ਲੱਕੀ ਉਬਰਾਏ ਕਤਲ ਕੇਸ: ਮੁੱਖ ਮੁਲਜ਼ਮ ਸੰਖੇਪ ਮੁਕਾਬਲੇ ਤੋਂ ਬਾਅਦ ਕਾਬੂ, ਪਿਸਤੌਲ ਬਰਾਮਦ
ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਖਾਸਾ ਖੇਤਰ ਵਿੱਚ ਸੰਖੇਪ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਲੱਕੀ ਉਬਰਾਏ ਕਤਲ ਕੇਸ ਵਿੱਚ ਸ਼ਾਮਲ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ । ਉਸ ਦੇ ਕੋਲੋ ਇਕ ਬੇਰੇਟਾ .30 ਬੋਰ ਪਿਸਤੌਲ ਬਰਾਮਦ ਕੀਤਾ ਹੈ। ਡੀਆਈਜੀ ਬਾਰਡਰ...
ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਖਾਸਾ ਖੇਤਰ ਵਿੱਚ ਸੰਖੇਪ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਲੱਕੀ ਉਬਰਾਏ ਕਤਲ ਕੇਸ ਵਿੱਚ ਸ਼ਾਮਲ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ । ਉਸ ਦੇ ਕੋਲੋ ਇਕ ਬੇਰੇਟਾ .30 ਬੋਰ ਪਿਸਤੌਲ ਬਰਾਮਦ ਕੀਤਾ ਹੈ। ਡੀਆਈਜੀ ਬਾਰਡਰ ਰੇਂਜ ਸੰਦੀਪ ਗੋਇਲ ਨੇ ਇਸ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਸ਼ਮਿੰਦਰ ਸਿੰਘ ਵਜੋਂ ਹੋਈ ਹੈ, ਜੋ ਕਿ ਜਲੰਧਰ ਦੇ ਮਿੱਠਾਪੁਰ ਦਾ ਰਹਿਣ ਵਾਲਾ ਹੈ।
ਜ਼ਿਕਰਯੋਗ ਹੈ ਕਿ ਸਤਵਿੰਦਰਪਾਲ ਸਿੰਘ ਉਰਫ਼ ਲੱਕੀ ਉਬਰਾਏ ਨੂੰ ਸ਼ੁੱਕਰਵਾਰ ਸਵੇਰੇ ਮਾਡਲ ਟਾਊਨ, ਜਲੰਧਰ ਦੇ ਗੁਰਦੁਆਰਾ ਸਿੰਘ ਸਭਾ ਪਾਰਕਿੰਗ ਵਿੱਚ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਉਹ ਉਸ ਵੇਲੇ ਮੱਥਾ ਟੇਕਣ ਤੋਂ ਬਾਅਦ ਵਾਪਸ ਜਾ ਰਿਹਾ ਸੀ।
ਡੀਆਈਜੀ ਨੇ ਕਿਹਾ ਕਿ ਘਟਨਾ ਤੋਂ ਤੁਰੰਤ ਬਾਅਦ, ਅਪਰਾਧ ਵਿੱਚ ਸ਼ਾਮਲ ਮੁਲਜ਼ਮਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦਾ ਪਤਾ ਲਗਾਉਣ ਲਈ ਯਤਨ ਸ਼ੁਰੂ ਕੀਤੇ ਗਏ ਸਨ। ਭਰੋਸੇਯੋਗ ਖੁਫੀਆ ਜਾਣਕਾਰੀ ਦੇ ਆਧਾਰ ’ਤੇ, ਇਹ ਪਤਾ ਲੱਗਾ ਸੀ ਕਿ ਇੱਕ ਮੁਲਜ਼ਮ, ਸ਼ਮਿੰਦਰ ਸਿੰਘ, ਕਤਲ ਕਰਨ ਤੋਂ ਬਾਅਦ ਗ੍ਰਿਫ਼ਤਾਰੀ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਅਤੇ ਖਾਸਾ ਖੇਤਰ ਵਿੱਚ ਹੈ। ਇਸ ਜਾਣਕਾਰੀ ’ਤੇ ਤੁਰੰਤ ਕਾਰਵਾਈ ਕਰਦੇ ਹੋਏ, ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਨਾਲ ਲੱਗਦੇ ਇਲਾਕਿਆਂ ਵਿੱਚ ਨਾਕੇ ਲਗਾਏ ਅਤੇ ਜਾਂਚ ਤੇਜ਼ ਕਰ ਦਿੱਤੀ।
ਹੋਰ ਵੇਰਵੇ ਸਾਂਝੇ ਕਰਦੇ ਹੋਏ ਐਸਐਸਪੀ ਸੁਹੇਲ ਕਾਸਿਮ ਮੀਰ ਨੇ ਕਿਹਾ ਕਿ ਇਸ ਕਾਰਵਾਈ ਦੌਰਾਨ ਮੁਲਜ਼ਮ ਨੂੰ ਮੋਟਰਸਾਈਕਲ ’ਤੇ ਆਉਂਦੇ ਦੇਖਿਆ ਗਿਆ ਅਤੇ ਜਦੋਂ ਪੁਲੀਸ ਪਾਰਟੀ ਨੇ ਉਸਨੂੰ ਰੁਕਣ ਦਾ ਇਸ਼ਾਰਾ ਕੀਤਾ, ਤਾਂ ਮੁਲਜ਼ਮ ਘਬਰਾ ਗਿਆ ਅਤੇ ਆਪਣਾ ਮੋਟਰਸਾਈਕਲ ਪਿੱਛੇ ਮੋੜਨ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਉਹ ਕੰਟਰੋਲ ਗੁਆ ਬੈਠਾ ਅਤੇ ਹੇਠਾਂ ਡਿੱਗ ਪਿਆ।
ਇਸ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਵਿੱਚ ਮੁਲਜ਼ਮ ਨੇ ਪੁਲੀਸ ਪਾਰਟੀ ’ਤੇ ਗੋਲੀਬਾਰੀ ਕੀਤੀ। ਪੁਲੀਸ ਨੇ ਸਵੈ-ਰੱਖਿਆ ਵਿੱਚ ਕਾਰਵਾਈ ਵਿੱਚ ਜਵਾਬੀ ਗੋਲੀਬਾਰੀ ਕੀਤੀ ਗਈ, ਜਿਸ ਦੌਰਾਨ ਮੁਲਜ਼ਮ ਨੂੰ ਗੋਲੀ ਲੱਗੀ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਇਲਾਜ ਲਈ ਹਸਪਤਾਲ ਭੇਜਿਆ ਗਿਆ।
ਐਸਐਸਪੀ ਨੇ ਕਿਹਾ ਕਿ ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਲੱਕੀ ਉਬਰਾਏ ਦੇ ਕਤਲ ਵਿੱਚ ਇੱਕ ਹੋਰ ਵਿਅਕਤੀ ਦੀ ਸ਼ਮੂਲੀਅਤ ਬਾਰੇ ਮਹੱਤਵਪੂਰਨ ਖੁਲਾਸੇ ਕੀਤੇ ਹਨ। ਇਨ੍ਹਾਂ ਖੁਲਾਸਿਆਂ ਦੇ ਆਧਾਰ ’ਤੇ ਬਾਕੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਲਈ ਛਾਪੇਮਾਰੀ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

