ਸ਼ਹੀਦੀ ਪੱਤਣ ਸਮਾਰਕ ਲਈ ਅੱਗੇ ਆਏ NRI; ਇੰਡਸ ਕੈਨੇਡਾ ਫਾਊਂਡੇਸ਼ਨ ਵੱਲੋਂ 1 ਕਰੋੜ ਰੁਪਏ ਦੇਣ ਦਾ ਐਲਾਨ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਤਿਹਾਸਕ ਫ਼ੈਸਲਿਆਂ ਦਾ ਕੀਤਾ ਸਵਾਗਤ
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹਰੀਕੇ ਪੱਤਣ ਵਿਖੇ ਭਾਈ ਜਸਵੰਤ ਸਿੰਘ ਖ਼ਾਲੜਾ ਅਤੇ ਪੰਜਾਬ ਵਿੱਚ ਅਤਿਵਾਦ ਦੇ ਦੌਰ ਦੌਰਾਨ ਹੋਈ ਹਿੰਸਾ, ਲਾਪਤਾ ਹੋਏ ਵਿਅਕਤੀਆਂ ਤੇ ਪੀੜਤਾਂ ਦੀ ਯਾਦ ਵਿੱਚ ਕੀਤੇ ਗਏ ਇਤਿਹਾਸਕ ਫ਼ੈਸਲਿਆਂ ਦਾ ਸਵਾਗਤ ਕਰਦਿਆਂ, ਇੰਡਸ ਕੈਨੇਡਾ ਫਾਊਂਡੇਸ਼ਨ (ਆਈ ਸੀ ਐੱਫ) ਨੇ ਪ੍ਰਸਤਾਵਿਤ ਸ਼ਹੀਦੀ ਪੱਤਣ ਸਮਾਰਕ ਦੇ ਨਿਰਮਾਣ ਲਈ ਇੱਕ ਕਰੋੜ ਰੁਪਏ ਦੇ ਯੋਗਦਾਨ ਦਾ ਐਲਾਨ ਕੀਤਾ ਹੈ।
ਆਈ ਸੀ ਐੱਫ ਦੇ ਪ੍ਰਧਾਨ ਵਿਕਰਮ ਬਾਜਵਾ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਐਲਾਨੇ ਗਏ ਸਾਰੇ ਫ਼ੈਸਲਿਆਂ ਦਾ ਪੂਰਾ ਸਮਰਥਨ ਕਰਦੀ ਹੈ। ਇਨ੍ਹਾਂ ਵਿੱਚ ਹਰੀਕੇ ਪੱਤਣ ਨੂੰ "ਸ਼ਹੀਦੀ ਪੱਤਣ" ਦਾ ਦਰਜਾ ਦੇਣਾ, ਉੱਥੇ ਸਥਾਈ ਸਮਾਰਕ ਦੀ ਉਸਾਰੀ ਕਰਨਾ ਅਤੇ ਸਾਲ 1982 ਤੋਂ 1995 ਦੌਰਾਨ ਸ਼ਹੀਦ ਮੰਨੇ ਜਾਂਦੇ, ਲਾਪਤਾ ਹੋਏ ਅਤੇ ਕਥਿਤ ਤੌਰ 'ਤੇ "ਲਾਵਾਰਿਸ" ਦੱਸ ਕੇ ਸਸਕਾਰ ਕੀਤੇ ਗਏ ਲੋਕਾਂ ਦਾ ਰਿਕਾਰਡ ਤਿਆਰ ਕਰਨਾ ਸ਼ਾਮਲ ਹੈ।
ਬਾਜਵਾ ਨੇ ਐਲਾਨ ਕੀਤਾ ਕਿ ਇੰਡਸ ਕੈਨੇਡਾ ਫਾਊਂਡੇਸ਼ਨ ਇਸ ਸਮਾਰਕ ਲਈ ਵਿਸ਼ਵ ਪੱਧਰ 'ਤੇ ਫੰਡ ਇਕੱਠਾ ਕਰਨ ਦੀ ਮੁਹਿੰਮ ਸ਼ੁਰੂ ਕਰੇਗੀ। ਇਸ ਤਹਿਤ ਅਮਰੀਕਾ, ਕੈਨੇਡਾ, ਬ੍ਰਿਟੇਨ ਅਤੇ ਆਸਟਰੇਲੀਆ ਸਮੇਤ ਹੋਰਨਾਂ ਦੇਸ਼ਾਂ ਵਿੱਚ ਸਥਿਤ ਸਿੱਖ ਸੰਸਥਾਵਾਂ, ਗੁਰਦੁਆਰਿਆਂ ਅਤੇ ਭਾਈਚਾਰਕ ਜਥੇਬੰਦੀਆਂ ਨੂੰ ਇਸ ਮੁਹਿੰਮ ਨਾਲ ਜੋੜਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਜਲਦੀ ਹੀ ਇੱਕ ਸਮਰਪਿਤ ਵਿਸ਼ਵ ਪੱਧਰੀ ਫੰਡਰੇਜ਼ਿੰਗ ਵੈੱਬਸਾਈਟ ਵੀ ਸ਼ੁਰੂ ਕੀਤੀ ਜਾਵੇਗੀ, ਜਿਸ ਰਾਹੀਂ ਦੁਨੀਆ ਭਰ ਵਿੱਚ ਵਸਦੇ ਐੱਨ ਆਰ ਆਈ (NRIs) ਅਤੇ ਸਿੱਖ ਭਾਈਚਾਰੇ ਦੇ ਮੈਂਬਰ ਸਿੱਧੇ ਤੌਰ 'ਤੇ ਸ਼ਹੀਦੀ ਪੱਤਣ ਸਮਾਰਕ ਦੇ ਨਿਰਮਾਣ ਵਿੱਚ ਆਪਣਾ ਯੋਗਦਾਨ ਪਾ ਸਕਣਗੇ। ਉਨ੍ਹਾਂ ਭਰੋਸਾ ਜਤਾਇਆ ਕਿ ਇਹ ਉਪਰਾਲਾ ਨਾ ਸਿਰਫ਼ ਸਮਾਰਕ ਲਈ ਵੱਡੇ ਪੱਧਰ 'ਤੇ ਆਰਥਿਕ ਸਹਿਯੋਗ ਇਕੱਠਾ ਕਰੇਗਾ, ਸਗੋਂ ਵਿਸ਼ਵ ਭਰ ਦੇ ਸਿੱਖ ਭਾਈਚਾਰੇ ਨੂੰ ਆਪਣੇ ਸਾਂਝੇ ਇਤਿਹਾਸ ਅਤੇ ਵਿਰਸੇ ਨਾਲ ਵੀ ਹੋਰ ਮਜ਼ਬੂਤੀ ਨਾਲ ਜੋੜੇਗਾ।

