ਪੰਜਾਬੀ ਸੰਗੀਤ ਜਗਤ ਵਿੱਚ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਪ੍ਰਸਿੱਧ ਲੋਕ-ਗਾਇਕ ਜੋੜੀ ਮੰਡੇਰ ਬ੍ਰਦਰਜ਼ (ਜਸਕੰਵਰ ਮੰਡੇਰ ਅਤੇ ਨਵਕੰਵਰ ਮੰਡੇਰ) ਵੱਲੋਂ ਅੰਮ੍ਰਿਤਸਰ ਵਿਖੇ ‘ਦਿ ਟ੍ਰਿਬਿਊਨ’ ਵੱਲੋਂ ਕਰਵਾਏ ਸਮਾਗਮ ‘ਦਿ ਟ੍ਰਿਬਿਊਨ ਪੰਜਾਬ ਅਚੀਵਰਜ਼ 2026’ ਦੌਰਾਨ ਆਪਣਾ ਨਵਾਂ ਗੀਤ ‘ਜ਼ਿੰਦਗੀ ਮੇਲੇ ਵਰਗੀ’ ਰਿਲੀਜ਼ ਕੀਤਾ ਗਿਆ।
ਇਸ ਮੌਕੇ ਪੰਜਾਬੀ ਸਿਨੇਮਾ ਦੇ ਪ੍ਰਸਿੱਧ ਫ਼ਿਲਮੀ ਅਦਾਕਾਰ ਬੀਨੂ ਢਿੱਲੋਂ, ਟ੍ਰਿਬਿਊਨ ਸਮੂਹ ਦੇ ਜਨਰਲ ਮੈਨੇਜਰ ਅਮਿਤ ਸ਼ਰਮਾ, ਟ੍ਰਿਬਿਊਨ ਸਮੂਹ ਦੇ ਏ ਜੀ ਐੱਮ ਡਿੰਪਲ ਸਿੰਘ ਅਤੇ ਅਜੈ ਠਾਕੁਰ ਵੀ ਹਾਜ਼ਰ ਸਨ। ਬੀਨੂ ਢਿੱਲੋਂ ਨੇ ਮੰਡੇਰ ਬ੍ਰਦਰਜ਼ ਨੂੰ ਨਵੇਂ ਗੀਤ ਲਈ ਵਧਾਈਆਂ ਦਿੱਤੀ ਅਤੇ ਉਨ੍ਹਾਂ ਦੇ ਸੁਨਿਹਰੇ ਭਵਿੱਖ ਦੀ ਕਾਮਨਾ ਕੀਤੀ। ਇਸ ਨਵੇਂ ਪ੍ਰਾਜੈਕਟ ਬਾਰੇ ਗੱਲ ਕਰਦਿਆਂ ਮੰਡੇਰ ਬ੍ਰਦਰਜ਼ ਨੇ ਦੱਸਿਆ ਕਿ ਉਨ੍ਹਾਂ ਦਾ ਇਹ ਗੀਤ ਜ਼ਿੰਦਗੀ ਦੇ ਖੂਬਸੂਰਤ ਰੰਗਾਂ ਨੂੰ ਬਾਖੂਬੀ ਬਿਆਨ ਕਰਦਾ ਹੈ। ਗੀਤ ਦੇ ਬੋਲ ਦਵਿੰਦਰ ਸਿੰਘ ਬੋਪਾਰਾਏ ਨੇ ਲਿਖੇ ਹਨ ਜਦਕਿ ਇਸ ਦਾ ਸੰਗੀਤ ਵਿਕਰਮ ਸੰਘਾ ਵੱਲੋਂ ਤਿਆਰ ਕੀਤਾ ਗਿਆ ਹੈ।
ਮੰਡੇਰ ਬ੍ਰਦਰਜ਼ ਜਸਕੰਵਰ ਮੰਡੇਰ ਅਤੇ ਨਵਕੰਵਰ ਮੰਡੇਰ ਦੀ ਜੋੜੀ ਨੇ ਪੰਜਾਬੀ ਲੋਕ ਸੰਗੀਤ ਵਿੱਚ ਆਪਣੀ ਮਿਹਨਤ ਅਤੇ ਸੁਰੀਲੀ ਆਵਾਜ਼ ਸਦਕਾ ਬਹੁਤ ਘੱਟ ਸਮੇਂ ਵਿੱਚ ਵੱਡਾ ਮੁਕਾਮ ਹਾਸਲ ਕੀਤਾ ਹੈ। ਇਸ ਤੋਂ ਪਹਿਲਾਂ ਵੀ ਮੰਡੇਰ ਬ੍ਰਦਰਜ਼ ਦੇ ਵਧੇਰੇ ਗੀਤਾਂ ਨੇ ਲੋਕਾਂ ਦਾ ਮਨ ਜਿੱਤ ਲਿਆ ਹੈ।
ਇਹ ਜੋੜੀ ਹਮੇਸ਼ਾ ਸਾਫ਼-ਸੁਥਰੇ ਅਤੇ ਪੰਜਾਬੀ ਵਿਰਸੇ ਨਾਲ ਜੁੜੇ ਗੀਤਾਂ ਲਈ ਜਾਣੀ ਜਾਂਦੀ ਹੈ। ਇਸ ਮੌਕੇ ਮੌਜੂਦ ਮਹਿਮਾਨਾਂ ਅਤੇ ਕਲਾਕਾਰਾਂ ਨੇ ਮੰਡੇਰ ਬ੍ਰਦਰਜ਼ ਨੂੰ ਉਨ੍ਹਾਂ ਦੇ ਇਸ ਨਵੇਂ ਪ੍ਰਾਜੈਕਟ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਮੀਦ ਪ੍ਰਗਟਾਈ ਕਿ ਇਹ ਗੀਤ ਪੰਜਾਬੀ ਸਰੋਤਿਆਂ ਦੀਆਂ ਉਮੀਦਾਂ ਉੱਤੇ ਪੂਰਾ ਉਤਰੇਗਾ।

