Pakistani Minor Attari Border: ਅਟਾਰੀ ਸਰਹੱਦ ਰਸਤੇ ਪਾਕਿਸਤਾਨੀ ਨੌਜਵਾਨ ਨੂੰ ਵਤਨ ਵਾਪਸ ਭੇਜਿਆ
2024 ’ਚ ਗੈਰ-ਕਾਨੂੰਨੀ ਢੰਗ ਨਾਲ ਭਾਰਤ ਵੜਿਆ ਸੀ ਨਾਬਾਲਗ
ਜੂਨ 2024 ਵਿੱਚ ਨਾਬਾਲਗ ਹੁੰਦਿਆਂ ਬਿਨਾਂ ਕਿਸੇ ਵੈਧ (Valid) ਪਾਸਪੋਰਟ ਜਾਂ ਦਸਤਾਵੇਜ਼ਾਂ ਦੇ ਗੈਰ-ਕਾਨੂੰਨੀ ਢੰਗ ਨਾਲ ਭਾਰਤੀ ਸਰਹੱਦ ਵਿੱਚ ਦਾਖਲ ਹੋਏ ਇੱਕ ਪਾਕਿਸਤਾਨੀ ਨਾਗਰਿਕ ਨੂੰ ਅੱਜ ਅਟਾਰੀ ਸਰਹੱਦ ਰਸਤੇ ਉਸ ਦੇ ਵਤਨ ਵਾਪਸ ਭੇਜ ਦਿੱਤਾ ਗਿਆ ਹੈ। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ (DLSA), ਫਰੀਦਕੋਟ ਨੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ’ਤੇ ਇਸ ਪੂਰੀ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਿਆ। ਇਹ ਨੌਜਵਾਨ ਫਿਰੋਜ਼ਪੁਰ ਸਰਹੱਦ ਰਸਤੇ ਭਾਰਤ ਵਿੱਚ ਦਾਖਲ ਹੋਇਆ ਸੀ, ਜਿਸ ਤੋਂ ਬਾਅਦ ਜੁਵੇਨਾਈਲ ਜਸਟਿਸ ਬੋਰਡ, ਫਿਰੋਜ਼ਪੁਰ ਵੱਲੋਂ ਉਸ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਸਾਲ 2025 ਵਿੱਚ ਉਸ ਦੇ ਕੇਸ ਦਾ ਫੈਸਲਾ ਹੋਇਆ। ਹਿਰਾਸਤ ਦੌਰਾਨ ਹੀ ਉਹ ਬਾਲਗ (18 ਸਾਲ ਤੋਂ ਵੱਧ) ਹੋ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਓਬਜ਼ਰਵੇਸ਼ਨ ਹੋਮ ਫਰੀਦਕੋਟ ਦੇ ਅੰਦਰ ਬਣੇ ‘ਪਲੇਸ ਆਫ਼ ਸੇਫਟੀ’ ਵਿੱਚ ਵੱਖਰੀ ਸੈੱਲ ’ਚ ਰੱਖਿਆ ਗਿਆ ਸੀ। ‘ਪਲੇਸ ਆਫ਼ ਸੇਫਟੀ’ ਬਾਲ ਨਿਆਂ ਪ੍ਰਣਾਲੀ ਅਧੀਨ ਇੱਕ ਸੁਰੱਖਿਅਤ ਅਤੇ ਵਿਸ਼ੇਸ਼ ਸੰਸਥਾ ਹੈ, ਜੋ ਆਮ ਜੇਲ੍ਹਾਂ ਨਾਲੋਂ ਵੱਖਰੀ ਹੁੰਦੀ ਹੈ।
ਆਪਣੀ ਸਜ਼ਾ ਅਤੇ ਹੋਰ ਕਾਨੂੰਨੀ ਰਸਮੀ ਕਾਰਵਾਈਆਂ ਪੂਰੀਆਂ ਹੋਣ ਤੋਂ ਬਾਅਦ, ਕੇਂਦਰੀ ਵਿਦੇਸ਼ ਮੰਤਰਾਲੇ ਦੀ ਮਨਜ਼ੂਰੀ ਮਿਲਣ ’ਤੇ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਡੀ.ਐੱਲ.ਐੱਸ.ਏ. ਫਰੀਦਕੋਟ ਸੰਜੇ ਅਗਨੀਹੋਤਰੀ ਦੇ ਨਿਰਦੇਸ਼ਾਂ ਹੇਠ ਵਤਨ ਵਾਪਸੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ।
ਮੁੱਖ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਡੀ.ਐੱਲ.ਐੱਸ.ਏ. ਗੁਰਪ੍ਰੀਤ ਕੌਰ ਦੀ ਦੇਖਰੇਖ ਹੇਠ ਓਬਜ਼ਰਵੇਸ਼ਨ ਹੋਮ ਦੇ ਸੁਪਰਡੈਂਟ ਅਤੇ ਸਟਾਫ਼ ਵੱਲੋਂ ਉਸ ਨੂੰ ਅਟਾਰੀ ਸਰਹੱਦ ’ਤੇ ਪਾਕਿਸਤਾਨੀ ਰੇਂਜਰਜ਼ ਦੇ ਹਵਾਲੇ ਕੀਤਾ ਗਿਆ।
ਰਵਾਨਗੀ ਤੋਂ ਪਹਿਲਾਂ ਸੀ.ਜੇ.ਐੱਮ. ਵੱਲੋਂ ਉਸ ਨੂੰ ਮਿਠਾਈ, ਫਲ ਅਤੇ ਕੱਪੜੇ ਭੇਟ ਕੀਤੇ ਗਏ ਅਤੇ ਉਸ ਦੇ ਸੁਖਾਵੇਂ ਭਵਿੱਖ ਦੀ ਕਾਮਨਾ ਕੀਤੀ ਗਈ। ਨਾਲ ਹੀ ਉਸ ਨੂੰ ਭਵਿੱਖ ਵਿੱਚ ਕਿਸੇ ਵੀ ਗੈਰ-ਕਾਨੂੰਨੀ ਗਤੀਵਿਧੀ ਵਿੱਚ ਸ਼ਾਮਲ ਨਾ ਹੋਣ ਅਤੇ ਬਿਨਾਂ ਵੈਧ ਦਸਤਾਵੇਜ਼ਾਂ ਦੇ ਕੌਮਾਂਤਰੀ ਸਰਹੱਦ ਨੇੜੇ ਨਾ ਜਾਣ ਦੀ ਹਦਾਇਤ ਵੀ ਦਿੱਤੀ ਗਈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਪਰੈਲ 2024 ਵਿੱਚ ਵੀ ਦੋ ਪਾਕਿਸਤਾਨੀ ਨੌਜਵਾਨਾਂ ਨੂੰ ਆਪਣੀ ਸਜ਼ਾ ਪੂਰੀ ਕਰਨ ਤੋਂ ਬਾਅਦ ਅਟਾਰੀ ਸਰਹੱਦ ਰਸਤੇ ਵਾਪਸ ਭੇਜਿਆ ਗਿਆ ਸੀ।

