Nepal Floods: ਹੜ੍ਹ ਪੀੜਤਾਂ ਦੀ ਮਦਦ ਲਈ SGPC ਵੱਲੋਂ ਰਾਹਤ ਸਮੱਗਰੀ ਨਾਲ ਭਰੇ ਚਾਰ ਟਰੱਕ ਰਵਾਨਾ
ਸ਼੍ਰੋਮਣੀ ਕਮੇਟੀ ਵੱਲੋਂ ਨੇਪਾਲ ਵਿੱਚ ਪੀੜਤਾਂ ਲਈ ਲੰਗਰ ਅਤੇ ਰਾਹਤ ਸਮੱਗਰੀ ਭੇਜਣ ਦਾ ਸਿਲਸਿਲਾ ਜਾਰੀ
ਨੇਪਾਲ ਵਿੱਚ ਆਏ ਭਾਰੀ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਪੀੜਤਾਂ ਦੀ ਮਦਦ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਵੱਖ-ਵੱਖ ਰਾਹਤ ਸਮੱਗਰੀ ਨਾਲ ਭਰੇ ਹੋਏ ਚਾਰ ਟਰੱਕ ਅੱਜ ਨੇਪਾਲ ਲਈ ਰਵਾਨਾ ਕੀਤੇ ਗਏ ਹਨ।
ਨੇਪਾਲ ਭੇਜੇ ਗਏ ਇਸ ਸਮਾਨ ਵਿੱਚ 4 ਜਨਰੇਟਰ, 200 ਤੋਂ ਵੱਧ ਸੋਲਰ ਲਾਈਟਾਂ, ਕੰਬਲ, ਦਰੀਆਂ, ਚਾਦਰਾਂ, ਭਾਂਡੇ ਅਤੇ ਹੋਰ ਜ਼ਰੂਰੀ ਸਮਾਨ ਸ਼ਾਮਲ ਹੈ। ਇਹ ਟਰੱਕ ਅੱਜ ਇੱਥੋਂ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਅਤੇ ਅਧਿਕਾਰੀਆਂ ਵੱਲੋਂ ਅਰਦਾਸ ਉਪਰੰਤ ਰਵਾਨਾ ਕੀਤੇ ਗਏ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਗੁਰਚਰਨ ਸਿੰਘ ਗਰੇਵਾਲ, ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦਾ ਇੱਕ ਵਫ਼ਦ ਨੇਪਾਲ ਦਾ ਦੌਰਾ ਕਰਕੇ ਆਇਆ ਸੀ, ਜਿਸ ਨੇ ਹੜ੍ਹ ਪੀੜਤਾਂ ਲਈ ਲੋੜੀਂਦੀ ਮਦਦ ਦਾ ਜਾਇਜ਼ਾ ਲਿਆ ਸੀ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਵੱਲੋਂ ਉੱਥੇ ਪੀੜਤਾਂ ਵਾਸਤੇ ਲੰਗਰ ਦੀ ਸੇਵਾ ਵੀ ਆਰੰਭੀ ਗਈ ਸੀ।
ਦੱਸਣਯੋਗ ਹੈ ਕਿ ਨੇਪਾਲ ਵਿੱਚ ਆਏ ਭਿਆਨਕ ਹੜ੍ਹਾਂ ਕਾਰਨ ਵੱਡੀ ਗਿਣਤੀ ਵਿੱਚ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ। ਭਾਰਤ ਸਰਕਾਰ ਵੱਲੋਂ ਵੀ ਨੇਪਾਲ ਲਈ ਲਗਾਤਾਰ ਮਦਦ ਭੇਜੀ ਜਾ ਰਹੀ ਹੈ ਅਤੇ ਕਈ ਹੋਰ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵੀ ਇਸ ਮੁਸ਼ਕਿਲ ਘੜੀ ਵਿੱਚ ਪੀੜਤਾਂ ਦੀ ਸਹਾਇਤਾ ਲਈ ਅੱਗੇ ਆ ਰਹੀਆਂ ਹਨ।

