ਨਵਜੋਤ ਸਿੱਧੂ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਮੰਤਰੀ, ਵਿਧਾਇਕ ਤੇ ਸਮਰਥਕ ਵੀ ਵੱਡੀ ਗਿਣਤੀ ਵਿੱਚ ਪੁੱਜੇ

ਨਵਜੋਤ ਸਿੱਧੂ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਡੀ ਗਿਣਤੀ ਵਿਧਾਇਕਾਂ ਤੇ ਸਮਰਥਕਾਂ ਨਾਲ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਣ ਪੁੱਜਦੇ ਹੋਏ। -ਫੋਟੋ:ਵਿਸ਼ਾਲ ਕੁਮਾਰ

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 21 ਜੁਲਾਈ

ਮੁੱਖ ਅੰਸ਼

  • ਸ਼ਕਤੀ ਪ੍ਰਦਰਸ਼ਨ ਹੋ ਨਿਬੜਿਆ ਗੁਰੂ ਘਰ ਮੱਥਾ ਟੇਕਣ ਦਾ ਮੌਕਾ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਬਣਨ ਮਗਰੋਂ ਨਵਜੋਤ ਸਿੰਘ ਸਿੱਧੂ ਨੇ ਅੱਜ ਇੱਥੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੌਕੇ ਕਾਂਗਰਸ ਦੇ ਵਿਧਾਇਕ, ਮੰਤਰੀ ਤੇ ਹੋਰ ਵੱਡੀ ਗਿਣਤੀ ਆਗੂ ਵੀ ਸ੍ਰੀ ਸਿੱਧੂ ਦੇ ਨਾਲ ਸਨ। ਗੁਰੂ ਘਰ ਮੱਥਾ ਟੇਕਣ ਦਾ ਇਹ ਮੌਕਾ ਸ੍ਰੀ ਸਿੱਧੂ ਲਈ ਇਕ ਤਰ੍ਹਾਂ ਸ਼ਕਤੀ ਪ੍ਰਦਰਸ਼ਨ ਵੀ ਹੋ ਨਿਬੜਿਆ। ਇਸ ਦੌਰਾਨ ਸ੍ਰੀ ਸਿੱਧੂ ਨੇ ਇਕ ਟਵੀਟ ਕਰ ਕੇ ਕਿਹਾ, ‘‘ਪੰਜਾਬ ਦੀ ਹਵਾ ਬਦਲ ਰਹੀ ਹੈ। ਇਹ ਬਦਲਾਅ ਲੋਕਾਂ ਵੱਲੋਂ, ਲੋਕਾਂ ਲਈ ਅਤੇ ਲੋਕਾਂ ਰਾਹੀਂ ਹੈ।’’

ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਪਹਿਲਾਂ ਸ੍ਰੀ ਸਿੱਧੂ ਨੇ ਇਸ ਟਵੀਟ ਰਾਹੀਂ ਬਹੁਤ ਕੁਝ ਕਹਿ ਦਿੱਤਾ। ਅੱਜ ਸਵੇਰੇ ਪੰਜਾਬ ਦੀਆਂ ਵੱਖ-ਵੱਖ ਥਾਵਾਂ ਤੋਂ ਕਾਂਗਰਸ ਦੇ ਮੌਜੂਦਾ ਤੇ ਸਾਬਕਾ ਵਿਧਾਇਕ ਸ੍ਰੀ ਸਿੱਧੂ ਦੇ ਘਰ ਪਹੁੰਚੇ, ਜਿੱਥੇ ਅੱਜ ਵਿਆਹ ਵਰਗਾ ਮਾਹੌਲ ਬਣਿਆ ਰਿਹਾ। ਘਰ ਦੇ ਬਾਹਰ ਵੱਡੀ ਗਿਣਤੀ ਢੋਲੀ ਢੋਲ ਵਜਾ ਰਹੇ ਸਨ ਅਤੇ ਸਿੱਧੂ ਸਮਰਥਕ ਭੰਗੜੇ ਪਾ ਰਹੇ ਸਨ। ਬਾਅਦ ਦੁਪਹਿਰ ਕਰੀਬ 1 ਵਜੇ ਇਕ ਡੀਲਕਸ ਬੱਸ ਵਿਚ ਸਵਾਰ ਹੋ ਕੇ ਸ੍ਰੀ ਸਿੱਧੂ ਅਤੇ ਇਹ ਸਾਰੇ ਵਿਧਾਇਕ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚੇ। ਇਨ੍ਹਾਂ ਆਗੂਆਂ ਵਿੱਚ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਅਤੇ ਨਵੇਂ ਬਣਾਏ ਗਏ ਚਾਰ ਕਾਰਜਕਾਰੀ ਪ੍ਰਧਾਨ ਵੀ ਸ਼ਾਮਲ ਸਨ। ਸ੍ਰੀ ਸਿੱਧੂ ਦੇ ਪੈਰ ’ਤੇ ਭਾਵੇਂ ਕਿ ਸੱਟ ਲੱਗੀ ਹੋਈ ਸੀ ਪਰ ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਪੂਰੀ ਪਰਿਕਰਮਾ ਕੀਤੀ, ਦੇਗ ਲਈ ਅਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਉਨ੍ਹਾਂ ਕੁਝ ਸਮਾਂ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ। ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੱਥਾ ਟੇਕਣ ਵੀ ਗਏ।

ਉਨ੍ਹਾਂ ਕਰੀਬ ਇਕ ਘੰਟੇ ਤੋਂ ਵੱਧ ਸਮਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਿਤਾਇਆ। ਜੱਲ੍ਹਿਆਂਵਾਲਾ ਬਾਗ ਕੋਲੋਂ ਲੰਘਦਿਆਂ ਉਨ੍ਹਾਂ ਸ਼ਹੀਦਾਂ ਨੂੰ ਪ੍ਰਣਾਮ ਕੀਤਾ। ਉਪਰੰਤ ਉਹ ਸ੍ਰੀ ਦੁਰਗਿਆਣਾ ਮੰਦਰ ਅਤੇ ਇਤਿਹਾਸਕ ਰਾਮ ਤੀਰਥ ਮੰਦਰ ਵਿਖੇ ਵੀ ਨਤਮਸਤਕ ਹੋਣ ਲਈ ਗਏ। ਸ੍ਰੀ ਸਿੱਧੂ ਵੱਲੋਂ ਸ਼ੁਕਰਾਨਾ ਕਰਨ ਲਈ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਜਾਣਾ, ਇਕ ਤਰ੍ਹਾਂ ਨਾਲ ਉਨ੍ਹਾਂ ਲਈ ਸ਼ਕਤੀ ਪ੍ਰਦਰਸ਼ਨ ਹੋ ਨਿਬੜਿਆ। ਸਿੱਧੂ ਦੇ ਦਫ਼ਤਰ ਵੱਲੋਂ ਕੀਤੇ ਗਏ ਦਾਅਵੇ ਮੁਤਾਬਕ ਅੱਜ ਉਨ੍ਹਾਂ ਦੇ ਕਾਫਲੇ ਵਿਚ 60 ਤੋਂ ਵੱਧ ਕਾਂਗਰਸੀ ਵਿਧਾਇਕ ਸਨ, ਜਿਨ੍ਹਾਂ ਵਿਚ ਕੁਝ ਸਾਬਕਾ ਵਿਧਾਇਕ ਵੀ ਸ਼ਾਮਲ ਸਨ ਜਦਕਿ ਸ੍ਰੀ ਜਾਖੜ ਨੇ ਆਖਿਆ ਕਿ ਅੱਜ ਗੁਰੂ ਘਰ ਨਤਮਸਤਕ ਹੋਣ ਵਾਲਿਆਂ ਵਿਚ 45 ਤੋਂ 50 ਤੱਕ ਕਾਂਗਰਸੀ ਵਿਧਾਇਕ ਸ਼ਾਮਲ ਸਨ। ਉਨ੍ਹਾਂ ਇਸ ਇਕੱਠ ਨੂੰ ਸ਼ਕਤੀ ਪ੍ਰਦਰਸ਼ਨ ਦਾ ਨਾਂ ਦੇਣ ਦਾ ਵਿਰੋਧ ਕਰਦਿਆਂ ਕਿਹਾ ਕਿ ਗੁਰੂ ਘਰ ਵਿੱਚ ਕੋਈ ਸ਼ਕਤੀ ਪ੍ਰਦਰਸ਼ਨ ਨਹੀਂ ਹੁੰਦਾ। ਇੱਥੇ ਉਹ ਸਿਰਫ ਨਿਮਾਣੇ ਇਨਸਾਨ ਵਜੋਂ ਨਤਮਸਤਕ ਹੋਣ ਲਈ ਆਏ ਹਨ। ਉਨ੍ਹਾਂ ਇੱਥੇ ਪੰਜਾਬ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਅਰਦਾਸ ਕੀਤੀ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਘਰ ਵਿਚ ਹੰਕਾਰ ਲਈ ਕੋਈ ਥਾਂ ਨਹੀਂ ਹੈ। ਕਾਂਗਰਸੀ ਆਗੂ ਨੇ ਕਿਹਾ ਕਿ ਇੱਥੇ ‘ਰੈੱਡ ਕਾਰਪੈਟ’ ਵਿਛਾ ਕੇ ਆਉਣ ਵਾਲਿਆਂ ਦਾ ਹਸ਼ਰ ਸਾਰਿਆਂ ਨੇ ਦੇਖਿਆ ਹੈ। ਬਿਨਾ ਕਿਸੇ ਦਾ ਨਾਂ ਲਏ ਉਨ੍ਹਾਂ ਕਿਹਾ, ‘‘ਜੋ ਹੰਕਾਰਿਆ, ਉਹ ਮਾਰਿਆ।’’ ਉੁਨ੍ਹਾਂ ਕਿਹਾ ਕਿ ਅੱਜ ਕੋਈ ਸ਼ਕਤੀ ਪ੍ਰਦਰਸ਼ਨ ਨਹੀਂ ਸੀ, ਸਗੋਂ ਗੁਰੂ ਘਰ ਤੋਂ ਆਸ਼ੀਰਵਾਦ ਮੰਗਿਆ ਗਿਆ ਹੈ।

ਇਸ ਦੌਰਾਨ ਪੰਜਾਬ ਕਾਂਗਰਸ ਦੇ ਨਵੇਂ ਬਣੇ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸ਼ੁੱਕਰਵਾਰ 23 ਜੁਲਾਈ ਨੂੰ ਸ੍ਰੀ ਸਿੱਧੂ ਅਤੇ ਬਾਕੀ ਕਾਰਜਕਾਰੀ ਪ੍ਰਧਾਨ ਆਪੋ- ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲਣਗੇ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸ੍ਰੀ ਜਾਖੜ ਤੇ ਸਾਰੇ ਕਾਂਗਰਸੀ ਵਿਧਾਇਕਾਂ ਅਤੇ ਜ਼ਿਲ੍ਹਾ ਪ੍ਰ੍ਰਧਾਨਾਂ ਆਦਿ ਆਗੂਆਂ ਨੂੰ ਇਸ ਸਮਾਗਮ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਦੱਸਣਯੋਗ ਹੈ ਕਿ ਅੱਜ ਇੱਥੇ ਸ੍ਰੀ ਸਿੱਧੂ ਦੇ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ ਕਾਂਗਰਸੀ ਆਗੂਆਂ ਵਿੱਚ ਚਾਰ ਮੰਤਰੀ ਸੁਖਬਿੰਦਰ ਸਿੰਘ ਸੁਖ ਸਰਕਾਰੀਆ, ਸੁਖਜਿੰਦਰ ਸਿੰਘ ਸੁੱਖੀ ਰੰਧਾਵਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਚਰਨਜੀਤ ਸਿੰਘ ਚੰਨੀ ਅਤੇ ਵਿਧਾਇਕਾਂ ਵਿੱਚੋਂ ਅਮਰਿੰਦਰ ਸਿੰਘ ਰਾਜਾ ਵੜਿੰਗ, ਪ੍ਰਗਟ ਸਿੰਘ, ਰਾਜ ਕੁਮਾਰ ਵੇਰਕਾ, ਇੰਦਰਬੀਰ ਸਿੰਘ ਬੁਲਾਰੀਆ, ਤਰਸੇਮ ਸਿੰਘ ਡੀਸੀ, ਮਦਨ ਲਾਲ ਜਲਾਲਪੁਰ, ਹਰਮਿੰਦਰ ਸਿੰਘ ਗਿੱਲ, ਸੁਖਪਾਲ ਸਿੰਘ ਭੁੱਲਰ, ਧਰਮਵੀਰ ਅਗਨੀਹੋਤਰੀ, ਬਰਿੰਦਰ ਢਿੱਲੋਂ, ਦਵਿੰਦਰ ਘੁਬਾਇਆ, ਹਰਜੋਤ ਕਮਲ, ਕੁਲਬੀਰ ਜੀਰਾ, ਸੁਖਵਿੰਦਰ ਸਿੰਘ ਡੈਨੀ ਬੰਡਾਲਾ, ਸੁਨੀਲ ਦੱਤੀ ਆਦਿ ਆਗੂ ਸ਼ਾਮਲ ਸਨ। ਕੈਪਟਨ ਧੜੇ ਨਾਲ ਸਬੰਧਤ ਕੈਬਨਿਟ ਮੰਤਰੀ ਓਪੀ ਸੋਨੀ, ਮੇਅਰ ਕਰਮਜੀਤ ਸਿੰਘ ਰਿੰਟੂ ਤੇ ਹੋਰਨਾਂ ਨੇ ਅੱਜ ਵੀ ਸ੍ਰੀ ਸਿੱਧੂ ਤੋਂ ਦੂਰੀ ਬਣਾ ਕੇ ਰੱਖੀ।

ਕੈਪਟਨ ਦੀ ਮੁਆਫ਼ੀ ਵਾਲੀ ਸ਼ਰਤ ਨਾਲ ਸਿੱਧੂ ਸਮਰਥਕ ਅਸਹਿਮਤ

ਅੰਮ੍ਰਿਤਸਰ: ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਚੱਲ ਰਿਹਾ ਵਿਵਾਦ ਅਜੇ ਹੱਲ ਹੁੰਦਾ ਦਿਖਾਈ ਨਹੀਂ ਦੇ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁਲਾਕਾਤ ਤੋਂ ਪਹਿਲਾਂ ਸ੍ਰੀ ਸਿੱਧੂ ਲਈ ਜਨਤਕ ਤੌਰ ’ਤੇ ਮੁਆਫੀ ਮੰਗਣ ਦੀ ਰੱਖੀ ਗਈ ਸ਼ਰਤ ਨਾਲ ਸਿੱਧੂ ਸਮਰਥਕ ਅਸਹਿਮਤ ਹਨ। ਇੱਥੇ ਅੱਜ ਸ੍ਰੀ ਸਿੱਧੂ ਦੇ ਨਾਲ ਗੁਰੂ ਘਰ ਨਤਮਸਤਕ ਹੋਣ ਆਏ ਕੈਬਨਿਟ ਮੰਤਰੀ ਸੁਖਜਿੰਦਰ ਸਿੰੰਘ ਸੁੱਖੀ ਰੰਧਾਵਾ ਨੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਇਹ ਸ਼ਰਤ ਕਾਂਗਰਸ ਹਾਈਕਮਾਨ ਦੇ ਆਦੇਸ਼ਾਂ ਨੂੰ ਚੁਣੌਤੀ ਹੈ। ਜੇਕਰ ਉਨ੍ਹਾਂ ਦੇ ਮਨ ਵਿੱਚ ਅਜਿਹੀ ਕੋਈ ਗੱਲ ਸੀ ਤਾਂ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਅਤੇ ਹਰੀਸ਼ ਰਾਵਤ ਨਾਲ ਮੀਟਿੰਗ ਵੇਲੇ ਇਹ ਸ਼ਰਤ ਰੱਖਣੀ ਚਾਹੀਦੀ ਸੀ। ਹੁਣ ਜਦੋਂ ਕਾਂਗਰਸ ਹਾਈਕਮਾਨ ਵੱਲੋਂ ਸ੍ਰੀ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ ਗਿਆ ਹੈ ਤਾਂ ਸਮੁੱਚੀ ਕਾਂਗਰਸ ਪਾਰਟੀ ਨੂੰ ਇਹ ਆਦੇਸ਼ ਮੰਨਣਾ ਪਵੇਗਾ। ਉਨ੍ਹਾਂ ਕਿਹਾ ਕਿ ਸ੍ਰੀ ਰਾਹੁਲ ਗਾਂਧੀ ਵੀ ਆਖ ਚੁੱਕੇ ਹਨ ਕਿ ਕਾਂਗਰਸ ਦੀ ਪਿੱਠ ਵਿਚ ਛੁਰਾ ਮਾਰਨ ਵਾਲੇ, ਡਰਪੋਕ ਤੇ ਅਨੁਸ਼ਾਸਨਹੀਣਤਾ ਪੈਦਾ ਕਰਨ ਵਾਲਿਆਂ ਲਈ ਕਾਂਗਰਸ ਵਿੱਚ ਕੋੋਈ ਥਾਂ ਨਹੀਂ ਹੈ। ਉਨ੍ਹਾਂ ਇਸ ਸਬੰਧੀ ਕੈਬਨਿਕ ਮੰਤਰੀ ਬ੍ਰਹਮ ਮਹਿੰਦਰਾ ਦੇ ਬਿਆਨ ਦੀ ਵੀ ਨਿਖੇਧੀ ਕੀਤੀ ਅਤੇ ਇਸ ਨੂੰ ਮੰਦਭਾਗਾ ਕਰਾਰ ਦਿੱਤਾ। ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕੱਦ ਬਹੁਤ ਵੱਡਾ ਹੈ ਅਤੇ ਉਨ੍ਹਾਂ ਨੂੰ ਆਪਣਾ ਵੱਡਾਪਨ ਦਿਖਾਉਣਾ ਚਾਹੀਦਾ ਹੈ। ਕਾਂਗਰਸੀ ਆਗੂ ਨੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਬਿਆਨ ਬਾਰੇ ਕਿਹਾ ਕਿ ਕਦੇ ਵੀ ਉੱਚੇ ਬੋਲ ਨਹੀਂ ਬੋਲਣੇ ਚਾਹੀਦੇ। ਜਦੋਂ ਕਾਂਗਰਸ ਹਾਈਕਮਾਨ ਨੇ ਫੈਸਲਾ ਕਰ ਦਿੱਤਾ ਹੈ ਤਾਂ ਇਸ ਨੂੰ ਸਾਰਿਆਂ ਨੂੰ ਮੰਨਣਾ ਚਾਹੀਦਾ ਹੈ। ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਕੈਪਟਨ ਦੀ ਮੁਆਫ਼ ਸਬੰਧੀ ਸ਼ਰਤ ਬਾਰੇ ਆਖਿਆ, ‘‘ਸਾਨੂੰ ਪੰਜਾਬ ਦੇ ਮੁੱਦਿਆਂ ਬਾਰੇ ਗੱਲ ਕਰਨੀ ਚਾਹੀਦੀ ਹੈ ਅਤੇ ਨਾ ਕਿ ਨਿੱਜੀ ਮਾਮਲਿਆਂ ਬਾਰੇ। ਇਸ ਨੂੰ ਸ਼ਖ਼ਸੀ ਲੜਾਈ ਨਾ ਬਣਾਇਆ ਜਾਵੇ, ਇਹ ਲੜਾਈ ਪੰਜਾਬ ਦੇ ਮੁੱਦਿਆਂ ਦੀ ਹੈ।’’ ਉਨ੍ਹਾਂ ਕਿਹਾ ਕਿ ਸਿੱਧੂ ਨੂੰ ਨਹੀਂ ਸਗੋਂ ਪੰਜਾਬ ਦੇ ਮਾਮਲੇ ਹੱਲ ਨਾ ਕਰ ਸਕਣ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਵਾਸੀਆਂ ਕੋਲੋਂ ਮੁਆਫੀ ਮੰਗਣੀ ਚਾਹੀਦੀ ਹੈ। ਕਾਂਗਰਸੀ ਆਗੂ ਮਦਲ ਲਾਲ ਜਲਾਲਪੁਰ ਨੇ ਆਖਿਆ ਕਿ ਸ੍ਰੀ ਸਿੱਧੂ ਨੇ ਕੋਈ ਗੁਨਾਹ ਨਹੀਂ ਕੀਤਾ, ਇਸ ਲਈ ਮੁਆਫੀ ਮੰਗਣ ਦੀ ਕੋਈ ਲੋੜ ਨਹੀਂ ਹੈ। ਉੱਧਰ, ਕੁਝ ਵਿਧਾਇਕਾਂ ਨੇ ਆਖਿਆ ਕਿ ਦੋਵੇਂ ਆਗੂ ਫ਼ਰਾਖ਼ਦਿਲੀ ਦਿਖਾਉਣ ਅਤੇ ਇਸ ਵਿਵਾਦ ਨੂੰ ਖ਼ਤਮ ਕਰਨ ਜਦਕਿ ਕੁਝ ਆਗੂਆਂ ਨੇ ਇਸ ਮੁੱਦੇ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਭੈਅ ਦਾ ਸਾਮਰਾਜ

ਭੈਅ ਦਾ ਸਾਮਰਾਜ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਸ਼ਹਿਰ

View All