ਲਾਹੌਰ ਬੋਰਡ ਦੀ ਮੈਟ੍ਰਿਕ ਪ੍ਰੀਖਿਆ ’ਚ ਲਹਿੰਦੇ ਪੰਜਾਬ ’ਚੋਂ ਦੂਜਾ ਸਥਾਨ ਹਾਸਲ ਕਰਨ ਵਾਲੇ ਉਂਕਾਰ ਸਿੰਘ ਦਾ SGPC ਵੱਲੋਂ ਕੀਤਾ ਜਾਵੇਗਾ ਸਨਮਾਨ
ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਦਿੱਤੀ ਜਾਣਕਾਰੀ, ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵਿੱਚ ਲਿਆ ਗਿਆ ਸੀ ਫ਼ੈਸਲਾ
ਲਾਹੌਰ ਬੋਰਡ ਆਫ਼ ਇੰਟਰਮੀਡੀਏਟ ਐਂਡ ਸੈਕੰਡਰੀ ਐਜੂਕੇਸ਼ਨ ਦੀਆਂ ਸਲਾਨਾ ਮੈਟ੍ਰਿਕ ਪ੍ਰੀਖਿਆਵਾਂ ਵਿੱਚ ਪਾਕਿਸਤਾਨ ਸਥਿਤ ਲਹਿੰਦੇ ਪੰਜਾਬ ਸੂਬੇ ਵਿੱਚੋਂ ਦੂਜਾ ਸਥਾਨ ਹਾਸਲ ਕਰਨ ਵਾਲੇ ਸਿੱਖ ਵਿਦਿਆਰਥੀ ਉਂਕਾਰ ਸਿੰਘ ਦੀ ਸ਼ਾਨਦਾਰ ਵਿੱਦਿਅਕ ਪ੍ਰਾਪਤੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਸ ਦੀ ਹੌਸਲਾ-ਅਫ਼ਜ਼ਾਈ ਵਾਸਤੇ 51 ਹਜ਼ਾਰ ਰੁਪਏ ਦੀ ਰਾਸ਼ੀ ਨਾਲ ਸਨਮਾਨ ਕੀਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ਅਨੁਸਾਰ ਬੀਤੇ ਦਿਨੀਂ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵਿੱਚ ਇਹ ਫ਼ੈਸਲਾ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਉਂਕਾਰ ਸਿੰਘ ਨੇ ਇਸ ਤੋਂ ਪਹਿਲਾਂ ਨੌਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿੱਚ ਵੀ ਦੂਜਾ ਸਥਾਨ ਹਾਸਲ ਕੀਤਾ ਸੀ ਅਤੇ ਉਹ ਲਗਾਤਾਰ ਵਿੱਦਿਅਕ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਂਕਾਰ ਸਿੰਘ ਦੇ ਪਿਤਾ ਡਾ. ਮਿਮਪਾਲ ਸਿੰਘ, ਜੋ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਨ, ਖ਼ੁਦ ਵੀ ਵਿੱਦਿਅਕ ਅਤੇ ਡਾਕਟਰੀ ਖੇਤਰ ਵਿੱਚ ਵਿਸ਼ੇਸ਼ ਪਛਾਣ ਰੱਖਦੇ ਹਨ। ਉਹ ਪਾਕਿਸਤਾਨ ਦੇ ਪਹਿਲੇ ਸਿੱਖ ਡਾਕਟਰ ਹਨ ਅਤੇ ਉਨ੍ਹਾਂ ਦੀਆਂ ਸੇਵਾਵਾਂ ਲਈ ਪਾਕਿਸਤਾਨ ਸਰਕਾਰ ਵੱਲੋਂ 'ਤਮਗਾ-ਏ-ਇਮਤਿਆਜ਼' ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚ ਸਿੱਖ ਭਾਈਚਾਰਾ ਘੱਟ ਗਿਣਤੀ ਵਿੱਚ ਹੋਣ ਦੇ ਬਾਵਜੂਦ ਉਂਕਾਰ ਸਿੰਘ ਵੱਲੋਂ ਵਿੱਦਿਅਕ ਖੇਤਰ ਵਿੱਚ ਹਾਸਲ ਕੀਤੀ ਇਹ ਮਾਣਮੱਤੀ ਪ੍ਰਾਪਤੀ ਸਮੁੱਚੀ ਸਿੱਖ ਕੌਮ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਉਂਕਾਰ ਸਿੰਘ ਆਪਣੀ ਮਿਹਨਤ ਅਤੇ ਲਿਆਕਤ ਨਾਲ ਸਿੱਖ ਕੌਮ ਦਾ ਨਾਮ ਰੌਸ਼ਨ ਕਰੇਗਾ।

