ਜਨਰੇਟਰ ਦੇ ਧੂੰਏਂ ਨਾਲ ਇੱਕ ਦੀ ਮੌਤ; ਚਾਰ ਹਸਪਤਾਲ ਵਿੱਚ ਜੇਰੇ ਇਲਾਜ
ਬੰਦ ਕਮਰੇ 'ਚ ਜਨਰੇਟਰ ਚਲਾ ਕੇ ਖਾਣਾ ਖਾ ਰਹੇ ਸਨ ਪੰਜੇ ਵਿਅਕਤੀ; ਪੁਲੀਸ ਵੱਲੋਂ ਜਾਂਚ ਸ਼ੁਰੂ
ਅੰਮ੍ਰਿਤਸਰ ਦੇ ਮਹਾਂ ਸਿੰਘ ਗੇਟ ਇਲਾਕੇ ਵਿੱਚ ਸੋਮਵਾਰ ਦੇਰ ਰਾਤ ਇੱਕ ਬੰਦ ਕਮਰੇ ਵਿੱਚ ਜਨਰੇਟਰ ਦੇ ਧੂੰਏਂ ਕਾਰਨ ਬੇਹੋਸ਼ ਹੋਣ ਤੋਂ ਬਾਅਦ ਇੱਕ ਅਧੇੜ ਉਮਰ ਦੇ ਵਿਅਕਤੀ ਦੀ ਮੌਤ ਹੋ ਗਈ ਅਤੇ ਚਾਰ ਹੋਰਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਮ੍ਰਿਤਕ ਦੀ ਪਛਾਣ ਜੋਗਿੰਦਰ ਸਿੰਘ (55) ਵਾਸੀ ਖਾਸਾ ਵਜੋਂ ਹੋਈ ਹੈ।
ਇਹ ਘਟਨਾ ਇਲਾਕੇ ਦੀ ਇੱਕ ਲਾਟਰੀ ਦੀ ਦੁਕਾਨ ’ਤੇ ਸ਼ਾਮ 7 ਵਜੇ ਦੇ ਕਰੀਬ ਵਾਪਰੀ। ਪ੍ਰਾਪਤ ਜਾਣਕਾਰੀ ਅਨੁਸਾਰ ਇਮਾਰਤ ਦੀ ਤੀਜੀ ਮੰਜ਼ਿਲ ’ਤੇ ਇੱਕ ਕਮਰੇ ਵਿੱਚ ਜਨਰੇਟਰ ਰੱਖਿਆ ਹੋਇਆ ਸੀ। ਕਮਰੇ ਵਿੱਚ ਪੰਜ ਵਿਅਕਤੀ ਰੋਟੀ ਖਾ ਰਹੇ ਸਨ, ਜਦੋਂ ਉਨ੍ਹਾਂ ਦੀ ਤਬੀਅਤ ਵਿਗੜ ਗਈ ਅਤੇ ਉਹ ਬੇਹੋਸ਼ ਹੋ ਗਏ।
ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਜੋਗਿੰਦਰ ਸਿੰਘ ਦੀ ਮੌਤ ਹੋ ਗਈ। ਚਾਰ ਹੋਰ ਹੀਰਾ ਲਾਲ, ਸੁਖਦੇਵ, ਆਸ਼ੀਸ਼ ਦੀਪ ਅਤੇ ਜਗਜੀਤ ਇਲਾਜ ਅਧੀਨ ਹਨ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਬੀ-ਡਿਵੀਜ਼ਨ ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬੰਦ ਕਮਰੇ ਵਿੱਚ ਜਨਰੇਟਰ ਦਾ ਧੂੰਆਂ ਇਕੱਠਾ ਹੋਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜੋਗਿੰਦਰ ਸਿੰਘ ਦੇ ਪਰਿਵਾਰ ਵਿੱਚ ਉਸ ਦਾ ਪੁੱਤਰ ਅਤੇ ਨੂੰਹ ਹਨ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।

