ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 20 ਸਤੰਬਰ
ਡੈਮੋਕਰੇਟਿਕ ਟੀਚਰ ਫਰੰਟ (ਡੀਟੀਐਫ) ਨੇ 25 ਸਤੰਬਰ ਤਕ ਸਾਰੇ ਸਰਕਾਰੀ ਮੁਲਾਜ਼ਮਾਂ ਦੇ ਕਰੋਨਾ ਸਬੰਧੀ ਨਿਰੀਖਣ ਕਰਾਉਣ ਦੇ ਹੁਕਮਾਂ ਦੀ ਆਲੋਚਨਾ ਕਰਦਿਆਂ ਇਸ ਨੂੰ ਧੱਕਾ ਕਰਾਰ ਦਿੱਤਾ ਹੈ। ਇਹ ਕਾਰਵਾਈ ਅੱਜ ਡੀਟੀਐਫ ਦੀ ਇਕ ਮੀਟਿੰਗ ਦੌਰਾਨ ਕੀਤੀ ਗਈ। ਇਹ ਮੀਟਿੰਗ ਜ਼ਿਲਾ ਪ੍ਰਧਾਨ ਅਸ਼ਵਨੀ ਅਵਸਥੀ ਦੀ ਅਗਵਾਈ ਹੇਠ ਹੋਈ।
ਮੀਟਿੰਗ ਉਪਰੰਤ ਸ੍ਰੀ ਅਵਸਥੀ ਨੇ ਦੱਸਿਆ ਕਿ ਮੀਟਿੰਗ ਦੌਰਾਨ ਅੰਮ੍ਰਿਤਸਰ ਪ੍ਰਸ਼ਾਸਨ ਵਲੋਂ ਸਰਕਾਰੀ ਮੁਲਾਜ਼ਮ ਨੂੰ ਕਰੋਨਾ ਟੈਸਟ ਕਰਾਉਣ ਸਬੰਧੀ ਕੀਤੇ ਗਏ ਆਦੇਸ਼ਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਇਨ੍ਹਾਂ ਆਦੇਸ਼ਾਂ ਦੀ ਨਿਖੇਧੀ ਕੀਤੀ ਗਈ ਹੈ। ਉਨ੍ਹਾਂ ਆਖਿਆ ਕਿ ਜਦੋਂ ਤੋਂ ਕਰੋਨਾ ਆਇਆ ਹੈ, ਮੁਲਾਜ਼ਮਾਂ ਨੇ ਸਰਕਾਰ ਦੇ ਸਾਰੇ ਹੁਕਮਾਂ ਦੀ ਪਾਲਣਾ ਕੀਤੀ ਹੈ। ਫਿਰ ਵੀ ਕਰੋਨਾ ਦਾ ਕਹਿਰ ਜਾਰੀ ਹੈ। ਇਸ ਲਈ ਸਰਕਾਰ ਨੂੰ ਆਪਣੀ ਰਣਨੀਤੀ ਬਦਲਣ ਦੀ ਲੋੜ ਹੈ।