Machhiwara: ਸਾਬਕਾ ਫ਼ੌਜੀ ਅਤੇ ਉਸ ਦੇ ਪੁੱਤਰ ਦੀ ਕੁੱਟਮਾਰ ਮਾਮਲੇ 'ਚ ਜਥੇਦਾਰ ਵੱਲੋਂ ਸਖ਼ਤ ਕਾਰਵਾਈ ਦੀ ਚਿਤਾਵਨੀ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਬੀਤੀ ਰਾਤ ਮਾਛੀਵਾੜਾ ਸਾਹਿਬ ਵਿੱਚ ਇੱਕ ਕਿਰਤੀ ਸਿੱਖ ਕਿਸਾਨ (ਸਾਬਕਾ ਫ਼ੌਜੀ) ਕੁਲਦੀਪ ਸਿੰਘ ਨਾਲ ਅਤੇ ਉਸ ਦੇ ਪੁੱਤਰ ਸੁਮਨਪ੍ਰੀਤ ਸਿੰਘ (16) ਨਾਲ ਨਗਰ ਕੌਂਸਲ ਦੇ ਕਰਮਚਾਰੀਆਂ ਵੱਲੋਂ ਬੇਰਹਿਮੀ ਨਾਲ...
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਬੀਤੀ ਰਾਤ ਮਾਛੀਵਾੜਾ ਸਾਹਿਬ ਵਿੱਚ ਇੱਕ ਕਿਰਤੀ ਸਿੱਖ ਕਿਸਾਨ (ਸਾਬਕਾ ਫ਼ੌਜੀ) ਕੁਲਦੀਪ ਸਿੰਘ ਨਾਲ ਅਤੇ ਉਸ ਦੇ ਪੁੱਤਰ ਸੁਮਨਪ੍ਰੀਤ ਸਿੰਘ (16) ਨਾਲ ਨਗਰ ਕੌਂਸਲ ਦੇ ਕਰਮਚਾਰੀਆਂ ਵੱਲੋਂ ਬੇਰਹਿਮੀ ਨਾਲ ਕੀਤੀ ਗਈ ਕੁੱਟਮਾਰ ਦਾ ਗੰਭੀਰ ਨੋਟਿਸ ਲਿਆ ਹੈ। ਸਿੱਖ ਕਿਸਾਨ ਦੇ ਸਿਰ ’ਤੇ ਗੰਭੀਰ ਸੱਟ ਲੱਗੀ ਹੈ, ਜਦਕਿ ਉਸ ਨੂੰ ਸੱਜੇ ਕੰਨ ਨਾਲ ਸੁਣਨ ਅਤੇ ਸੱਜੀ ਅੱਖ ਨਾਲ ਵੇਖਣ ਵਿੱਚ ਮੁਸ਼ਕਿਲ ਆ ਰਹੀ ਹੈ।
ਜਥੇਦਾਰ ਨੇ ਖੰਨਾ ਪੁਲੀਸ ਪ੍ਰਸ਼ਾਸਨ ਨੂੰ ਨਗਰ ਕੌਂਸਲ ਦੇ ਮੁਲਜ਼ਮ ਕਰਮਚਾਰੀਆਂ ਦੀ ਪਛਾਣ ਉਪਰੰਤ ਇਨ੍ਹਾਂ ਵਿਰੁੱਧ ਪਰਚਾ ਦਰਜ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਕਰਨ ਲਈ ਆਖਿਆ ਹੈ। ਜਥੇਦਾਰ ਨੇ ਸਖ਼ਤੀ ਨਾਲ ਕਿਹਾ ਕਿ ਜੇਕਰ 24 ਘੰਟਿਆਂ ਦੇ ਅੰਦਰ ਮੁਲਜ਼ਮ ਵਿਅਕਤੀਆਂ ਵਿਰੁੱਧ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਉਹ ਪੀੜਤ ਸਿੱਖ ਨੌਜਵਾਨ ਪਰਿਵਾਰ ਨਾਲ ਮੁਲਾਕਾਤ ਕਰਕੇ ਅਗਲੀ ਕਾਰਵਾਈ ਲਈ ਖੁਦ ਉਨ੍ਹਾਂ ਦਾ ਸਾਥ ਦੇਣ ਪਹੁੰਚਣਗੇ।
ਉਨਾ ਨੇ ਕਿਹਾ ਕਿ ਜੇਕਰ ਅੱਜ ਇੱਕ ਸੇਵਾਮੁਕਤ ਫ਼ੌਜੀ ਨਾਲ ਸਥਾਨਕ ਨਗਰ ਪ੍ਰਸ਼ਾਸਨ ਇਸ ਤਰ੍ਹਾਂ ਧੱਕਾ ਕਰ ਰਿਹਾ ਹੈ ਤਾਂ ਇਸ ਤੋਂ ਆਮ ਲੋਕਾਂ ਨਾਲ ਕੀਤੇ ਜਾ ਰਹੇ ਧੱਕੇ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਉਨ੍ਹਾਂ ਨੇ ਖੰਨਾ ਦੇ ਐੱਸ.ਐੱਸ.ਪੀ ਅਤੇ ਮਾਛੀਵਾੜਾ ਦੇ ਨਗਰ ਕੌਂਸਲ ਪ੍ਰਧਾਨ ਨਾਲ ਖੁਦ ਗੱਲ ਕਰਕੇ ਮੁਲਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਲਈ ਆਖਿਆ ਹੈ।
ਜਾਣਕਾਰੀ ਅਨੁਸਾਰ ਪੀੜਤ ਸਿੱਖ ਨੌਜਵਾਨ ਭਾਰਤੀ ਫ਼ੌਜ ਵਿੱਚੋਂ ਸੇਵਾਮੁਕਤ ਫ਼ੌਜੀ ਹੈ ਜੋ ਹੁਣ ਕਿਸਾਨੀ ਦੀ ਕਿਰਤ ਕਰਕੇ ਆਪਣੇ ਖੇਤਾਂ ਵਿੱਚ ਸਬਜ਼ੀਆਂ ਬੀਜ ਕੇ ਬਜ਼ਾਰ ਵਿੱਚ ਖੁਦ ਵੇਚਦਾ ਹੈ। ਨਗਰ ਕੌਂਸਲ ਕਰਮਚਾਰੀਆਂ ਨੇ ਸਿੱਖ ਨੌਜਵਾਨ ਨੂੰ ਕੇਵਲ ਇਸ ਕਰਕੇ ਬੇਰਹਿਮੀ ਨਾਲ ਕੁੱਟਿਆ ਕਿਉਂਕਿ ਉਸ ਨੇ ਕੁੱਟਮਾਰ ਦੀ ਘਟਨਾ ਤੋਂ ਕੁਝ ਸਮਾਂ ਪਹਿਲਾਂ ਉਸ ਦੀ ਟਰਾਲੀ ਹਟਾਉਣ ਆਏ ਨਗਰ ਕੌਂਸਲ ਮੁਲਾਜ਼ਮਾਂ ਨੂੰ ਕੇਵਲ ਇਹ ਸਵਾਲ ਕੀਤਾ ਸੀ ਕਿ ਜਿੱਥੇ ਇੰਨੀਆਂ ਹੋਰ ਰੇਹੜੀਆਂ ਲੱਗੀਆਂ ਹੋਈਆਂ ਹਨ, ਉੱਥੇ ਉਸ ਦੇ ਟਰੈਕਟਰ ਲੱਗਣ ਨਾਲ ਕੀ ਫਰਕ ਪੈਂਦਾ ਹੈ। ਗੁੱਸੇ ਵਿੱਚ ਆਏ ਨਗਰ ਕੌਂਸਲ ਮੁਲਾਜ਼ਮ ਪਹਿਲਾਂ ਉਸ ਦਾ ਕੰਡਾ ਚੁੱਕ ਕੇ ਲੈ ਗਏ, ਕੁਝ ਸਮੇਂ ਬਾਅਦ ਉਸ ਨੂੰ ਕੁੱਟਣ ਲਈ ਆ ਗਏ। ਕਮਰਚਾਰੀਆਂ ਨੇ ਕਿਰਤੀ ਕਿਸਾਨ ਅਤੇ ਉਸ ਦੇ ਪੁੱਤਰ ਨੂੰ ਬੇਰਹਿਮੀ ਨਾਲ ਕੁੱਟਿਆ।
ਜਥੇਦਾਰ ਗੜਗੱਜ ਨੇ ਕਿਹਾ ਕਿ ਪੰਜਾਬ ਦੇ ਕਿਰਤੀ ਸਿੱਖ ਕਿਸਾਨਾਂ ਨਾਲ ਅਜਿਹਾ ਵਿਵਹਾਰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ, ਜਦਕਿ ਸ਼ਹਿਰਾਂ ਅਤੇ ਨਗਰਾਂ ਅੰਦਰ ਸ਼ਰੇਆਮ ਪੈਸੇ ਲੈ ਕੇ ਸੂਬੇ ਤੋਂ ਬਾਹਰੀ ਲੋਕਾਂ ਦੀਆਂ ਰੇੜੀਆਂ ਫੜੀਆਂ ਲੁਆਈਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੇ ਸਿੱਖ ਨੌਜਵਾਨ ਆਪਣੀ ਮਿਹਨਤ ਸਦਕਾ ਕੋਈ ਸੱਚੀ-ਸੁੱਚੀ ਕਿਰਤ ਕਰਦੇ ਹਨ ਤਾਂ ਸਰਕਾਰੀ ਸ਼ਹਿ ਵਾਲੇ ਗੁੰਡਾ ਅਨਸਰ ਉਨ੍ਹਾਂ ਨੂੰ ਸੂਬੇ ਅੰਦਰ ਤੰਗ ਪਰੇਸ਼ਾਨ ਕਰ ਰਹੇ ਹਨ, ਜਿਸ ਨੂੰ ਤੁਰੰਤ ਪ੍ਰਭਾਵ ਨਾਲ ਨੱਥ ਪਾਈ ਜਾਵੇ।

