Pargat Singh Doaba Congress: ਪਰਗਟ ਸਿੰਘ ਦੇ ਪ੍ਰਧਾਨ ਬਣਨ ਨਾਲ ਦੋਆਬੇ ’ਚ ਕਾਂਗਰਸ ਨੂੰ ਮਜ਼ਬੂਤੀ ਮਿਲਣ ਦੇ ਆਸਾਰ
16 ਸਾਲ ਬਾਅਦ ਮੁੜ ਦੋਆਬੇ ਦੇ ਆਗੂ ਨੂੰ ਮਿਲੀ ਪੰਜਾਬ ਕਾਂਗਰਸ ਦੀ ਕਮਾਨ
Pargat Singh Doaba Congress: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨਗੀ 16 ਸਾਲਾਂ ਬਾਅਦ ਮੁੜ ਦੋਆਬੇ ਨੂੰ ਮਿਲਣ ਨਾਲ ਜਲੰਧਰ ਵਿੱਚ ਕਾਂਗਰਸੀ ਆਗੂਆਂ ਅਤੇ ਵਰਕਰਾਂ ਵਿੱਚ ਉਤਸ਼ਾਹ ਦਾ ਮਾਹੌਲ ਹੈ। ਜਲੰਧਰ ਕੈਂਟ ਤੋਂ ਤੀਜੀ ਵਾਰ ਵਿਧਾਇਕ ਬਣੇ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦੀ ਕਮਾਨ ਮਿਲਣ ਮਗਰੋਂ ਪਾਰਟੀ ਦੇ ਸਥਾਨਕ ਆਗੂਆਂ ਵਿੱਚ ਨਵੀਂ ਸਰਗਰਮੀ ਦਿਖਾਈ ਦੇ ਰਹੀ ਹੈ।
ਲੰਮੇ ਸਮੇਂ ਤੋਂ ਅੰਦਰੂਨੀ ਖਿੱਚੋਤਾਣ ਕਾਰਨ ਪਾਰਟੀ ਦੀਆਂ ਗਤੀਵਿਧੀਆਂ ਪ੍ਰਭਾਵਿਤ ਰਹੀਆਂ ਹਨ। ਹੁਣ ਪਰਗਟ ਸਿੰਘ ਦੀ ਨਿਯੁਕਤੀ ਮਗਰੋਂ ਦੋਆਬੇ ਨਾਲ ਸਬੰਧਤ ਕਈ ਆਗੂਆਂ ਵੱਲੋਂ ਉਨ੍ਹਾਂ ਨਾਲ ਕੰਮ ਕਰਨ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਪਾਰਟੀ ਦੇ ਸੂਤਰਾਂ ਮੁਤਾਬਕ ਦੋਆਬੇ ਦੇ ਲਗਪਗ ਸਾਰੇ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਨਾਲ ਪਰਗਟ ਸਿੰਘ ਦੇ ਸਬੰਧ ਸੁਖਾਵੇਂ ਹਨ।
ਦੋਆਬੇ ਦੇ ਕਈ ਆਗੂਆਂ ਨਾਲ ਸਿਆਸੀ ਤੇ ਨਿੱਜੀ ਸਬੰਧ
ਕਪੂਰਥਲਾ ਤੋਂ ਰਾਣਾ ਗੁਰਜੀਤ ਸਿੰਘ ਨਾਲ ਪਰਗਟ ਸਿੰਘ ਦੇ ਸਿਆਸੀ ਸਬੰਧਾਂ ਦੇ ਨਾਲ-ਨਾਲ ਭੁਲੱਥ ਦੇ ਸੁਖਪਾਲ ਸਿੰਘ ਖਹਿਰਾ ਨਾਲ ਵੀ ਉਨ੍ਹਾਂ ਦੀ ਨੇੜਤਾ ਦੱਸੀ ਜਾਂਦੀ ਹੈ। ਇਸੇ ਤਰ੍ਹਾਂ ਜਲੰਧਰ ਉੱਤਰੀ ਤੋਂ ਬਾਵਾ ਹੈਨਰੀ ਨਾਲ ਸਿਆਸੀ ਸਾਂਝ ਹੈ, ਜਦਕਿ ਸ਼ਾਹਕੋਟ ਦੇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨਾਲ ਉਨ੍ਹਾਂ ਦੇ ਪਰਿਵਾਰਕ ਸਬੰਧ ਹਨ।
ਪਰਗਟ ਸਿੰਘ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਵਿੱਚ ਕੈਬਨਿਟ ਮੰਤਰੀ ਵੀ ਰਹਿ ਚੁੱਕੇ ਹਨ। ਚੰਨੀ ਇਸ ਵੇਲੇ ਜਲੰਧਰ ਤੋਂ ਲੋਕ ਸਭਾ ਮੈਂਬਰ ਹਨ। ਅਜਿਹੇ ਵਿੱਚ ਚੰਨੀ ਦੀ ਸਿਆਸੀ ਸਾਂਝ ਵੀ ਪਰਗਟ ਸਿੰਘ ਲਈ ਮਹੱਤਵਪੂਰਨ ਮੰਨੀ ਜਾ ਰਹੀ ਹੈ।
ਹਾਕੀ ਓਲੰਪੀਅਨ ਤੋਂ ਪੰਜਾਬ ਪੁਲੀਸ ਦੇ ਐੱਸ ਪੀ ਅਤੇ ਫਿਰ ਸਿਆਸਤ ਤੱਕ
ਜਲੰਧਰ ਕੈਂਟ ਤੋਂ ਤੀਜੀ ਵਾਰ ਵਿਧਾਇਕ ਬਣੇ ਪਰਗਟ ਸਿੰਘ ਨੇ ਆਪਣਾ ਸਿਆਸੀ ਸਫ਼ਰ ਸ਼੍ਰੋਮਣੀ ਅਕਾਲੀ ਦਲ ਤੋਂ ਸ਼ੁਰੂ ਕੀਤਾ ਸੀ। ਉਹ ਹਾਕੀ ਦੇ ਓਲੰਪੀਅਨ ਰਹੇ ਹਨ ਅਤੇ ਪੰਜਾਬ ਪੁਲੀਸ ਵਿੱਚ ਐੱਸ ਪੀ ਵਜੋਂ ਵੀ ਸੇਵਾ ਨਿਭਾਅ ਚੁੱਕੇ ਹਨ। ਇਸ ਤੋਂ ਇਲਾਵਾ ਉਹ ਪੰਜਾਬ ਦੇ ਡਾਇਰੈਕਟਰ ਸਪੋਰਟਸ ਵੀ ਰਹੇ ਹਨ।
ਹਾਕੀ ਅਤੇ ਪੁਲੀਸ ਦੇ ਪਿਛੋਕੜ ਕਾਰਨ ਉਨ੍ਹਾਂ ਨੂੰ ਮੈਦਾਨੀ ਪੱਧਰ ’ਤੇ ਜਥੇਬੰਦੀ ਚਲਾਉਣ ਅਤੇ ਸਰਗਰਮੀਆਂ ਨੂੰ ਸੰਭਾਲਣ ਦਾ ਤਜਰਬਾ ਹੈ। ਹੁਣ ਪੰਜਾਬ ਕਾਂਗਰਸ ਦੀ ਕਮਾਨ ਮਿਲਣ ਮਗਰੋਂ ਇਹ ਤਜਰਬਾ ਪਾਰਟੀ ਦੇ ਸੰਗਠਨ ਵਿੱਚ ਵਰਤਣ ਦੀ ਉਮੀਦ ਕੀਤੀ ਜਾ ਰਹੀ ਹੈ।
ਰਾਜਾ ਵੜਿੰਗ ਨਾਲ ਨਹੀਂ ਰਹੇ ਸੁਖਾਵੇਂ ਸਬੰਧ
ਪਰਗਟ ਸਿੰਘ ਦੇ ਪਿਛਲੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਸਬੰਧ ਸੁਖਾਵੇਂ ਨਹੀਂ ਰਹੇ। ਕਰੀਬ ਇੱਕ ਸਾਲ ਪਹਿਲਾਂ ਇੱਕ ਰੈਲੀ ਦੌਰਾਨ ਵੜਿੰਗ ਉਨ੍ਹਾਂ ਨੂੰ ਮਨਾਉਣ ਲਈ ਉਨ੍ਹਾਂ ਦੇ ਘਰ ਵੀ ਗਏ ਸਨ ਪਰ ਦੋਵਾਂ ਵਿਚਾਲੇ ਸਬੰਧਾਂ ਵਿੱਚ ਬਹੁਤਾ ਸੁਧਾਰ ਨਹੀਂ ਆਇਆ।
ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਦੌਰਾਨ ਪਰਗਟ ਸਿੰਘ ਨੇ ਸਾਬਕਾ ਵਿਧਾਇਕ ਭਾਰਤ ਭੂਸ਼ਣ ਆਸ਼ੂ ਦੀ ਹਮਾਇਤ ਕੀਤੀ ਸੀ, ਜਦਕਿ ਰਾਜਾ ਵੜਿੰਗ ਹੋਰ ਧੜੇ ਨਾਲ ਖੜ੍ਹੇ ਸਨ। ਇਸ ਤੋਂ ਇਲਾਵਾ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਪਰਗਟ ਸਿੰਘ ਆਨੰਦਪੁਰ ਸਾਹਿਬ ਹਲਕੇ ਤੋਂ ਚੋਣ ਲੜਨਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਮੌਕਾ ਨਾ ਮਿਲਣ ਕਾਰਨ ਉਹ ਨਾਰਾਜ਼ ਵੀ ਹੋਏ ਸਨ।
ਪਾਰਟੀ ਅੰਦਰ ਲੰਮੇ ਸਮੇਂ ਤੋਂ ਪ੍ਰਧਾਨਗੀ ਵਿੱਚ ਤਬਦੀਲੀ ਦੀ ਮੰਗ ਅਤੇ ਉਮੀਦ ਲਾਈ ਜਾ ਰਹੀ ਸੀ। ਹੁਣ ਪਰਗਟ ਸਿੰਘ ਨੂੰ ਕਮਾਨ ਮਿਲਣ ਮਗਰੋਂ ਦੋਆਬੇ ਦੇ ਨਾਲ-ਨਾਲ ਪੰਜਾਬ ਕਾਂਗਰਸ ਦੇ ਸੰਗਠਨ ਵਿੱਚ ਵੀ ਨਵੀਂ ਸਰਗਰਮੀ ਦੀ ਉਮੀਦ ਜਤਾਈ ਜਾ ਰਹੀ ਹੈ।

