DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

SGPC ਦੀਆਂ ਸਰਾਵਾਂ ਦੇ ਨਾਂਅ ’ਤੇ ਔਨਲਾਈਨ ਠੱਗੀ ਤੋਂ ਪ੍ਰਬੰਧਕ ਪਰੇਸ਼ਾਨ; ਸਰਕਾਰ ਤੇ ਪ੍ਰਸ਼ਾਸਨ ਚੁੱਪ

ਸਾਰਾਗੜ੍ਹੀ ਨਿਵਾਸ ਸਮੇਤ ਹੋਰ ਸਰਾਵਾਂ ਲਈ ਬਣਾਈਆਂ 500 ਤੋਂ ਵੱਧ ਫ਼ਰਜ਼ੀ ਵੈੱਬਸਾਈਟਾਂ

  • fb
  • twitter
  • whatsapp
  • whatsapp
featured-img featured-img
SGPC ਦੀਆਂ ਸਰਾਵਾਂ ਦੇ ਨਾਂਅ ’ਤੇ ਔਨਲਾਈਨ ਠੱਗੀ ਤੋਂ ਪ੍ਰਬੰਧਕ ਪਰੇਸ਼ਾਨ; ਸਰਕਾਰ ਤੇ ਪ੍ਰਸ਼ਾਸਨ ਚੁੱਪ
Advertisement

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਸਰਾਵਾਂ ਦੇ ਨਾਂਅ ’ਤੇ ਹੋ ਰਹੀ ਔਨਲਾਈਨ ਠੱਗੀ ਗੁਰੂ ਘਰ ਦੇ ਪ੍ਰਬੰਧਕਾਂ ਵਾਸਤੇ ਸਿਰਦਰਦੀ ਦਾ ਸਬੱਬ ਬਣੀ ਹੋਈ ਹੈ। ਇਸ ਮਾਮਲੇ ਵਿੱਚ ਪੁਲੀਸ ਅਤੇ ਸਰਕਾਰ ਦਾ ਕੋਈ ਸਹਿਯੋਗ ਨਾ ਹੋਣ ਕਾਰਨ ਨਾ ਸਿਰਫ਼ ਗੁਰੂ ਘਰ ਵਿਖੇ ਨਤਮਸਤਕ ਹੋਣ ਆਉਂਦੇ ਸ਼ਰਧਾਲੂ ਠੱਗੀ ਦਾ ਸ਼ਿਕਾਰ ਹੋ ਰਹੇ ਹਨ, ਸਗੋਂ ਇਸ ਨਾਲ ਸਿੱਖ ਸੰਸਥਾ ਦੀ ਸਾਖ ਨੂੰ ਵੀ ਢਾਹ ਲੱਗ ਰਹੀ ਹੈ।

ਦੇਸ਼-ਵਿਦੇਸ਼ ਤੋਂ ਨਤਮਸਤਕ ਹੋਣ ਲਈ ਆਉਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੁਝ ਸਰਾਵਾਂ ਵਿੱਚ ਕਮਰੇ ਔਨਲਾਈਨ ਬੁੱਕ ਕਰਨ ਦੀ ਸਹੂਲਤ ਦਿੱਤੀ ਹੋਈ ਹੈ। ਇਸ ਸਹੂਲਤ ਦਾ ਸਾਈਬਰ ਠੱਗਾਂ ਵੱਲੋਂ ਨਾਜਾਇਜ਼ ਲਾਹਾ ਲਿਆ ਜਾ ਰਿਹਾ ਹੈ। ਜਾਅਲੀ ਵੈੱਬਸਾਈਟਾਂ, ਕਿਊ.ਆਰ. ਕੋਡ, ਫ਼ਰਜ਼ੀ ਰਸੀਦਾਂ ਅਤੇ ਐੱਸ.ਜੀ.ਪੀ.ਸੀ. ਦੇ ਲੋਗੋ ਦੀ ਦੁਰਵਰਤੋਂ ਕਰਕੇ ਸ਼ਰਧਾਲੂਆਂ ਤੋਂ ਪੈਸੇ ਠੱਗਣ ਦੇ ਮਾਮਲੇ ਨਿਰੰਤਰ ਸਾਹਮਣੇ ਆ ਰਹੇ ਹਨ। ਅਜਿਹੀ ਠੱਗੀ ਨੂੰ ਰੋਕਣ ਵਾਸਤੇ ਸਿੱਖ ਸੰਸਥਾ ਵੱਲੋਂ ਲਗਾਤਾਰ ਯਤਨ ਵੀ ਕੀਤੇ ਜਾ ਰਹੇ ਹਨ, ਪਰ ਪ੍ਰਬੰਧਕ ਇਸ ਠੱਗੀ ਨੂੰ ਰੋਕਣ ਵਿੱਚ ਹੁਣ ਤੱਕ ਅਸਫ਼ਲ ਹਨ।

Advertisement

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਸਰਾਵਾਂ ਦੇ ਮੈਨੇਜਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਈਬਰ ਠੱਗ ਲਗਾਤਾਰ ਨਵੀਆਂ ਵੈੱਬਸਾਈਟਾਂ ਤਿਆਰ ਕਰਕੇ ਸੰਗਤਾਂ ਨੂੰ ਕਮਰੇ ਬੁੱਕ ਕਰਨ ਦੇ ਨਾਂਅ ’ਤੇ ਠੱਗ ਰਹੇ ਹਨ। ਉਨ੍ਹਾਂ ਦੱਸਿਆ ਕਿ ਸਾਰਾਗੜ੍ਹੀ ਨਿਵਾਸ ਸਮੇਤ 3 ਸਰਾਵਾਂ ਵਿੱਚ ਕਮਰੇ ਔਨਲਾਈਨ ਬੁੱਕ ਕਰਨ ਦੀ ਸਹੂਲਤ ਦਿੱਤੀ ਹੋਈ ਹੈ। ਸਾਰਾਗੜ੍ਹੀ ਨਿਵਾਸ ਵਿੱਚ ਕਮਰਿਆਂ ਦਾ ਕਿਰਾਇਆ ਲਗਭਗ 1000 ਅਤੇ 1600 ਰੁਪਏ ਹੈ, ਜਦਕਿ ਜਾਅਲੀ ਵੈੱਬਸਾਈਟਾਂ ਰਾਹੀਂ ਸ਼ਰਧਾਲੂਆਂ ਤੋਂ 2500 ਤੋਂ 3500 ਰੁਪਏ ਤੱਕ ਅਤੇ ਕਈ ਵਾਰ ਇਸ ਤੋਂ ਵੀ ਜ਼ਿਆਦਾ ਰਕਮ ਵਸੂਲ ਕੀਤੇ ਜਾਣ ਦੀਆਂ ਸ਼ਿਕਾਇਤਾਂ ਮਿਲੀਆਂ ਹਨ। ਔਸਤਨ ਰੋਜ਼ ਹੀ ਪੰਜ-ਛੇ ਸ਼ਿਕਾਇਤਾਂ ਮਿਲਦੀਆਂ ਹਨ। ਠੱਗੀ ਮਾਰਨ ਵਾਲੇ ਐੱਸ.ਜੀ.ਪੀ.ਸੀ. ਦਾ ਲੋਗੋ ਲਗਾ ਕੇ ਜਾਅਲੀ ਰਸੀਦਾਂ ਵੀ ਤਿਆਰ ਕਰ ਰਹੇ ਹਨ।

Advertisement

ਮੈਨੇਜਰ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ 7 ਮਈ 2025 ਨੂੰ ਪੁਲੀਸ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ। ਪੁਲੀਸ ਪ੍ਰਸ਼ਾਸਨ ਨੂੰ ਸਾਈਬਰ ਠੱਗੀ ਦੀਆਂ ਘਟਨਾਵਾਂ ਬਾਰੇ ਕਈ ਵਾਰ ਜਾਣੂ ਕਰਵਾਇਆ ਜਾ ਚੁੱਕਾ ਹੈ, ਪਰ ਉਮੀਦ ਮੁਤਾਬਕ ਕੋਈ ਠੋਸ ਕਾਰਵਾਈ ਨਹੀਂ ਹੋਈ। ਉਨ੍ਹਾਂ ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ਤੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਾਈਬਰ ਠੱਗਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।

ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਇੰਟਰਨੈੱਟ ਵਿਭਾਗ ਵੱਲੋਂ ਅਜਿਹੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਨਕਲੀ ਵੈੱਬਸਾਈਟਾਂ ਨੂੰ ਬੰਦ ਕਰਵਾਉਣ ਲਈ ਸਬੰਧਤ ਡੋਮੇਨ ਕੰਪਨੀਆਂ ਨਾਲ ਸੰਪਰਕ ਕੀਤਾ ਗਿਆ ਹੈ। ਹੁਣ ਤੱਕ ਵੱਡੀ ਗਿਣਤੀ ਵਿੱਚ ਲਗਭਗ 500 ਤੋਂ ਵੱਧ ਜਾਅਲੀ ਵੈੱਬਸਾਈਟਾਂ ਨੂੰ ਬੰਦ ਕਰਵਾਇਆ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਹੁਣ ਸਾਈਬਰ ਠੱਗ ਯੂਰਪੀਅਨ ਡੋਮੇਨ ਦੀ ਵਰਤੋਂ ਕਰ ਰਹੇ ਹਨ।

ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਸਬੰਧ ਵਿੱਚ ਸ਼ਰਧਾਲੂਆਂ ਤੇ ਯਾਤਰੂਆਂ ਨੂੰ ਜਾਣੂ ਕਰਵਾਉਣ ਵਾਸਤੇ ਵਧੇਰੇ ਪ੍ਰਚਾਰ ਰਾਹੀਂ ਜਾਗਰੂਕ ਕੀਤਾ ਜਾਵੇਗਾ।ਪ੍ਰਬੰਧਕਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਸਰਾਵਾਂ ਵਿੱਚ ਕਮਰੇ ਬੁੱਕ ਕਰਵਾਉਣ ਸਮੇਂ ਸਿਰਫ਼ ਅਧਿਕਾਰਤ ਵੈੱਬਸਾਈਟ www.sgpcsarai.com ਦੀ ਹੀ ਵਰਤੋਂ ਕੀਤੀ ਜਾਵੇ। ਕਿਸੇ ਅਣਜਾਣ ਵੈੱਬਸਾਈਟ, ਫੋਨ ਨੰਬਰ ਜਾਂ ਕਿਊ.ਆਰ. ਕੋਡ ਰਾਹੀਂ ਪੈਸੇ ਟਰਾਂਸਫਰ ਕਰਨ ਤੋਂ ਪਹਿਲਾਂ ਉਸ ਦੀ ਪੂਰੀ ਪੁਸ਼ਟੀ ਕੀਤੀ ਜਾਵੇ।

Advertisement
×