LPG Crisis in Punjab: 1.18 ਲੱਖ ਬੁਕਿੰਗਾਂ ਬਕਾਇਆ; ਖਪਤਕਾਰਾਂ ਨੂੰ ਕਰਨਾ ਪੈ ਰਿਹੈ 30 ਦਿਨਾਂ ਦਾ ਇੰਤਜ਼ਾਰ
ਸਪਲਾਈ ਦੀ ਭਾਰੀ ਕਿੱਲਤ; ਲੋਕਾਂ ਵਿੱਚ ਰੋਸ
Gas Cylinder Shortage: ਪੰਜਾਬ ਭਰ ਵਿੱਚ ਇੰਡੇਨ ਗੈਸ ਖਪਤਕਾਰਾਂ ਨੂੰ ਰਸੋਈ ਗੈਸ ਦੀ ਸਪਲਾਈ ਦੇ ਗੰਭੀਰ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੂਬੇ ਵਿੱਚ ਰੀਫਿਲ ਬੁਕਿੰਗਾਂ ਦਾ 1,18,825 ਦਾ ਵੱਡਾ ਬੈਕਲੌਗ (ਬਕਾਇਆ) ਹੋਣ ਕਾਰਨ ਹਜ਼ਾਰਾਂ ਪਰਿਵਾਰਾਂ ਨੂੰ ਸਿਲੰਡਰ ਦੀ ਡਿਲਿਵਰੀ ਲਈ 10 ਤੋਂ 30 ਦਿਨਾਂ ਤੱਕ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਇਹ ਸਮੱਸਿਆ ਪੰਜਾਬ ਦੇ ਛੇ ਐਲ.ਪੀ.ਜੀ. ਸੇਲਜ਼ ਏਰੀਆ (LSAs) ਵਿੱਚ ਫੈਲੀ ਹੋਈ ਹੈ। ਡਿਲਿਵਰੀ ਵਿੱਚ ਹੋ ਰਹੀ ਇਸ ਦੇਰੀ ਕਾਰਨ ਖਪਤਕਾਰਾਂ ਵਿੱਚ ਭਾਰੀ ਰੋਸ ਹੈ ਅਤੇ ਸਥਾਨਕ ਗੈਸ ਏਜੰਸੀਆਂ 'ਤੇ ਪ੍ਰਦਰਸ਼ਨ ਹੋ ਰਹੇ ਹਨ। ਦੂਜੇ ਪਾਸੇ, ਡਿਸਟ੍ਰੀਬਿਊਟਰਾਂ ਦਾ ਕਹਿਣਾ ਹੈ ਕਿ ਬੋਟਲਿੰਗ ਪਲਾਂਟਾਂ ਤੋਂ ਸਪਲਾਈ ਨਿਯਮਤ ਨਹੀਂ ਹੈ ਜਿਸ ਕਾਰਨ ਗਾਹਕਾਂ ਦੇ ਦਬਾਅ ਅਤੇ ਬਹਿਸਬਾਜ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਰਕਾਰੀ ਅੰਕੜਿਆਂ ਅਨੁਸਾਰ ਸ਼ੁੱਕਰਵਾਰ ਨੂੰ ਛੇ ਸੇਲਜ਼ ਖੇਤਰਾਂ ਵਿੱਚ ਕੁੱਲ 4,04,539 ਬੁਕਿੰਗਾਂ ਦਰਜ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿੱਚੋਂ 1,18,825 ਬੁਕਿੰਗਾਂ 10 ਤੋਂ 30 ਦਿਨਾਂ ਤੋਂ ਲਟਕ ਰਹੀਆਂ ਹਨ। ਸਭ ਤੋਂ ਮਾੜੀ ਹਾਲਤ ਪਟਿਆਲਾ ਖੇਤਰ ਦੀ ਹੈ ਜਿੱਥੇ 17,898 ਬੁਕਿੰਗਾਂ ਵਿੱਚ ਦੇਰੀ ਹੋ ਰਹੀ ਹੈ। ਇਸ ਤੋਂ ਬਾਅਦ ਚੰਡੀਗੜ੍ਹ-II (16,270), ਬਠਿੰਡਾ (16,080), ਲੁਧਿਆਣਾ-II (13,466), ਲੁਧਿਆਣਾ-I (10,842) ਅਤੇ ਚੰਡੀਗੜ੍ਹ (6,631) ਦਾ ਨੰਬਰ ਆਉਂਦਾ ਹੈ। ਇਕੱਲੇ ਬਠਿੰਡਾ ਖੇਤਰ ਵਿੱਚ 116 ਬੁਕਿੰਗਾਂ 30 ਦਿਨਾਂ ਤੋਂ ਵੱਧ ਸਮੇਂ ਤੋਂ ਬਕਾਇਆ ਹਨ, ਜਦੋਂ ਕਿ ਲੁਧਿਆਣਾ-II ਵਿੱਚ ਅਜਿਹੇ 73 ਮਾਮਲੇ ਸਾਹਮਣੇ ਆਏ ਹਨ।
ਸੰਕਟ ਦੇ ਕਾਰਨ: ਘਬਰਾਹਟ ਵਿੱਚ ਬੁਕਿੰਗ ਅਤੇ ਸਪਲਾਈ ਦੀ ਕਮੀ
ਡਿਵੀਜ਼ਨਲ ਐਲ.ਪੀ.ਜੀ. ਸੇਲਜ਼ ਹੈੱਡ (DLSW) ਅਨਿਲ ਮੇਹਰ ਨੇ ਦੱਸਿਆ ਕਿ 'ਸਟ੍ਰੇਟ ਆਫ ਹੋਰਮੁਜ਼' (Strait of Hormuz) ਵਿੱਚ ਸੰਭਾਵੀ ਰੁਕਾਵਟਾਂ ਦੀਆਂ ਖਬਰਾਂ ਤੋਂ ਬਾਅਦ ਖਪਤਕਾਰਾਂ ਨੇ ਘਬਰਾਹਟ ਵਿੱਚ ਆ ਕੇ ਵੱਧ ਬੁਕਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਤੁਰੰਤ ਸਿਲੰਡਰ ਦੀ ਲੋੜ ਨਹੀਂ ਹੈ, ਉਹ ਵੀ 25ਵੇਂ ਦਿਨ ਹੀ ਬੁਕਿੰਗ ਕਰਵਾ ਰਹੇ ਹਨ, ਜਿਸ ਕਾਰਨ ਆਮ ਦਿਨਾਂ ਦੇ ਮੁਕਾਬਲੇ ਬੁਕਿੰਗ ਤਿੰਨ ਗੁਣਾ ਵੱਧ ਗਈ ਹੈ। ਹਾਲਾਂਕਿ, ਗੈਸ ਡੀਲਰਾਂ ਦਾ ਮੰਨਣਾ ਹੈ ਕਿ ਸਮੱਸਿਆ ਸਿਰਫ ਘਬਰਾਹਟ ਵਿੱਚ ਕੀਤੀ ਬੁਕਿੰਗ ਦੀ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਮ ਤੌਰ 'ਤੇ 48 ਘੰਟਿਆਂ ਵਿੱਚ ਹੋਣ ਵਾਲੀ ਡਿਲਿਵਰੀ ਹੁਣ ਬੋਟਲਿੰਗ ਪਲਾਂਟਾਂ ਤੋਂ ਸਪਲਾਈ ਦੀ ਕਮੀ ਕਾਰਨ 10 ਤੋਂ 30 ਦਿਨ ਲੈ ਰਹੀ ਹੈ।
ਕਾਲਾਬਾਜ਼ਾਰੀ ਰੋਕਣ ਲਈ ਨਵਾਂ ਸਿਸਟਮ (DAC)
ਘਰੇਲੂ ਸਿਲੰਡਰਾਂ ਦੀ ਕਾਲਾਬਾਜ਼ਾਰੀ ਅਤੇ ਵਪਾਰਕ ਖੇਤਰ ਵਿੱਚ ਇਨ੍ਹਾਂ ਦੀ ਦੁਰਵਰਤੋਂ ਨੂੰ ਰੋਕਣ ਲਈ ਇੰਡੇਨ ਨੇ 95 ਫੀਸਦੀ 'ਡਿਲਿਵਰੀ ਆਥੈਂਟੀਕੇਸ਼ਨ ਕੋਡ' (DAC) ਸਿਸਟਮ ਲਾਗੂ ਕੀਤਾ ਹੈ। ਇਸ ਤਹਿਤ ਸਿਲੰਡਰ ਦੀ ਡਿਲਿਵਰੀ ਤਾਂ ਹੀ ਹੁੰਦੀ ਹੈ ਜੇਕਰ ਖਪਤਕਾਰ ਰਜਿਸਟਰਡ ਨੰਬਰ 'ਤੇ ਆਏ ਓ.ਟੀ.ਪੀ. (OTP) ਦੀ ਪੁਸ਼ਟੀ ਕਰਦਾ ਹੈ। ਅਨਿਲ ਮੇਹਰ ਅਨੁਸਾਰ, ਇਸ ਸਿਸਟਮ ਨਾਲ ਸਬਸਿਡੀ ਵਾਲੇ ਗੈਸ ਦੀ ਦੁਰਵਰਤੋਂ ਕਾਫੀ ਘਟੀ ਹੈ। ਇਸ ਦੇ ਨਾਲ ਹੀ ਕੰਪਨੀ ਸਬਸਿਡੀ ਦੇ ਤਬਾਦਲੇ ਅਤੇ ਵੰਡ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਲਾਜ਼ਮੀ KYC ਅਪਡੇਟ 'ਤੇ ਵੀ ਜ਼ੋਰ ਦੇ ਰਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਸਥਿਤੀ ਜਲਦੀ ਹੀ ਸੁਧਰ ਜਾਵੇਗੀ ਕਿਉਂਕਿ ਰੋਜ਼ਾਨਾ 50,000 ਤੋਂ ਵੱਧ ਸਿਲੰਡਰਾਂ ਦੀ ਡਿਲਿਵਰੀ ਕੀਤੀ ਜਾ ਰਹੀ ਹੈ ਅਤੇ ਡਿਜੀਟਲ ਟ੍ਰੈਕਿੰਗ ਰਾਹੀਂ ਸਿਸਟਮ ਨੂੰ ਮਜ਼ਬੂਤ ਬਣਾਇਆ ਜਾ ਰਿਹਾ ਹੈ।

