ਐੱਨਡੀਪੀਐੱਸ ਐਕਟ ਅਧੀਨ ਕਾਬੂ ਵਿਅਕਤੀ ਦੀ ਪੁਲੀਸ ਹਿਰਾਸਤ ’ਚ ਮੌਤ
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਜੀ ਟੀ ਰੋਡ ਜਾਮ
Advertisement
ਸਥਾਨਕ ਪੁਲੀਸ ਥਾਣੇ ਵਿੱਚ ਅੱਜ ਐੱਨਡੀਪੀਐੱਸ ਐਕਟ ਅਧੀਨ ਬੰਦ ਕੀਤੇ ਇੱਕ ਵਿਅਕਤੀ ਦੀ ਭੇਦ ਭਰੇ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਲਾਭ ਸਿੰਘ ਵਾਸੀ ਪਿੰਡ ਕਿਲ੍ਹਾ ਜੀਵਨ ਸਿੰਘ ਵੱਜੋਂ ਹੋਈ। ਇਸ ਮੌਤ ਦੇ ਰੋਸ ਵਜੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਥਾਣੇ ਦੇ ਸਾਹਮਣੇ ਧਰਨਾ ਦਿੰਦਿਆਂ ਅੰਮ੍ਰਿਤਸਰ-ਜਲੰਧਰ ਜੀਟੀ ਰੋਡ ਜਾਮ ਕਰ ਦਿੱਤਾ ਅਤੇ ਪੁਲੀਸ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਇਨਸਾਫ ਦੀ ਮੰਗ ਕੀਤੀ।
ਇਸ ਸਬੰਧੀ ਗੱਲਬਾਤ ਕਰਦਿਆਂ ਐੱਸਪੀ ਹੈਡ ਕੁਆਰਟਰ ਤੇਜਵੀਰ ਸਿੰਘ ਤੇ ਡੀਐੱਸਪੀ ਗੁਰਿੰਦਰਪਾਲ ਨਾਗਰਾ ਨੇ ਦੱਸਿਆ ਇਥੋਂ ਨਜ਼ਦੀਕੀ ਪਿੰਡ ਕਿਲਾ ਜੀਵਨ ਸਿੰਘ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਪੁੱਤਰ ਲਾਭ ਸਿੰਘ, ਜੋ ਐੱਨਡੀਪੀਐੱਸ ਐਕਟ ਅਧੀਨ ਦਰਜ 326 ਨੰਬਰ ਪਰਚੇ ਵਿੱਚ ਇੱਕ ਹੋਰ ਵਿਅਕਤੀ ਸਮੇਤ ਹਿਰਾਸਤ ਵਿੱਚ ਲਿਆ ਗਿਆ ਸੀ, ਦੀ ਸਵੇਰੇ ਅਚਾਨਕ ਤਬੀਅਤ ਖਰਾਬ ਹੋ ਗਈ ਜਿਸ ਨੂੰ ਤੁਰੰਤ ਸਰਕਾਰੀ ਹਸਪਤਾਲ ਮਾਨਾਂਵਾਲਾ ਵਿਖੇ ਲਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਉਨ੍ਹਾਂ ਕਿਹਾ ਮ੍ਰਿਤਕ ਦੂਸਰਾ ਸਾਥੀ ਬਿਲਕੁਲ ਠੀਕ ਠਾਕ ਹੈ। ਐੱਸਪੀ ਤੇਜਵੀਰ ਸਿੰਘ ਨੇ ਕਿਹਾ ਮਾਮਲੇ ਦੀ ਜੂਡੀਸ਼ਅਲ ਜਾਂਚ ਹੋਵੇਗੀ, ਜਿਸ ਲਈ ਜੱਜ ਸਾਹਿਬਾਨ ਮੌਕੇ ਉੱਪਰ ਆ ਰਹੇ ਹਨ। ਠਾਣੇ ਵਿੱਚ ਥਾਂ-ਥਾਂ ਉੱਪਰ ਸੀਸੀਟੀਵੀ ਕੈਮਰੇ ਲੱਗੇ ਹਨ, ਜਿਨਾਂ ਦੇ ਫੁਟੇਜ ਵੀ ਖੰਗਾਲੀ ਜਾਵੇਗੀ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਪ੍ਰਦਰਸ਼ਨ ਦੌਰਾਨ ਡੀਐੱਸਪੀ ਜੰਡਿਆਲਾ ਗੁਰੂ ਰਵਿੰਦਰ ਸਿੰਘ ਅਤੇ ਹੋਰ ਥਾਣਿਆਂ ਦੇ ਐੱਸ ਐੱਚ ਓ ਭਾਰੀ ਫੋਰਸ ਨਾਲ ਮੌਜੂਦ ਸਨ ਅਤੇ ਲਗਾਤਾਰ ਮ੍ਰਿਤਕ ਦੇ ਪਰਿਵਾਰ ਵਾਲਿਆਂ ਨਾਲ ਗੱਲਬਾਤ ਕਰਕੇ ਆਵਾਜਾਈ ਚਾਲੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਿਛਲੇ ਪੰਜ ਘੰਟਿਆਂ ਤੋਂ ਹਾਈਵੇ ਉੱਪਰ ਜਾਮ ਲੱਗਏ ਜਾਮ ਵਿੱਚ ਦਰਬਾਰ ਸਾਹਿਬ ਮੱਥਾ ਟੇਕਣ ਆਉਣ ਵਾਲੇ ਸ਼ਰਧਾਲੂ, ਬਰਾਤਾਂ ਵਾਲੀਆਂ ਗੱਡੀਆਂ ਅਤੇ ਕਈ ਵਿਦਿਆਰਥੀ ਜਿਨਾਂ ਦੀਆਂ ਅੱਜ ਪ੍ਰੀਖਿਆਵਾਂ ਹਨ ਜਾਮ ਵਿੱਚ ਫਸੇ ਦਿਖਾਈ ਦਿੱਤੇ। ਖ਼ਬਰ ਲਿਖੇ ਜਾਣ ਤੱਕ ਹਾਈਵੇ ਉੱਪਰ ਜਾਮ ਲੱਗਾ ਹੋਇਆ ਸੀ।
Advertisement
×

