CM Bhagwant Mann ਨਾਲ ਮੁਲਾਕਾਤ ਪਈ ਭਾਰੀ: ਅਕਾਲ ਤਖ਼ਤ ਵੱਲੋਂ ਸ਼੍ਰੋਮਣੀ ਕਮੇਟੀ ਦੇ ਦੋ ਮੈਂਬਰਾਂ ਖ਼ਿਲਾਫ਼ ਕਾਰਵਾਈ
ਨਾਨਕਸਰ ਕਲੇਰਾਂ (ਜਗਰਾਉਂ, ਲੁਧਿਆਣਾ) ਤੋਂ ਬਾਬਾ ਲੱਖਾ ਸਿੰਘ ਕੋਲੋਂ ਵੀ ਮੰਗਿਆ ਸਪਸ਼ਟੀਕਰਨ
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ‘ਗੁਰੂ ਦੋਖੀ ਅਤੇ ਖ਼ਾਲਸਾ ਪੰਥ ਵਿਰੋਧੀ’ ਕਰਾਰ ਦਿੱਤੇ ਗਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕਰਨ ਵਾਲੇ ਸ਼੍ਰੋਮਣੀ ਕਮੇਟੀ ਦੇ ਦੋ ਮੈਂਬਰਾਂ ਖ਼ਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕਾਰਵਾਈ ਕਰਦਿਆਂ ਉਨ੍ਹਾਂ ਕੋਲੋਂ 10 ਦਿਨਾਂ ਵਿੱਚ ਸਪਸ਼ਟੀਕਰਨ ਮੰਗਿਆ ਗਿਆ ਹੈ। ਇਸ ਦੌਰਾਨ ਉਨ੍ਹਾਂ ’ਤੇ ਸ਼੍ਰੋਮਣੀ ਕਮੇਟੀ ਦੀਆਂ ਇਕੱਤਰਤਾਵਾਂ ਵਿੱਚ ਹਿੱਸਾ ਲੈਣ ’ਤੇ ਰੋਕ ਲਗਾ ਦਿੱਤੀ ਗਈ ਹੈ।
ਇਹ ਦੋ ਮੈਂਬਰ ਮਿੱਠੂ ਸਿੰਘ ਕਾਨੇਕੇ ਅਤੇ ਜਸਵੰਤ ਸਿੰਘ ਪੁੜੈਣ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਦੇ ਇੰਚਾਰਜ ਬਗੀਚਾ ਸਿੰਘ ਵੱਲੋਂ ਇਨ੍ਹਾਂ ਦੋਵਾਂ ਨੂੰ ਪੱਤਰ ਵੀ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਸਕੱਤਰ ਨੂੰ ਵੀ ਪੱਤਰ ਭੇਜਿਆ ਗਿਆ ਹੈ ਅਤੇ ਇਨ੍ਹਾਂ ਦੋ ਮੈਂਬਰਾਂ ’ਤੇ ਲਾਈ ਗਈ ਰੋਕ ਬਾਰੇ ਜਾਣੂ ਕਰਵਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਖ਼ਿਲਾਫ਼ ਇਹ ਕਾਰਵਾਈ ਇੱਕ ਇਤਰਾਜ਼ਯੋਗ ਵੀਡੀਓ ਵਾਇਰਲ ਹੋਣ ਤੋਂ ਬਾਅਦ ਕੀਤੀ ਗਈ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵੱਲੋਂ ਜਾਰੀ ਕੀਤੇ ਪੱਤਰ ਵਿੱਚ ਆਖਿਆ ਗਿਆ ਹੈ ਕਿ ਬੀਤੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਮੈਂਬਰ ਮਿੱਠੂ ਸਿੰਘ ਕਾਨੇਕੇ ਤੇ ਜਸਵੰਤ ਸਿੰਘ ਪੁੜੈਣ, ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 15 ਜੂਨ 2026 ਨੂੰ “ਗੁਰੂ ਦੋਖੀ ਤੇ ਖ਼ਾਲਸਾ ਪੰਥ ਵਿਰੋਧੀ” ਐਲਾਨੇ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲੇ ਹਨ। ਇਸ ਲਈ ਦੋਵਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਆਦੇਸ਼ ਅਨੁਸਾਰ 10 ਦਿਨਾਂ ਦੇ ਅੰਦਰ ਨਿੱਜੀ ਰੂਪ ਵਿੱਚ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਹੈ। ਦੋਵਾਂ ਉੱਤੇ ਸ਼੍ਰੋਮਣੀ ਕਮੇਟੀ ਦੀਆਂ ਇਕੱਤਰਤਾਵਾਂ ਵਿੱਚ ਹਿੱਸਾ ਲੈਣ ਦੀ ਪਾਬੰਦੀ ਵੀ ਲਗਾਈ ਗਈ ਹੈ।
ਉਨ੍ਹਾਂ ਆਖਿਆ ਕਿ ਬਤੌਰ ਸਿੱਖ ਸੰਸਥਾ ਦੇ ਨੁਮਾਇੰਦੇ ਹੁੰਦੇ ਹੋਏ ਇਨ੍ਹਾਂ ਮੈਂਬਰਾਂ ਦੀ ਜ਼ਿੰਮੇਵਾਰੀ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਅਤੇ ਇਸ ਉੱਪਰ ਪਹਿਰਾ ਦਿੰਦੇ, ਪਰ ਇਨ੍ਹਾਂ ਨੇ ਮਨਮਰਜ਼ੀ ਕਰਦਿਆਂ ਆਦੇਸ਼ਾਂ ਦੀ ਅਵੱਗਿਆ ਕੀਤੀ ਹੈ। ਇਹ ਦੋਵੇਂ ਜਦੋਂ ਤੱਕ ਸਪਸ਼ਟੀਕਰਨ ਦੇ ਕੇ ਲੱਗੇ ਦੋਸ਼ ਤੋਂ ਸੁਰਖ਼ਰੂ ਨਹੀਂ ਹੋ ਜਾਂਦੇ, ਇਨ੍ਹਾਂ 'ਤੇ ਸ਼੍ਰੋਮਣੀ ਕਮੇਟੀ ਦੀ ਇਕੱਤਰਤਾ ਵਿੱਚ ਸ਼ਾਮਲ ਹੋਣ ’ਤੇ ਰੋਕ ਲਾਈ ਗਈ ਹੈ। ਸ਼੍ਰੋਮਣੀ ਕਮੇਟੀ ਦੇ ਸਕੱਤਰ ਨੂੰ ਇਹ ਪੱਤਰ 29 ਸਤੰਬਰ ਨੂੰ ਜਾਰੀ ਕੀਤਾ ਗਿਆ, ਜਦੋਂ ਕਿ ਦੋਵਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਇਹ ਪੱਤਰ 30 ਸਤੰਬਰ ਨੂੰ ਜਾਰੀ ਕੀਤਾ ਗਿਆ।
ਦੱਸਣਯੋਗ ਹੈ ਕਿ ਅੱਜ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਮੀਟਿੰਗ ਵੀ ਹੈ, ਜਿਸ ਵਿੱਚ ਅੰਤਰਿੰਗ ਕਮੇਟੀ ਮੈਂਬਰ ਮਿੱਠੂ ਸਿੰਘ ਕਾਨੇਕੇ ਨੂੰ ਸ਼ਾਮਲ ਹੋਣ ਤੋਂ ਰੋਕਿਆ ਗਿਆ ਹੈ। ਇਸ ਸਬੰਧ ਵਿੱਚ ਗੱਲ ਕਰਦਿਆਂ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦੇ ਮੈਂਬਰ ਮਿੱਠੂ ਸਿੰਘ ਕਾਨੇਕੇ ਨੇ ਆਖਿਆ ਕਿ ਉਹ ਅੱਜ ਜਦੋਂ ਕਮੇਟੀ ਦੀ ਮੀਟਿੰਗ ਵਿੱਚ ਬੈਠੇ ਸਨ ਤਾਂ ਉਨ੍ਹਾਂ ਨੂੰ ਇਹ ਪੱਤਰ ਦਿਖਾ ਕੇ ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਰੋਕਿਆ ਗਿਆ ਹੈ। ਉਨ੍ਹਾਂ ਆਖਿਆ ਕਿ ਇਸ ਆਦੇਸ਼ ਸਬੰਧੀ ਕੋਈ ਪੱਤਰ ਉਨ੍ਹਾਂ ਨੂੰ ਨਹੀਂ ਮਿਲਿਆ ਹੈ।
ਦੱਸਣਯੋਗ ਹੈ ਕਿ ਮਿੱਠੂ ਸਿੰਘ ਕਾਨੇਕੇ, ਜਸਵੰਤ ਸਿੰਘ ਪੁੜੈਣ ਸਮੇਤ ਪੰਜ ਸਿੱਖਾਂ ਦਾ ਵਫ਼ਦ ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਿਆ ਸੀ ਅਤੇ ਅਨੰਦਪੁਰ ਸਾਹਿਬ ਵਿੱਚ ਵਾਪਰੀ ਘਟਨਾ ਅਤੇ ਬਹਿਰੀਨ ਤੋਂ ਆਈ ਬੀਬੀ ਵੱਲੋਂ ਲਾਏ ਗਏ ਦੋਸ਼ਾਂ ਦੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਸੀ।
ਨਾਨਕਸਰ ਕਲੇਰਾਂ (ਜਗਰਾਉਂ, ਲੁਧਿਆਣਾ) ਤੋਂ ਬਾਬਾ ਲੱਖਾ ਸਿੰਘ ਕੋਲੋਂ ਵੀ ਮੰਗਿਆ ਸਪਸ਼ਟੀਕਰਨ
ਸ਼੍ਰੋਮਣੀ ਕਮੇਟੀ ਦੇ ਦੋ ਮੈਂਬਰਾਂ ਤੋਂ ਬਾਅਦ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਮੁੱਖ ਮੰਤਰੀ ਨੂੰ ਮਿਲਣ ਵਾਲੇ ਨਾਨਕਸਰ ਕਲੇਰਾਂ (ਜਗਰਾਉਂ, ਲੁਧਿਆਣਾ) ਤੋਂ ਬਾਬਾ ਲੱਖਾ ਸਿੰਘ ਕੋਲੋਂ ਵੀ ਦਸ ਦਿਨਾਂ ਵਿੱਚ ਸਪਸ਼ਟੀਕਰਨ ਮੰਗਿਆ ਗਿਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵੱਲੋਂ ਉਨ੍ਹਾਂ ਨੂੰ ਵੀ ਇਸ ਸਬੰਧ ਵਿੱਚ ਪੱਤਰ ਜਾਰੀ ਕੀਤਾ ਗਿਆ ਹੈ।
ਜਾਰੀ ਕੀਤੇ ਪੱਤਰ ਵਿੱਚ ਆਖਿਆ ਗਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਬੀਤੇ ਸਮੇਂ ਪਾਸ ਕੀਤੇ ਗਏ “ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026” ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰਗਟਾਏ ਇਤਰਾਜ਼ਾਂ ਅਤੇ ਚੱਲ ਰਹੇ ਮਾਮਲੇ ਦੇ ਬਾਵਜੂਦ ਉਸ ਨੂੰ ਸਲਾਹੁਣ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ “ਗੁਰੂ ਦੋਖੀ ਤੇ ਖ਼ਾਲਸਾ ਪੰਥ ਵਿਰੋਧੀ” ਐਲਾਨੇ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਤੁਸੀਂ ਨਿੱਜੀ ਰੂਪ ਵਿੱਚ ਮਿਲੇ ਹੋ। ਇਹ ਐਕਟ ਦਾ ਮਾਮਲਾ ਅਜੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵਿਚਾਰਅਧੀਨ ਹੈ। ਇਸ ਐਕਟ ਨੂੰ ਖ਼ਾਲਸਾ ਪੰਥ ਨੇ ਪ੍ਰਵਾਨ ਨਹੀਂ ਕੀਤਾ ਹੈ, ਕਿਉਂਕਿ ਇਸ ਨਾਲ ਸਰਕਾਰ ਦਾ ਸਿੱਖ ਪੰਥ ਵਿੱਚ ਦਖ਼ਲ ਲਈ ਰਾਹ ਖੁੱਲ੍ਹਦਾ ਹੈ। ਪੱਤਰ ਵਿੱਚ ਅੱਗੇ ਕਿਹਾ ਗਿਆ ਹੈ ਕਿ ਆਪ ਇੱਕ ਸਿੱਖ ਪ੍ਰਚਾਰਕ ਹੋ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਨ-ਮਰਿਆਦਾ ਨੂੰ ਕਾਇਮ ਰੱਖਣਾ ਅਤੇ ਆਦੇਸ਼ਾਂ ਦੀ ਪਾਲਣਾ ਕਰਨਾ/ਕਰਵਾਉਣਾ ਤੁਹਾਡਾ ਮੁਢਲਾ ਫ਼ਰਜ਼ ਹੈ। ਆਪ ਵੱਲੋਂ ਇਸ ਨੂੰ ਸਲਾਹੁਣਾ ਮੰਦਭਾਗਾ ਹੈ ਅਤੇ ਤੁਸੀਂ ਇਸ ਜ਼ਿੰਮੇਵਾਰੀ ਦੀ ਅਵੱਗਿਆ ਕੀਤੀ ਹੈ।
ਇਸ ਮਾਮਲੇ ਵਿੱਚ ਨਾਨਕਸਰ ਕਲੇਰਾਂ (ਜਗਰਾਉਂ, ਲੁਧਿਆਣਾ) ਤੋਂ ਬਾਬਾ ਲੱਖਾ ਸਿੰਘ ਨੂੰ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਆਦੇਸ਼ ਅਨੁਸਾਰ ਦਸ ਦਿਨਾਂ ਵਿੱਚ ਨਿੱਜੀ ਰੂਪ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਹੈ।

