ਗੁਰਸ਼ਰਨ ਭਾਅਜੀ ਦਾ ਜੱਦੀ ਘਰ ਢਾਹੁਣ ਦਾ ਵੱਖ ਵੱਖ ਧਿਰਾਂ ਵੱਲੋਂ ਵਿਰੋਧ

ਨਿਗਮ ਨੇ ਘਰ ਦੇ ਬਾਹਰ ਢਾਹੁਣ ਜਾਂ ਉਸਾਰੀ ਤੋਂ ਰੋਕਣ ਸਬੰਧੀ ਨੋਟਿਸ ਲਾਇਆ; ਭਾਅਜੀ ਦੇ ਘਰ ਨੂੰ ਮਿਊਜ਼ੀਅਮ ਬਣਾਉਣ ਦੀ ਮੰਗ ਉੱਠੀ

ਗੁਰਸ਼ਰਨ ਭਾਅਜੀ ਦਾ ਜੱਦੀ ਘਰ ਢਾਹੁਣ ਦਾ ਵੱਖ ਵੱਖ ਧਿਰਾਂ ਵੱਲੋਂ ਵਿਰੋਧ

ਨਾਟਕਕਾਰ ਗੁਰਸ਼ਰਨ ਭਾਅਜੀ ਦਾ ਅੰਮ੍ਰਿਤਸਰ ਦੇ ਪੁਤਲੀਘਰ ਨੇੜੇ ਰਣਜੀਤ ਪੁਰਾ ਇਲਾਕੇ ਵਿੱਚ ਸਥਿਤ ਘਰ। -ਫੋਟੋ: ਵਿਸ਼ਾਲ ਕੁਮਾਰ

ਜਗਤਾਰ ਿਸੰਘ ਲਾਂਬਾ

ਅੰਮ੍ਰਿਤਸਰ, 25 ਮਈ

ਉੱਘੇ ਇਨਕਲਾਬੀ ਨਾਟਕਕਾਰ ਤੇ ਚਿੰਤਕ ਗੁਰਸ਼ਰਨ ਭਾਅਜੀ (ਭਾਈ ਮੰਨਾ ਸਿੰਘ) ਦੇ ਜੱਦੀ ਘਰ ਨੂੰ ਯਾਦਗਾਰੀ ਮਿਊਜ਼ੀਅਮ ਬਣਾਉਣ ਅਤੇ ਇਸ ਨੂੰ ਵਿਰਾਸਤੀ ਦਰਜਾ ਦੇਣ ਦੀ ਮੰਗ ਉੱਠਣ ਲੱਗੀ ਹੈ। ਅੱਜ ਨਗਰ ਨਿਗਮ ਨੇ ਵੀ ਇਸ ਘਰ ਦੀ ਇਮਾਰਤ ਦੇ ਬਾਹਰ ਇਸ ਨੂੰ ਢਾਹੁਣ ਜਾਂ ਉਸਾਰੀ ’ਤੇ ਰੋਕ ਸਬੰਧੀ ਨੋਟਿਸ ਲਾ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਗੁਰਸ਼ਰਨ ਭਾਅਜੀ ਦਾ ਇਹ ਘਰ ਸਥਾਨਕ ਪੁਤਲੀਘਰ ਨੇੜੇ ਰਣਜੀਤ ਪੁਰਾ ਇਲਾਕੇ ਵਿੱਚ ਹੈ, ਜਿਸ ਨੂੰ ਢਹਿ-ਢੇਰੀ ਕਰਨ ਲਈ ਕਾਰਜ ਸ਼ੁਰੂ ਹੋਇਆ ਸੀ। ਅੱਜ ਕਲਾਕਾਰਾਂ, ਲੇਖਕਾਂ ਤੇ ਵਿਦਵਾਨਾਂ ਨੇ ਮੌਕੇ ’ਤੇ ਪੁੱਜ ਕੇ ਇਸ ਦਾ ਵਿਰੋਧ ਕੀਤਾ। ਵਿਰੋਧ ਕਰਨ ਵਾਲਿਆਂ ਵਿੱਚ ਨਾਮਵਰ ਵਿਦਵਾਨ ਡਾ. ਪਰਮਿੰਦਰ, ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ) ਦੇ ਪ੍ਰਧਾਨ ਅਮੋਲਕ ਸਿੰਘ, ਤਰਕਸ਼ੀਲ ਆਗੂ ਸੁਮੀਤ ਸਿੰਘ ਤੇ ਜਸਪਾਲ ਬਾਸਰਕੇ, ਫੋਕਲੋਰ ਰਿਸਰਚ ਅਕੈਡਮੀ ਦੇ ਪ੍ਰਧਾਨ ਰਮੇਸ਼ ਯਾਦਵ ਤੇ ਉੱਘੇ ਰੰਗਕਰਮੀ ਜਸਵੰਤ ਜੱਸ ਆਦਿ ਸ਼ਾਮਲ ਸਨ।

ਇਸ ਦੌਰਾਨ ਉਨ੍ਹਾਂ ਨੇ ਆਖਿਆ ਕਿ ਪਲਸ ਮੰਚ ਦੇ ਬਾਨੀ ਪ੍ਰਧਾਨ ਗੁਰਸ਼ਰਨ ਭਾਅਜੀ ਦਾ ਜੱਦੀ ਘਰ ਗੁਰੂ ਖਾਲਸਾ ਨਿਵਾਸ ਆਪਣੇ ਆਪ ਵਿੱਚ ਹੀ ਇਤਿਹਾਸਕ ਰੰਗਮੰਚ ਦੀ ਅਮੁੱਲੀ ਧਰੋਹਰ ਹੈ। ਇਹ ਮਕਾਨ ਨਹੀਂ ਅਤੇ ਨਾ ਹੀ ਇਹ ਕੋਈ ਜਾਤੀਗਤ ਮਾਮਲਾ ਹੈ। ਇਹ ਅਮੀਰ ਵਿਰਾਸਤ ਹੈ, ਜੋ ਇਨਕਲਾਬੀ, ਲੋਕ ਪੱਖੀ ਰੰਗਮੰਚ ਦੀ ਕੌਮੀ ਯਾਦਗਾਰ ਹੈ। ਇਸ ਨੂੰ ਨਿੱਜੀ ਜਾਇਦਾਦ ਐਲਾਨ ਕਰ ਕੇ ਵੇਚਣਾ ਜਾਂ ਇਸ ਦੇ ਮੂਲ ਸਰੂਪ ਨਾਲ ਛੇੜਛਾੜ ਕਰਨ ਦੀ ਕਿਸੇ ਵੀ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਘਰ ਨੂੰ ਉਨ੍ਹਾਂ ਦੇ ਯਾਦਗਾਰੀ ਮਿਊਜ਼ੀਅਮ ਵਜੋਂ ਸੰਭਾਲਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਇਸ ਮੌਕੇ ਇਨ੍ਹਾਂ ਆਗੂਆਂ ਨੇ ਪ੍ਰਸ਼ਾਸਨ ਵਲੋਂ ਇਸ ਘਰ ਨੂੰ ਢਹਿ-ਢੇਰੀ ਹੋਣ ਤੋਂ ਰੋਕਣ ਲਈ ਲਾਏ ਗਏ ਨੋਟਿਸ ਨੂੰ ਵੀ ਇਕ ਚੰਗਾ ਕਦਮ ਕਰਾਰ ਦਿੱਤਾ।

ਇੱਥੇ ਵਿਰੋਧ ਦੌਰਾਨ ਪੁੱਜੀ ਗੁਰਸ਼ਰਨ ਭਾਅਜੀ ਦੀ ਧੀ ਡਾ. ਅਰੀਤ ਨੇ ਵੀ ਮੰਗ ਕੀਤੀ ਕਿ ਇਸ ਘਰ ਨੂੰ ਉਨ੍ਹਾਂ ਦੀ ਯਾਦਗਾਰ ਵਜੋਂ ਸੰਭਾਲਿਆ ਜਾਵੇ। ਇਹ ਵਿਰਾਸਤ ਦਾ ਹਿੱਸਾ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਇਸ ਯਾਦਗਾਰ ਨੂੰ ਸਾਂਭਣ ਲਈ ਢੁਕਵਾਂ ਸਹਿਯੋਗ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਗੁਰਸ਼ਰਨ ਭਾਅਜੀ ਨੇ ਇੱਥੇ ਆਪਣੀ ਨਾਟਕ ਯਾਤਰਾ ਦੇ ਲਗਪਗ 40 ਸਾਲ ਬਿਤਾਏ ਹਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਸਥਿਤ ਘਰ ਨੂੰ ਵੀ ਸਾਂਭਣ ਦਾ ਯਤਨ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਿਕ ਨਗਰ ਨਿਗਮ ਦੇ ਮਿਉਂਸਿਪਲ ਟਾਊਨ ਪਲਾਨਰ ਵਿਭਾਗ ਦੇ ਸਹਾਇਕ ਟਾਊਨ ਪਲਾਨਰ ਨੇ ਘਰ ਦੇ ਬਾਹਰ ਅੱਜ ਇਕ ਨੋਟਿਸ ਲਾ ਦਿੱਤਾ ਹੈ, ਜਿਸ ਵਿੱਚ ਲਿਖਿਆ ਕਿ ਇਸ ਜੱਦੀ ਜਾਇਦਾਦ ਬਾਰੇ ਕੁਝ ਸ਼ਿਕਾਇਤਾਂ ਨੂੰ ਲੈ ਕੇ ਮਾਮਲਾ ਲੰਬਿਤ ਹੈ। ਇਸ ਲਈ ਕਮਿਸ਼ਨਰ ਦਫ਼ਤਰ ਵੱਲੋਂ ਹੁਕਮ ਹਨ ਕਿ ਇੱਥੇ ਕਿਸੇ ਵੀ ਤਰ੍ਹਾਂ ਦੀ ਨਵੀਂ ਉਸਾਰੀ ਜਾਂ ਇਸ ਨੂੰ ਢਾਹੁਣ ਦਾ ਕੰਮ ਬਿਨਾਂ ਮਨਜ਼ੂਰੀ ਨਾ ਕੀਤਾ ਜਾਵੇ। ਇਹ ਵੀ ਪਤਾ ਲੱਗਾ ਹੈ ਕਿ ਵੱਖ-ਵੱਖ ਅਮਨ ਪਸੰਦ ਜਥੇਬੰਦੀਆਂ ਵੱਲੋਂ ਭਲਕੇ 26 ਮਈ ਨੂੰ ਵਿਰਸਾ ਵਿਹਾਰ ਵਿੱਚ ਇਕ ਮੀਟਿੰਗ ਕਰ ਕੇ ਜੱਦੀ ਘਰ ਨੂੰ ਢਹਿ-ਢੇਰੀ ਹੋਣ ਤੋਂ ਬਚਾਉਣ ਤੇ ਇਸ ਨੂੰ ਯਾਦਗਾਰ ਬਣਾਉਣ ਲਈ ਕਾਰਵਾਈ ਦੀ ਰੂਪ-ਰੇਖਾ ਬਾਰੇ ਵਿਚਾਰ ਕੀਤਾ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਖ਼ਸੀ ਪੂਜਾ ਦੇ ਸਮਿਆਂ ਵਿਚ

ਸ਼ਖ਼ਸੀ ਪੂਜਾ ਦੇ ਸਮਿਆਂ ਵਿਚ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਸ਼ਹਿਰ

View All