ਗੋਵਿੰਦ ਰਮਾਇਣ ਬਾਰੇ ਮੋਦੀ ਦੇ ਬਿਆਨ ਤੋਂ ਵਿਵਾਦ ਛਿੜਿਆ

ਸਿੱਖ ਜਥੇਬੰਦੀਆਂ ਨੇ ਪ੍ਰਧਾਨ ਮੰਤਰੀ ਨੂੰ ਲੋਕਾਂ ਤੋਂ ਮੁਆਫ਼ੀ ਮੰਗਣ ਲਈ ਕਿਹਾ

ਗੋਵਿੰਦ ਰਮਾਇਣ ਬਾਰੇ ਮੋਦੀ ਦੇ ਬਿਆਨ ਤੋਂ ਵਿਵਾਦ ਛਿੜਿਆ

ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ, ਜਸਵਿੰਦਰ ਸਿੰਘ ਐਡਵੋਕੇਟ ਅਤੇ ਅਮਰਜੀਤ ਸਿੰਘ ਗੱਲਬਾਤ ਕਰਦੇ ਹੋਏ।

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 8 ਅਗਸਤ

ਸਿੱਖ ਜਥੇਬੰਦੀਆਂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰੂ ਗੋਬਿੰਦ ਸਿੰਘ ਦੁਆਰਾ ‘ਗੋਵਿੰਦ ਰਮਾਇਣ’ ਲਿਖੇ ਜਾਣ ਬਾਰੇ ਕਹਿ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ ਜਦਕਿ ਅਸਲੀਅਤ ’ਚ ਅਜਿਹਾ ਕੋਈ ਗ੍ਰੰਥ ਦਸਵੇਂ ਗੁਰੂ ਨੇ ਨਹੀਂ ਲਿਖਿਆ ਹੈ। ਉਨ੍ਹਾਂ ਮੰਗ ਕੀਤੀ ਕਿ ਸ੍ਰੀ ਮੋਦੀ ਇਸ ਬਿਆਨ ਲਈ ਲੋਕਾਂ ਕੋਲੋਂ ਮੁਆਫ਼ੀ ਮੰਗਣ।

ਸਿੱਖ ਜਥੇਬੰਦੀਆਂ ਦੇ ਸਮੂਹ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਅਤੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਨੇਜਰ ਜਸਵਿੰਦਰ ਸਿੰਘ ਐਡਵੋਕੇਟ ਅਤੇ ਸਿੱਖ ਵਿਦਵਾਨ ਅਮਰਜੀਤ ਸਿੰਘ ਨੇ ਪ੍ਰਧਾਨ ਮੰਤਰੀ ਦੇ ਇਸ ਦਾਅਵੇ ਨੂੰ ਰੱਦ ਕੀਤਾ ਕਿ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਆਪਣੇ ਜੀਵਨ ਕਾਲ ਦੌਰਾਨ ‘ਗੋਵਿੰਦ ਰਮਾਇਣ’ ਨਾਂ ਦੀ ਰਮਾਇਣ ਲਿਖੀ ਗਈ ਸੀ। ਉਨ੍ਹਾਂ ਆਖਿਆ ਕਿ ਪ੍ਰਧਾਨ ਮੰਤਰੀ ਵੱਲੋਂ ਇਹ ਗੱਲ ਉਸ ਵੇਲੇ ਆਖੀ ਗਈ ਜਦੋਂ ਰਾਮ ਮੰਦਰ ਦਾ ਨੀਂਹ ਪੱਥਰ ਰੱਖਣ ਪਾ ਪ੍ਰੋਗਰਾਮ ਚੱਲ ਰਿਹਾ ਸੀ। ‘ਪ੍ਰਧਾਨ ਮੰਤਰੀ ਵੱਲੋਂ ਕੀਤੀ ਗਈ ਇਹ ਗੱਲ ਭਵਿੱਖ ਵਿਚ ਇਤਿਹਾਸਕ ਹਵਾਲਾ ਬਣੇਗੀ, ਇਸ ਲਈ ਇਸ ਦਾ ਵਿਰੋਧ ਕਰਨਾ ਜ਼ਰੂਰੀ ਬਣਦਾ ਹੈ।’ ਉਨ੍ਹਾਂ ਆਖਿਆ ਕਿ ਇਸ ਮਾਮਲੇ ਵਿਚ ਸਿੱਖਾਂ ਦੀ ਨੁਮਾਇੰਦਾ ਸੰਸਥਾ ਸ਼੍ਰੋਮਣੀ ਕਮੇਟੀ ਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਪਰ ਉਨ੍ਹਾਂ ਅਜੇ ਤੱਕ ਇਸ ਖਿਲਾਫ਼ ਕੋਈ ਗੱਲ ਨਹੀਂ ਆਖੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਫਿਲਹਾਲ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੈ।

ਸਿੱਖ ਆਗੂਆਂ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਦਾ ਦਾਅਵਾ ਤੱਥਾਂ ’ਤੇ ਆਧਾਰਿਤ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ਆਰਐੱਸਐੱਸ ਵੱਲੋਂ ਕਈ ਵਾਰ ਸਿੱਖਾਂ ਨੂੰ ਹਿੰਦੂ ਧਰਮ ਦਾ ਹਿੱਸਾ ਕਿਹਾ ਗਿਆ ਹੈ ਜਦੋਂਕਿ ਗੁਰੂ ਨਾਨਕ ਦੇਵ ਜੀ ਨੇ ਜਨੇਊ ਪਾਉਣ ਤੋਂ ਇਨਕਾਰ ਕਰ ਕੇ ਹਿੰਦੂ ਧਰਮ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਸੀ ਅਤੇ ਸਿੱਖ ਧਰਮ ਦੀ ਨੀਂਹ ਰੱਖੀ ਸੀ। ਅਯੁੱਧਿਆ ’ਚ ਹੋਏ ਸਮਾਗਮ ਵਿਚ ਸ਼ਾਮਲ ਹੋਏ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਵੱਲੋਂ ਸਿੱਖ ਕੌਮ ਨੂੰ ਲਵ-ਕੁਸ਼ ਦੇ ਵੰਸ਼ਜ ਦੱਸੇ ਜਾਣ ਬਾਰੇ ਉਨ੍ਹਾਂ ਕਿਹਾ ਕਿ ਇਹ ਇਕ ਮਿੱਥ ਹੈ ਤੇ ਇਸ ਵਿਚ ਕੋਈ ਸੱਚਾਈ ਨਹੀਂ ਹੈ ਅਤੇ ਸਿੱਖ ਸਿਰਫ਼ ਅਕਾਲ ਪੁਰਖ ਦੀ ਔਲਾਦ ਹਨ।

ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਤ ਪੁਸਤਕ ਬਚਿੱਤਰ ਨਾਟਕ ਅਤੇ ਦਸ਼ਮ ਗ੍ਰੰਥ ਸਟੀਕ ਵਿਚ ਇਸ ਸਬੰਧੀ ਹਵਾਲੇ ਹੋਣ ਬਾਰੇ ਪੁੱਛੇ ਜਾਣ ’ਤੇ ਸਿੱਖ ਆਗੂਆਂ ਨੇ ਆਖਿਆ ਕਿ ਦਸਮ ਗ੍ਰੰਥ ਦਾ ਮਸਲਾ ਫਿਲਹਾਲ ਹੱਲ ਨਹੀਂ ਹੋਇਆ ਹੈ। ਉਨ੍ਹਾਂ ਆਖਿਆ ਕਿ ਦਸਮ ਗ੍ਰੰਥ ਗੁਰੂ ਸਾਹਿਬ ਦੀ ਲਿਖਤ ਨਹੀਂ ਹੈ। ਇਸ ਲਈ ਉਸ ਬਾਰੇ ਕੁਝ ਵੀ ਕਹਿਣਾ ਉਚਿਤ ਨਹੀਂ ਹੈ। ਉਨ੍ਹਾਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਵਿਚ ਵਿਦਵਾਨਾਂ ਦੀ ਮੀਟਿੰਗ ਸੱਦਣ ਅਤੇ ਪ੍ਰਧਾਨ ਮੰਤਰੀ ਵੱਲੋਂ ਕੀਤੇ ਗਏ ਦਾਅਵੇ ਬਾਰੇ ਤਖ਼ਤ ਤੋਂ ਆਪਣਾ ਪ੍ਰਤੀਕਰਮ ਦੇਣ।

ਢੱਡਰੀਆਂ ਵਾਲੇ ਨੇ ਜਥੇਦਾਰ ’ਤੇ ਨਿਸ਼ਾਨਾ ਸਾਧਿਆ

ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਕਿਹਾ ਹੈ ਕਿ ਉਹ ਸਿੱਖ ਕੌਮ ਨੂੰ ਇਸ ਦੁਵਿਧਾ ’ਚੋਂ ਕੱਢਣ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਬਕਾ ਜਥੇਦਾਰ ਇਕਬਾਲ ਸਿੰਘ ਵੱਲੋਂ ਦਿੱਤੇ ਗਏ ਬਿਆਨ ਸਹੀ ਹਨ ਜਾਂ ਗਲਤ। ਉਨ੍ਹਾਂ ਕਿਹਾ ਕਿ ਅਜਿਹੇ ਬਿਆਨਾਂ ’ਤੇ ਸਾਰਿਆਂ ਨੇ ਚੁੱਪੀ ਕਿਉਂ ਧਾਰ ਲਈ ਹੈ। ਉਨ੍ਹਾਂ ਕਿਹਾ ਕਿ ਜਦੋਂ ਇਨ੍ਹਾਂ ਦੀਆਂ ਕੁਰਸੀਆਂ ਖ਼ਤਰੇ ’ਚ ਪੈ ਜਾਂਦੀਆਂ ਹਨ ਤਾਂ ਇਹ ਪੰਥ ਖ਼ਤਰੇ ’ਚ ਹੋਣ ਦਾ ਰੌਲਾ ਪਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਊਹ ਤਾਂ ਵੋਟਾਂ ਵਾਲੇ ਹਨ ਜਦਕਿ ਪੰਥਕ ਤਾਂ ਕੇਵਲ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਜਥੇਦਾਰ ਸਾਹਿਬਾਨ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All