਰਾਨ ਸਭ ਤੋਂ ਪਹਿਲਾਂ 2016 ਵਾਲੀ ਅੰਤ੍ਰਿੰਗ ਕਮੇਟੀ ਨੂੰ ਸਪੱਸ਼ਟੀਕਰਨ ਦੇਣ ਲਈ ਸੱਦਿਆ ਗਿਆ। ਉਸ ਵੇਲੇ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਦਾ ਦੇਹਾਂਤ ਹੋਣ ਕਾਰਨ ਸੀਨੀਅਰ ਮੀਤ ਪ੍ਰਧਾਨ ਰਘੁਜੀਤ ਸਿੰਘ ਵਿਰਕ ਕੋਲੋਂ ਪੁੱਛ ਪੜਤਾਲ ਕੀਤੀ ਗਈ। ਉਨ੍ਹਾਂ ਪਸ਼ਚਾਤਾਪ ਨਾ ਕਰਨ ਦੀ ਗਲਤੀ ਸੰਗਤ ਸਾਹਮਣੇ ਕਬੂਲ ਕੀਤੀ। ਜਥੇਦਾਰ ਹਰਪ੍ਰੀਤ ਸਿੰਘ ਨੇ ਉਨ੍ਹਾਂ ਨੂੰ ਆਦੇਸ਼ ਦਿੱਤਾ ਕਿ ਉਹ ਅੱਜ ਤੋਂ ਇਕ ਸਾਲ ਸ਼੍ਰੋਮਣੀ ਕਮੇਟੀ ਦਾ ਕੋਈ ਅਹੁਦਾ ਨਹੀਂ ਲੈਣਗੇ, ਇਕ ਸਹਿਜ ਪਾਠ ਕਰਨਗੇ ਜਾਂ ਕਰਾਉਣਗੇ। ਸਹਿਜ ਪਾਠ ਕਰਾਉਣ ਦੀ ਸੂਰਤ ਵਿੱਚ ਉਸ ਨੂੰ ਸੁਣਨਗੇ। ਸਹਿਜ ਪਾਠ ਦੌਰਾਨ ਇਕ ਮਹੀਨੇ ਦੇ ਇਸ ਸਮੇਂ ਵਿੱਚ ਉਹ ਨੇੜਲੇ ਗੁਰਦੁਆਰੇ ’ਚ ਆਪਣੀ ਸਰੀਰਕ ਸਮਰੱਥਾ ਮੁਤਾਬਕ ਸੇਵਾ ਕਰਨਗੇ। ਪੁਰਾਣੀ ਅੰਤ੍ਰਿੰਗ ਕਮੇਟੀ ਦੇ 15 ਮੈਂਬਰਾਂ ’ਚੋਂ 12 ਮੈਂਬਰ ਇਸ ਮੌਕੇ ਹਾਜ਼ਰ ਸਨ।
ਮੌਜੂਦਾ ਅੰਤ੍ਰਿੰਗ ਕਮੇਟੀ ਨੇ ਅੱਜ ਸਵੈ ਇੱਛਾ ਨਾਲ ਖਿਮਾ ਯਾਚਨਾ ਕੀਤੀ। ਜਥੇਦਾਰ ਨੇ ਉਨ੍ਹਾਂ ਨੂੰ ਆਦੇਸ਼ ਦਿੱਤਾ ਗਿਆ ਕਿ ਸਰੂਪ ਅਗਨਦਾਹ ਹੋਣ ਦੇ ਮਾਮਲੇ ਵਿੱਚ ਉਹ ਇਕ ਅਖੰਡ ਪਾਠ ਗੁਰਦੁਆਰਾ ਰਾਮਸਰ ਅਤੇ ਇਕ ਅਖੰਡ ਪਾਠ ਸ੍ਰੀ ਅਕਾਲ ਤਖ਼ਤ ਵਿਖੇ ਕਰਾਉਣਗੇ। ਸ੍ਰੀ ਅਕਾਲ ਤਖ਼ਤ ਵਿਖੇ ਅਖੰਡ ਪਾਠ ਦੌਰਾਨ ਤਿੰਨ ਦਿਨ ਸਾਰਾਗੜ੍ਹੀ ਨਿਵਾਸ ਤੋਂ ਘੰਟਾ ਘਰ ਤਕ ਰੋਜ਼ਾਨਾ ਝਾੜੂ ਮਾਰਨਗੇ ਅਤੇ ਇਕ ਮਹੀਨਾ ਜਨਤਕ ਸਮਾਗਮਾਂ ਵਿੱਚ ਸੰਗਤ ਨੂੰ ਸੰਬੋਧਨ ਨਹੀਂ ਕਰਨਗੇ। ਇਸ ਦੌਰਾਨ 28 ਸਤੰਬਰ ਨੂੰ ਹੋਣ ਵਾਲੇ ਬਜਟ ਸਮਾਗਮ ਵਿਚ ਇਸ ਆਦੇਸ਼ ਤੋਂ ਛੋਟ ਦਿੱਤੀ ਗਈ ਹੈ। ਇਹ ਵੀ ਆਦੇਸ਼ ਕੀਤਾ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਆਪਣੇ ਫੈਸਲੇ ਇਕੋ ਵਾਰ ਕਰੇ। ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਉਹ ਅਤੇ ਉਨ੍ਹਾਂ ਦੇ ਸਾਥੀ ਸਵੈ ਇੱਛਾ ਨਾਲ ਖਿਮਾ ਯਾਚਨਾ ਕਰਨ ਆਏ ਹਨ।
ਪੰਥ ਵਿਚੋਂ ਛੇਕੇ ਸੁੱਚਾ ਸਿੰਘ ਲੰਗਾਹ ਨਾਲ ਸਬੰਧ ਰੱਖਣ ਦੇ ਦੋਸ਼ ਹੇਠ ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ, ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਮੈਂਬਰ ਰਤਨ ਸਿੰਘ ਜਫਰਵਾਲ ਅਤੇ ਸਿਖ ਆਗੂ ਪ੍ਰੋ. ਸਰਚਾਂਦ ਸਿੰਘ ਨੂੰ ਧਾਰਮਿਕ ਤਨਖ਼ਾਹ ਲਾਈ ਗਈ ਹੈ। ਸੰਗਤ ਨੂੰ ਆਦੇਸ਼ ਦਿੱਤਾ ਹੈ ਕਿ ਜਦੋਂ ਤਕ ਇਹ ਸੇਵਾ ਪੂਰੀ ਨਹੀਂ ਕਰਦੇ, ਇਨ੍ਹਾਂ ਨਾਲ ਸਬੰਧ ਨਾ ਰੱਖਿਆ ਜਾਵੇ। ਜਥੇਦਾਰ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦਿੱਤਾ ਹੈ ਕਿ ਬੀਤੇ ਦਿਨ ਧਰਨੇ ਦੇ ਸਮਰਥਨ ਵਿੱਚ ਆਏ ਇਕ ਨਿਹੰਗ ਸਿੰਘ ਦੀ ਦਸਤਾਰ ਦੀ ਬੇਅਦਬੀ ਕਰਨ ਦੇ ਮਾਮਲੇ ’ਚ ਸ਼੍ਰੋਮਣੀ ਕਮੇਟੀ ਕਰਮਚਾਰੀਆਂ ਨੂੰ ਅੰਮ੍ਰਿਤ ਸੰਚਾਰ ਵਾਲੇ ਦਿਨ ਪੰਜ ਪਿਆਰਿਆਂ ਕੋਲ ਖਿਮਾ ਯਾਚਨਾ ਲਈ ਪੇਸ਼ ਕੀਤਾ ਜਾਵੇ। 328 ਸਰੂਪਾਂ ਦੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਜਾਂਚ ਕਮੇਟੀ ਵੱਲੋਂ ਦੋਸ਼ੀ ਠਹਿਰਾਏ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਵੀ ਅੱਜ ਖਿਮਾ ਯਾਚਨਾ ਲਈ ਪੇਸ਼ ਹੋਣ ਵਾਸਤੇ ਅਪੀਲ ਕੀਤੀ ਸੀ ਪਰ ਉਨ੍ਹਾਂ ਵਿਚੋਂ ਕੋਈ ਵੀ ਇੱਥੇ ਨਹੀਂ ਪੁੱਜਾ ਸੀ।
ਕਿਸਾਨਾਂ ਲਈ ਨੁਕਸਾਨਦੇਹ ਕਾਨੂੰਨ ਸਰਕਾਰਾਂ ਲਾਗੂ ਨਾ ਕਰਨ: ਜਥੇਦਾਰ
ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਜਿਹੜੇ ਕਾਨੂੰਨਾਂ ਨਾਲ ਕਿਸਾਨੀ ਨੂੰ ਨੁਕਸਾਨ ਪੁੱਜਦਾ ਹੈ, ਸਰਕਾਰਾਂ ਨੂੰ ਉਹ ਕਾਨੂੰਨ ਲਾਗੂ ਨਹੀਂ ਕਰਨੇ ਚਾਹੀਦੇ। ਅੱਜ ਇੱਥੇ ਸ੍ਰੀ ਅਕਾਲ ਤਖਤ ਦੇ ਸਕੱਤਰੇਤ ’ਚ ਖੇਤੀ ਬਿੱਲਾਂ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਸਾਨੀ ਨੂੰ ਬਚਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਦੀ ਆਰਥਿਕਤਾ ਨੂੰ ਬਚਾਉਣਾ ਹੈ ਅਤੇ ਲੋਕਾਂ ਦੇ ਜੀਵਨ ਪੱਧਰ ਨੂੰ ਉਚਾ ਚੁੱਕਣਾ ਹੈ ਤਾਂ ਕਿਸਾਨੀ ਨੂੰ ਬਚਾਉਣਾ ਪਵੇਗਾ। ਸਰਕਾਰਾਂ ਅਜਿਹੇ ਕਾਨੂੰਨ ਪਾਸ ਨਾ ਕਰਨ ਜਿਸ ਨਾਲ ਕਿਸਾਨੀ ਨੂੰ ਨੁਕਸਾਨ ਹੁੰਦਾ ਹੈ। ਇਸੇ ਦੌਰਾਨ ਉਨ੍ਹਾਂ ਇਕ ਆਦੇਸ਼ ਜਾਰੀ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਿਰਧ ਸਰੂਪਾਂ ਦੇ ਸਸਕਾਰ ਲਈ ਵਿਸ਼ਵ ਭਰ ਵਿੱਚ ਚੱਲ ਰਹੇ ਅੰਗੀਠਿਆਂ ’ਤੇ ਰੋਕ ਲਾਈ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਦੇਹਰਾਦੂਨ ਦੇ ਖੁਸ਼ਹਾਲਪੁਰ, ਦਿੱਲੀ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਈ ਭਾਗੋ ਅਤੇ ਮੱਧ ਪ੍ਰਦੇਸ਼ ਦੇ ਭੋਪਾਲ ’ਚ ਚਲ ਰਹੇ ਅੰਗੀਠਿਆਂ ਦੀ ਜਾਂਚ ਕਰਾਉਣ ਵਾਸਤੇ ਆਖਿਆ ਹੈ।