ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੱਜ ਸਰਹੱਦੀ ਖੇਤਰ ਦੇ ਕਮਾਲਪੁਰ ਚੌਂਕੀ ਤੋਂ ਅੱਗੇ ਬੀ ਐੱਸ ਐੱਫ ਦੇ ਬੀ ਓ ਪੀ 56 ਨੰਬਰ ਗੇਟ ਨੇੜੇ ਰਾਵੀ ਦਰਿਆ ਵਿੱਚ ਆਰ-ਪਾਰ ਜਾਣ ਵਾਸਤੇ ਐੱਮ ਪੀ ਲੈਡ ਫੰਡ ਤਹਿਤ ਦੋ ਨਵੇਂ ਵੱਡੇ ਬੇੜੇ ਕਿਸਾਨਾਂ ਨੂੰ ਸਮਰਪਿਤ ਕੀਤੇ ਹਨ। ਉਨ੍ਹਾਂ ਕਿਹਾ ਕਿ ਇਹ ਬੇੜੇ ਸਰਹੱਦੀ ਕਿਸਾਨਾਂ ਲਈ ਕਿਸੇ ਜੀਵਨ ਰੇਖਾ ਤੋਂ ਘੱਟ ਨਹੀਂ ਹਨ, ਕਿਉਂਕਿ ਦਰਿਆ ਪਾਰ ਪੈਂਦੀ ਉਨ੍ਹਾਂ ਦੀ ਜ਼ਮੀਨ ਤੱਕ ਪਹੁੰਚਣ ਲਈ ਇਹੀ ਇੱਕੋ-ਇੱਕ ਸਾਧਨ ਹੈ।
ਔਜਲਾ ਨੇ ਦੱਸਿਆ ਕਿ ਇਸ ਸਥਾਨ 'ਤੇ ਬੀ ਐੱਸ ਐੱਫ ਦੀ ਡਿਫੈਂਸ ਲਾਈਨ ਹੈ ਅਤੇ ਇਸ ਤੋਂ ਅੱਗੇ ਦਰਿਆ ਪਾਰ ਕਿਸਾਨਾਂ ਦੀ ਖੇਤੀਬਾੜੀ ਵਾਲੀ ਜ਼ਮੀਨ ਪੈਂਦੀ ਹੈ। ਪਿਛਲੇ ਸਾਲ ਆਏ ਭਿਆਨਕ ਹੜ੍ਹਾਂ ਦੌਰਾਨ ਪਹਿਲਾਂ ਦਿੱਤੇ ਗਏ ਬੇੜੇ ਰੁੜ੍ਹ ਗਏ ਸਨ, ਜਿਸ ਕਾਰਨ ਕਿਸਾਨਾਂ ਨੂੰ ਆਪਣੀ ਜ਼ਮੀਨ ਤੱਕ ਪਹੁੰਚਣ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਕਿਸਾਨਾਂ ਦੀ ਲਗਾਤਾਰ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਹੁਣ ਦੋ ਨਵੇਂ ਬੇੜੇ ਮੁਹੱਈਆ ਕਰਵਾਏ ਗਏ ਹਨ।
ਉਨ੍ਹਾਂ ਕਿਹਾ ਕਿ ਨਵੇਂ ਬੇੜਿਆਂ ਦੀ ਸਮਰੱਥਾ ਇੰਨੀ ਹੈ ਕਿ ਇਨ੍ਹਾਂ 'ਤੇ ਭਾਰੀ ਖੇਤੀਬਾੜੀ ਮਸ਼ੀਨਰੀ ਵੀ ਆਸਾਨੀ ਨਾਲ ਦਰਿਆ ਪਾਰ ਲਿਜਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਛੋਟੀਆਂ ਬੇੜੀਆਂ ਵੀ ਦਿੱਤੀਆਂ ਗਈਆਂ ਹਨ ਤਾਂ ਜੋ ਦੋ ਤੋਂ ਪੰਜ ਵਿਅਕਤੀ ਜਾਂ ਛੋਟਾ ਖੇਤੀਬਾੜੀ ਸਾਮਾਨ ਲੈ ਕੇ ਜਾਣ ਵਾਲੇ ਕਿਸਾਨਾਂ ਨੂੰ ਵੱਡੇ ਬੇੜੇ ਦੀ ਉਡੀਕ ਨਾ ਕਰਨੀ ਪਵੇ ਅਤੇ ਉਹ ਆਪਣੀ ਲੋੜ ਅਨੁਸਾਰ ਖ਼ੁਦ ਵੀ ਬੇੜੀ ਚਲਾ ਸਕਣ।
ਇਸ ਮੌਕੇ ਸੰਸਦ ਮੈਂਬਰ ਨੇ ਸਰਹੱਦੀ ਖੇਤਰ ਵਿੱਚ ਬਣ ਰਹੀ ਕਰੀਬ 58 ਕਰੋੜ ਰੁਪਏ ਦੀ ਸੜਕ ਦਾ ਵੀ ਜ਼ਿਕਰ ਕੀਤਾ। ਇਹ ਕੇਂਦਰ ਸਰਕਾਰ ਦਾ ਪ੍ਰਾਜੈਕਟ ਹੈ, ਜਿਸ ਲਈ ਏ ਡੀ ਐੱਫ ਰਾਹੀਂ ਫੰਡ ਜਾਰੀ ਹੋਏ ਹਨ ਅਤੇ ਹੁਣ ਸੜਕ ਦਾ ਨਿਰਮਾਣ ਤੇਜ਼ੀ ਨਾਲ ਜਾਰੀ ਹੈ। ਉਨ੍ਹਾਂ ਕਿਹਾ ਕਿ ਇਹ ਸੜਕ ਬਣਨ ਨਾਲ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਆਵਾਜਾਈ ਦੀ ਵੱਡੀ ਸਹੂਲਤ ਮਿਲੇਗੀ ਅਤੇ ਖੇਤਰ ਦੇ ਵਿਕਾਸ ਨੂੰ ਨਵੀਂ ਰਫ਼ਤਾਰ ਮਿਲੇਗੀ।
ਇਸ ਦੌਰਾਨ ਐੱਮ ਪੀ ਗੁਰਜੀਤ ਔਜਲਾ ਨੇ ਸਰਹੱਦੀ ਪਿੰਡ ਘੋਨੇਵਾਲ ਦੇ ਹੜ੍ਹ ਪ੍ਰਭਾਵਿਤ ਇੱਕ ਪਰਿਵਾਰ ਨੂੰ ਮੁੜ ਤਿਆਰ ਕੀਤਾ ਨਵਾਂ ਘਰ ਸੌਂਪਿਆ। ਇਹ ਉਹੀ ਪਰਿਵਾਰ ਹੈ, ਜਿਸ ਨਾਲ ਸਾਲ 2025 ਵਿੱਚ ਆਏ ਭਿਆਨਕ ਹੜ੍ਹਾਂ ਦੌਰਾਨ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਮੁਲਾਕਾਤ ਕਰਕੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਸੀ। ਔਜਲਾ ਨੇ ਕਿਹਾ ਕਿ ਸਰਕਾਰ ਵੱਲੋਂ ਉਮੀਦ ਮੁਤਾਬਕ ਸਹਾਇਤਾ ਨਾ ਮਿਲਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਨਿੱਜੀ ਯਤਨਾਂ ਅਤੇ ਸੱਜਣਾਂ-ਮਿੱਤਰਾਂ ਦੇ ਸਹਿਯੋਗ ਨਾਲ ਪਰਿਵਾਰ ਦਾ ਘਰ ਦੁਬਾਰਾ ਬਣਵਾਇਆ।

