ਮਹਿਲਾ ਕਿਸਾਨ ਦਿਵਸ ਮੌਕੇ ਔਰਤਾਂ ਨੇ ਸੰਭਾਲੇ ਮੋਰਚੇ

ਅੰਮ੍ਰਿਤਸਰ ’ਚ ਖੇਤੀ ਕਾਨੂੰਨਾਂ ਖ਼ਿਲਾਫ਼ ਹਾਲ ਗੇਟ ਤਕ ਰੋਸ ਮਾਰਚ ਕੱੱਢਿਆ

ਮਹਿਲਾ ਕਿਸਾਨ ਦਿਵਸ ਮੌਕੇ ਔਰਤਾਂ ਨੇ ਸੰਭਾਲੇ ਮੋਰਚੇ

ਅੰਮ੍ਰਿਤਸਰ ਵਿੱਚ ਮਹਿਲਾ ਕਿਸਾਨ ਦਿਵਸ ਮੌਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੀਆਂ ਹੋਈਆਂ ਔਰਤਾਂ। -ਫੋਟੋ: ਵਿਸ਼ਾਲ ਕੁਮਾਰ

ਜਗਤਾਰ ਸਿੰਘ ਲਾਂਬਾ

ਅੰਮ੍ਰਿਤਸਰ, 18 ਜਨਵਰੀ

ਸੰਯੁਕਤ ਕਿਸਾਨ ਮੋਰਚਾ ਵੱਲੋਂ ਮਹਿਲਾ ਕਿਸਾਨ ਦਿਵਸ ਮਨਾਉਣ ਦੇ ਸੱਦੇ ਤਹਿਤ ਅੱਜ ਇਥੇ ਕੜਾਕੇ ਦੀ ਠੰਢ ਅਤੇ ਧੁੰਦ ਦੇ ਬਾਵਜੂਦ ਔਰਤਾਂ ਨੇ ਭੰਡਾਰੀ ਪੁਲ ’ਤੇ ਵੱਡਾ ਇਕੱਠ ਕਰਕੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਔਰਤਾਂ ਨੇ ਰੋਸ ਮਾਰਚ ਵੀ ਕੱਢਿਆ। ਵੱਖ ਵੱਖ ਜਥੇਬੰਦੀਆਂ ਨਾਲ ਸਬੰਧਤ ਮਹਿਲਾ ਕਾਰਕੁਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਔਰਤਾਂ ਨੇ ਸੰਬੋਧਨ ਕਰਦਿਆਂ ਆਖਿਆ ਕਿ ਪਿਛਲੇ ਲਗਪਗ 55 ਦਿਨਾਂ ਤੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਧਰਨਾ ਲਾ ਕੇ ਬੈਠੇ ਹੋਏ ਹਨ। ਕੜਾਕੇ ਦੀ ਸਰਦੀ ਦੇ ਬਾਵਜੂਦ ਬਜ਼ੁਰਗ, ਔਰਤਾਂ, ਬੱਚੇ ਤੇ ਹੋਰ ਇਸ ਧਰਨੇ ਵਿੱਚ ਸ਼ਾਮਲ ਹਨ ਅਤੇ ਵੱਡੀ ਗਿਣਤੀ ’ਚ ਕਿਸਾਨ ਸ਼ਹਾਦਤਾਂ ਪਾ ਚੁੱਕੇ ਹਨ ਪਰ ਇਸ ਦੇ ਬਾਵਜੂਦ ਮੋਦੀ ਸਰਕਾਰ ਇਸ ਮਸਲੇ ਦਾ ਹੱਲ ਕਰਨ ਨੂੰ ਤਿਆਰ ਨਹੀਂ ਹੈ। ਕਿਸਾਨ ਔਰਤਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਖੇਤੀ ਕਾਨੂੰਨਾਂ ਦੀ ਵਾਪਸੀ ਤਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਇਸ ਮੌਕੇ ਡਾ. ਕੰਵਲਜੀਤ ਕੌਰ, ਦਸਵਿੰਦਰ ਕੌਰ, ਜਸਵਿੰਦਰ ਕੌਰ, ਐਡਵੋਕੇਟ ਕੰਵਲਜੀਤ ਕੌਰ, ਕੁਲਵਿੰਦਰ ਕੌਰ, ਸਰੋਜ ਬਾਲਾ, ਗੁਰਿੰਦਰ ਕੌਰ ਦਾਊਦ, ਰਣਜੀਤ ਕੌਰ ਗਗੋਮਾਹਲ, ਗੁਰਬਚਨ ਕੌਰ, ਅਕਵਿੰਦਰ ਕੌਰ, ਸਰਬਜੀਤ ਕੌਰ, ਅਵਨੀਤ ਕੌਰ, ਅਮਰਜੀਤ ਕੌਰ, ਪਲਵਿੰਦਰ ਕੌਰ, ਬਲਵਿੰਦਰ ਕੌਰ ਦੁਧਾਲਾ, ਪ੍ਰਵੀਨ ਕੁਮਾਰੀ, ਪਰਮਪ੍ਰੀਤ ਕੌਰ, ਨਰਿੰਦਰ ਕੌਰ ਅਤੇ ਰਾਜ ਕੌਰ ਝੀਤਾ ਨੇ ਸੰਬੋਧਨ ਕੀਤਾ। ਅੱਜ ਮੰਚ ਦੀ ਸਮੁੱਚੀ ਕਾਰਵਾਈ ਬੀਬੀਆਂ ਵੱਲੋਂ ਕੀਤੀ ਗਈ। ਰੈਲੀ ਤੋਂ ਬਾਅਦ ਔਰਤਾਂ ਨੇ ਹਾਲ ਗੇਟ ਤਕ ਮਾਰਚ ਕੱਢਿਆ। 

ਅੰਬਾਲਾ (ਰਤਨ ਸਿੰਘ ਢਿੱਲੋਂ): ਸ਼ੰਭੂ ਟੌਲ ਪਲਾਜ਼ਾ ’ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਧਰਨੇ ਦੌਰਾਨ ਅੱਜ ਕਿਸਾਨ ਮਹਿਲਾ ਦਿਵਸ ਮਨਾਇਆ ਗਿਆ, ਜਿਸ ਵਿੱਚ ਅੰਬਾਲਾ ਅਤੇ ਪੰਜਾਬ ਦੇ ਪਿੰਡਾਂ ਦੀਆਂ ਔਰਤਾਂ ਆਪਣੇ ਬੱਚਿਆਂ ਸਮੇਤ ਭਾਰੀ ਗਿਣਤੀ ਵਿੱਚ ਪਹੁੰਚੀਆਂ। ਅੱਜ ਇਥੋਂ ਦੀ ਕਮਾਨ ਮਹਿਲਾਵਾਂ ਦੇ ਹੱਥ ਰਹੀ, ਜਿਨ੍ਹਾਂ ਨੇ ਕਿਸਾਨ ਏਕਤਾ ਅਤੇ ਪੰਜਾਬ ਹਰਿਆਣਾ ਜ਼ਿੰਦਾਬਾਦ ਦੇ ਨਾਅਰੇ ਲਾਏ। ਸ਼ਸ਼ੀ ਕੇਸਰੀ ਨੇ ਕਿਹਾ ਕਿ  ਮਹਿਲਾਵਾਂ ਦੀਆਂ ਵੀ 50 ਫੀਸਦ ਵੋਟਾਂ ਹਨ, ਜੇ ਉਹ ਏਕਾ ਕਰ ਲੈਣ ਤਾਂ ਕੋਈ ਵੀ ਕਿਸਾਨ ਵਿਰੋਧੀ ਆਗੂ ਪਿੰਡਾਂ ਵਿੱਚ ਵੜ ਨਹੀਂ ਸਕਦਾ, ਹਰ ਪਿੰਡ ਵਿੱਚ ਕੇਵਲ 10-12 ਔਰਤਾਂ ਨੂੰ ਮੋਰਚਾ ਸੰਭਾਲਣ ਦੀ ਲੋੜ ਹੈ। ਇਸ ਮੌਕੇ ਪਰਮਜੀਤ ਕੌਰ ਬਕਨੌਰ ਤੇ ਲਖਵਿੰਦਰ ਕੌਰ ਨੇ ਵੀ ਸੰਬੋਧਨ ਕੀਤਾ।

ਹਰ ਘਰ ’ਚੋਂ ਇੱਕ ਜੀਅ ਨੂੰ ਟਰੈਕਟਰ ਪਰੇਡ ਦਾ ਹਿੱਸਾ ਬਣਨ ਦਾ ਸੱਦਾ

ਜਲੰਧਰ (ਪਾਲ ਸਿੰਘ ਨੌਲੀ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਰਤੀ ਕਿਸਾਨ ਯੂਨੀਅਨ, ਜਨਵਾਦੀ ਇਸਤਰੀ ਸਭਾ ਪੰਜਾਬ ਅਤੇ ਇਸਤਰੀ ਜਾਗ੍ਰਿਤੀ ਮੰਚ ਵੱਲੋਂ ਅੱਜ ਮਹਿਲਾ ਕਿਸਾਨ ਦਿਵਸ ਵੱਖ-ਵੱਖ ਪਿੰਡਾਂ ’ਚ ਮਾਰਚ, ਰੈਲੀਆਂ, ਜਾਗੋ ਕੱਢ ਕੇ ਮਨਾਇਆ ਗਿਆ। ਇਹ ਮਾਰਚ ਪਿੰਡ ਉੱਪਲ ਖਾਲਸਾ ਤੋਂ ਸ਼ੁਰੂ ਹੋ ਕੇ ਉਪਲ ਜਗੀਰ, ਨੱਤ, ਸੰਘੇ ਖਾਲਸਾ, ਸਿੱਧਵਾਂ, ਪੰਡੋਰੀ ਜਗੀਰ, ਸਿੱਧਮ, ਸ਼ਾਦੀਪੁਰ, ਬਿਲਗਾ, ਸਮਰਾਏ, ਪੱਬਵਾਂ ਅਤੇ ਦਿਆਲਪੁਰ ਵਿੱਚ ਕੀਤੇ ਗਏ। ਇਨ੍ਹਾਂ ਪ੍ਰਦਰਸ਼ਨਾਂ ਦੀ ਸਾਰੀ ਕਾਰਵਾਈ ਔਰਤਾਂ ਵੱਲੋਂ ਸੰਭਾਲੀ ਗਈ। ਇਸੇ ਦੌਰਾਨ ਦਿੱਲੀ ਅੰਦੋਲਨ ਨਾਲ ਇੱਕਜੁਟਤਾ ਦਿਖਾਉਂਦਿਆਂ ਅੰਦੋਲਨ ਨੂੰ ਜਿੱਤ ਤਕ ਲਿਜਾਣ ਲਈ 23 ਜਨਵਰੀ ਨੂੰ ਦਿੱਲੀ ਕੂਚ ਕਰਨ ਅਤੇ 26 ਜਨਵਰੀ ਨੂੰ ਕਿਸਾਨ ਟਰੈਕਟਰ ਪਰੇਡ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਵਰਜੀਤ ਕੌਰ ਨੇ ਕਿਹਾ ਕਿ ਹਰ ਘਰ ਵਿੱਚੋਂ ਇੱਕ ਮੈਂਬਰ 26 ਜਨਵਰੀ ਦੀ ਕਿਸਾਨ ਪਰੇਡ ਵਿੱਚ ਜ਼ਰੂਰ ਸ਼ਾਮਲ ਹੋਵੇ। ਜਨਵਾਦੀ ਇਸਤਰੀ ਸਭਾ ਦੀ ਅਗਵਾਈ ਹੇਠ ਇਥੇ ਗੜ੍ਹਾ ਇਲਾਕੇ ਵਿੱਚ ਔਰਤਾਂ ਨੇ ਇਕੱਠੇ ਹੋ ਕੇ ਮੋਦੀ ਸਰਕਾਰ ਦਾ ਪੁਤਲਾ ਸਾੜਿਆ। ਸਭਾ ਦੀ ਆਗੂ ਪ੍ਰੋ. ਰਘਬੀਰ ਕੌਰ ਨੇ ਕਿਹਾ ਕਿ ਕਿਸਾਨ ਵਿਰੋਧੀ ਕਾਲੇ ਕਾਨੂੰਨ ਜਿਥੇ ਕਿਸਾਨ ਮਾਰੂ ਹਨ ਉਥੇ ਇਹ ਕਾਨੂੰਨ ਮਜ਼ਦੂਰਾਂ, ਦੁਕਾਨਦਾਰਾਂ, ਛੋਟੇ ਵਪਾਰੀਆਂ ਤੇ ਹੋਰ ਸਾਰੇ ਖਪਤਕਾਰਾਂ ਦੇ ਵਿਰੋਧੀ ਹਨ। ਇਸੇ ਤਰ੍ਹਾਂ ਇਸਤਰੀ ਜਾਗ੍ਰਿਤੀ ਮੰਚ ਅਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਕਸਬਾ ਮਹਿਤਪੁਰ ਵਿੱਚ ਮੁਜ਼ਾਹਰਾ ਕਰਕੇ ਦਿੱਲੀ ਅੰਦੋਲਨ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਇਸਤਰੀ ਜਾਗ੍ਰਿਤੀ ਮੰਚ ਦੀ ਜ਼ਿਲ੍ਹਾ ਪ੍ਰਧਾਨ ਅਨੀਤਾ ਸੰਧੂ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸੁਰਜੀਤ ਕੌਰ, ਬਖਸ਼ੋ, ਬਲਜੀਤ ਕੌਰ, ਸੁਖਮਨੀ, ਕੁਲਦੀਪ ਕੌਰ, ਸੁਖਵਿੰਦਰ ਕੌਰ ਅਤੇ ਪਰਮਜੀਤ ਕੌਰ ਨੇ ਦਿੱਲੀ ਅੰਦੋਲਨ ਨੂੰ ਮਜ਼ਬੂਤ ਕਰਨ ਲਈ 23 ਜਨਵਰੀ ਨੂੰ ਦਿੱਲੀ ਕੂਚ ਕਰਨ ਦਾ ਸੱਦਾ ਦਿੱਤਾ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All