ਪੰਜਾਬ ਵਿੱਚ ਸ਼ੁਕਰਾਨਾ ਨਹੀਂ, ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਦਾ ਸਮਾਂ: Navjot Kaur Sidhu
ਮਾਈਨਿੰਗ, ਕਾਨੂੰਨ-ਵਿਵਸਥਾ ਅਤੇ ਸੁਰੱਖਿਆ ਮਸਲਿਆਂ ‘ਤੇ ਪੰਜਾਬ ਸਰਕਾਰ ਨੂੰ ਘੇਰਿਆ
ਭਾਰਤੀ ਰਾਸ਼ਟਰਵਾਦੀ ਪਾਰਟੀ ਦੀ ਉੱਤਰੀ ਰਾਜਾਂ ਦੀ ਨੈਸ਼ਨਲ ਜਨਰਲ ਸਕੱਤਰ ਅਤੇ ਇੰਚਾਰਜ ਡਾਕਟਰ ਨਵਜੋਤ ਕੌਰ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੱਢੀ ਜਾ ਰਹੀ ‘ਸ਼ੁਕਰਾਨਾ ਯਾਤਰਾ’ ‘ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਜਦੋਂ ਲੋਕ ਖੁਦ ਸੜਕਾਂ ‘ਤੇ ਬੈਠੇ ਹੋਣ ਅਤੇ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹੋਣ ਤਾਂ ਉਸ ਵੇਲੇ ਸ਼ੁਕਰਾਨਾ ਕਰਨ ਦਾ ਨਹੀਂ, ਸਗੋਂ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਦਾ ਸਮਾਂ ਹੁੰਦਾ ਹੈ।
ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਹ ਪਹਿਲਾਂ ਤੋਂ ਤੈਅ ਪ੍ਰੋਗਰਾਮ ਤਹਿਤ ਮੱਥਾ ਟੇਕਣ ਲਈ ਇੱਥੇ ਪਹੁੰਚੇ ਸਨ ਅਤੇ ਪੰਜਾਬ ਦੇ ਭਲੇ ਲਈ ਨਵੀਂ ਸ਼ੁਰੂਆਤ ਕਰਨ ਤੋਂ ਪਹਿਲਾਂ ਗੁਰੂ ਘਰ ਵਿੱਚ ਅਰਦਾਸ ਕਰਨਾ ਜ਼ਰੂਰੀ ਸਮਝਦੇ ਹਨ। ਉਨ੍ਹਾਂ ਮੁੱਖ ਮੰਤਰੀ ਮਾਨ ਵੱਲੋਂ ਕੱਢੀ ਜਾ ਰਹੀ ਸ਼ੁਕਰਾਨਾ ਯਾਤਰਾ ਬਾਰੇ ਕਿਹਾ ਕਿ “ਸ਼ੁਕਰਾਨਾ ਉਦੋਂ ਕੀਤਾ ਜਾਂਦਾ ਹੈ ਜਦੋਂ ਲੋਕ ਖੁਸ਼ ਹੋਣ ਅਤੇ ਸਰਕਾਰ ਨੇ ਲੋਕਾਂ ਲਈ ਕੋਈ ਵੱਡਾ ਕੰਮ ਕੀਤਾ ਹੋਵੇ।”
ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਵਿੱਚ ਗੈਰਕਾਨੂੰਨੀ ਮਾਈਨਿੰਗ ਬੇਰੋਕ ਜਾਰੀ ਹੈ ਅਤੇ ਸੂਬੇ ਦਾ ਖ਼ਜ਼ਾਨਾ ਕੁਝ ਵਿਅਕਤੀਆਂ ਦੀਆਂ ਜੇਬਾਂ ਵਿੱਚ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁਲਾਜ਼ਮ ਡੀਏ ਲੈਣ ਦੇ ਲਈ ਸੰਘਰਸ਼ ਕਰ ਰਹੇ ਹਨ, ਪੰਜਾਬ ਦਾ ਨੌਜਵਾਨ ਅੱਜ ਦੁਖੀ ਹੋ ਕੇ ਵਿਦੇਸ਼ਾਂ ਵੱਲ ਰੁੱਖ ਕਰ ਰਿਹਾ ਹੈ ਇਸ ਲਈ ਮੁੱਖ ਮੰਤਰੀ ਨੂੰ ਸ਼ੁਕਰਾਨਾ ਉਦੋਂ ਕਰਨਾ ਚਾਹੀਦਾ ਜਦੋਂ ਪੰਜਾਬ ਵਿੱਚੋਂ ਲੋਕਾਂ ਦਾ ਪਲਾਇਨ ਰੁਕੇਗਾ ਅਤੇ ਬਾਹਰ ਗਏ ਲੋਕ ਮੁੜ ਪੰਜਾਬ ਵੱਲ ਆਉਣਗੇ।
ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਆਮ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਜਲੰਧਰ ਅਤੇ ਅੰਮ੍ਰਿਤਸਰ ਵਿੱਚ ਹੋਏ ਧਮਾਕਿਆਂ ਨੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕੀਤਾ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਇੰਟੈਲੀਜੈਂਸ ਅਤੇ ਪੁਲੀਸ ਪ੍ਰਣਾਲੀ ਚੌਕਸ ਹੈ ਤਾਂ ਅਜਿਹੀਆਂ ਘਟਨਾਵਾਂ ਕਿਵੇਂ ਵਾਪਰ ਰਹੀਆਂ ਹਨ।

