LPG Price hike: ‘ਆਪ’ ਵੱਲੋਂ ਵਪਾਰਕ ਗੈਸ ਸਿਲੰਡਰਾਂ ਦੀਆਂ ਵਧਦੀਆਂ ਕੀਮਤਾਂ ਖ਼ਿਲਾਫ ਪ੍ਰਦਰਸ਼ਨ
ਅੰਮ੍ਰਿਤਸਰ ਦੇ ਹਾਲ ਗੇਟ ਬਾਹਰ ਜ਼ੋਰਦਾਰ ਪ੍ਰਦਰਸ਼ਨ
LPG Price hike: ਆਮ ਆਦਮੀ ਪਾਰਟੀ (ਆਪ) ਦੇ ਵਪਾਰ ਵਿੰਗ ਦੇ ਸੱਦੇ ’ਤੇ ਅੱਜ ਪਾਰਟੀ ਦੇ ਜ਼ਿਲ੍ਹਾ ਅਹੁਦੇਦਾਰਾਂ ਅਤੇ ਵਲੰਟੀਅਰਾਂ ਵੱਲੋਂ ਕੇਂਦਰ ਦੀ ਭਾਜਪਾ ਸਰਕਾਰ ਵਿਰੁੱਧ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਵਪਾਰਕ ਐਲ.ਪੀ.ਜੀ. (LPG) ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕੀਤੇ ਗਏ ਭਾਰੀ ਵਾਧੇ ਦੇ ਵਿਰੋਧ ਵਿੱਚ ਅੰਮ੍ਰਿਤਸਰ ਦੇ ਇਤਿਹਾਸਕ ਹਾਲ ਗੇਟ ਦੇ ਬਾਹਰ ਲਗਾਇਆ ਗਿਆ।
ਇਸ ਰੋਸ ਮੁਜ਼ਾਹਰੇ ਦੀ ਅਗਵਾਈ ਅੰਮ੍ਰਿਤਸਰ ਲੋਕ ਸਭਾ ਇੰਚਾਰਜ ਜਸਕਰਨ ਸਿੰਘ ਬੰਦੇਸ਼ਾ, ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਪ੍ਰਭਬੀਰ ਸਿੰਘ ਬਰਾੜ, ਵਪਾਰ ਵਿੰਗ ਮਾਝਾ ਜ਼ੋਨ ਦੇ ਪ੍ਰਧਾਨ ਸ਼ੀਤਲ ਜੁਨੇਜਾ ਅਤੇ ਮਾਝਾ ਜ਼ੋਨ ਮਹਿਲਾ ਵਿੰਗ ਦੀ ਪ੍ਰਧਾਨ ਸੁਖਬੀਰ ਕੌਰ ਨੇ ਕੀਤੀ। ਇਸ ਮੌਕੇ ਵਪਾਰ ਵਿੰਗ ਦੇ ਦਿਹਾਤੀ ਪ੍ਰਧਾਨ ਅਭਿਸ਼ੇਕ ਬੰਸਲ ਅਤੇ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਕਾਮਨਾ ਆਨੰਦ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਮੌਜੂਦ ਸਨ।
ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਪਾਰਟੀ ਆਗੂਆਂ ਨੇ ਕਿਹਾ ਕਿ ਵਪਾਰਕ ਗੈਸ ਦੀਆਂ ਕੀਮਤਾਂ ਵਿੱਚ ਵਾਧੇ ਦਾ ਸਿੱਧਾ ਅਸਰ ਆਮ ਲੋਕਾਂ ਦੀ ਜੇਬ ’ਤੇ ਪਵੇਗਾ। ਉਨ੍ਹਾਂ ਤਰਕ ਦਿੱਤਾ ਕਿ ਇਸ ਨਾਲ ਖਾਣ-ਪੀਣ ਵਾਲੀਆਂ ਚੀਜ਼ਾਂ, ਖਾਸ ਕਰਕੇ ਤਿਆਰ ਭੋਜਨ (Ready to eat items) ਦੀਆਂ ਕੀਮਤਾਂ ਵਧਣਗੀਆਂ। ਆਗੂਆਂ ਨੇ ਚਿੰਤਾ ਪ੍ਰਗਟਾਈ ਕਿ ਕੰਮਕਾਜੀ ਵਰਗ ਦਾ ਇੱਕ ਵੱਡਾ ਹਿੱਸਾ ਦੁਪਹਿਰ ਦੇ ਖਾਣੇ ਲਈ ਇਨ੍ਹਾਂ ਚੀਜ਼ਾਂ ’ਤੇ ਨਿਰਭਰ ਕਰਦਾ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਮਹਿੰਗਾਈ ਕਾਰਨ ਲੋਕ ਖਾਣ-ਪੀਣ ਦੇ ਖਰਚਿਆਂ ਵਿੱਚ ਕਟੌਤੀ ਕਰਨਗੇ, ਜਿਸ ਨਾਲ ਅੰਤ ਵਿੱਚ ਵਪਾਰੀਆਂ ਦੇ ਕਾਰੋਬਾਰ ਨੂੰ ਭਾਰੀ ਨੁਕਸਾਨ ਹੋਵੇਗਾ। ‘ਆਪ’ ਆਗੂਆਂ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਵਧੀਆਂ ਹੋਈਆਂ ਕੀਮਤਾਂ ਤੁਰੰਤ ਵਾਪਸ ਨਾ ਲਈਆਂ ਗਈਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਪਾਰਟੀ ਨੇ ਮੰਗ ਕੀਤੀ ਕਿ ਲੋਕਾਂ ਨੂੰ ਰਾਹਤ ਦੇਣ ਲਈ ਵਪਾਰਕ ਗੈਸ ’ਤੇ ਲੱਗੇ ਟੈਕਸਾਂ ਵਿੱਚ ਕਟੌਤੀ ਕੀਤੀ ਜਾਵੇ।

