ਜੱਲ੍ਹਿਆਂਵਾਲਾ ਬਾਗ ਨਵੀਨੀਕਰਨ ਮਾਮਲਾ: ਪ੍ਰਵੇਸ਼ ਦੁਆਰ ਦੀਆਂ ਕੰਧਾਂ ਨੂੰ ਪੁਰਾਤਨ ਰੂਪ ਦੇਣ ਲਈ ਕੇਂਦਰ ਨੂੰ ਪੱਤਰ

ਜੱਲ੍ਹਿਆਂਵਾਲਾ ਬਾਗ ਨਵੀਨੀਕਰਨ ਮਾਮਲਾ: ਪ੍ਰਵੇਸ਼ ਦੁਆਰ ਦੀਆਂ ਕੰਧਾਂ ਨੂੰ ਪੁਰਾਤਨ ਰੂਪ ਦੇਣ ਲਈ ਕੇਂਦਰ ਨੂੰ ਪੱਤਰ

ਮੋਦੀ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹੋਏ ਅਕਾਲੀ ਦਲ (ਅੰਮ੍ਰਿਤਸਰ) ਦੇ ਕਾਰਕੁਨ।

ਜਗਤਾਰ ਸਿੰਘ ਲਾਂਬਾ

ਅੰਮ੍ਰਿਤਸਰ, 10 ਸਤੰਬਰ

ਨਵੀਨੀਕਰਨ ਦੌਰਾਨ ਜੱਲ੍ਹਿਆਂਵਾਲਾ ਬਾਗ ਦੇ ਮੂਲ ਸਰੂਪ ਨਾਲ ਛੇੜਛਾੜ ਹੋਣ ਦੇ ਵਿਰੋਧ ਮਗਰੋਂ ਜੱਲ੍ਹਿਆਂਵਾਲਾ ਬਾਗ ਯਾਦਗਾਰ ਟਰੱਸਟ ਦੇ ਮੈਂਬਰ ਤਰਲੋਚਨ ਸਿੰਘ ਨੇ ਕੇਂਦਰ ਸਰਕਾਰ ਨੂੰ ਪੱਤਰ ਭੇਜ ਕੇ ਇੱਥੇ ਪ੍ਰਵੇਸ਼ ਦੁਆਰ ਵਾਲੀ ਤੰਗ ਗਲੀ ਵਿੱਚ ਲਾਈਆਂ ਮੂਰਤੀਆਂ ਹਟਾਉਣ ਲਈ ਆਖਿਆ ਹੈ। ਇਸ ਪੱਤਰ ਵਿੱਚ ਉਨ੍ਹਾਂ ਕੇਂਦਰ ਨੂੰ ਕੁੱਲ ਨੌਂ ਸੁਝਾਅ ਭੇਜ ਕੇ ਇਨ੍ਹਾਂ ਨੂੰ ਜੱਲ੍ਹਿਆਂਵਾਲਾ ਬਾਗ ਵਿੱਚ ਅਮਲ ਲਿਆਉਣ ਦੀ ਅਪੀਲ ਕੀਤੀ ਹੈ। ਤਰਲੋਚਨ ਸਿੰਘ ਇਸ ਟਰੱਸਟ ਦੇ ਮੈਂਬਰ ਤੋਂ ਇਲਾਵਾ ਰਾਜ ਸਭਾ ਮੈਂਬਰ ਵੀ ਹਨ।

ਆਪਣੇ ਪੱਤਰ ਵਿਚ ਉਨ੍ਹਾਂ ਯਾਦਗਾਰ ਦੀ ਸੰਭਾਲ ਲਈ ਕਰਵਾਏ ਗਏ ਕਾਰਜ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਨਵੀਨੀਕਰਨ ਤੋਂ ਬਾਅਦ ਲੋਕਾਂ ਵੱਲੋਂ ਬਤੌਰ ਟਰੱਸਟੀ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਸੁਝਾਅ ਦਿੱਤੇ ਗਏ ਹਨ। ਸੁਝਾਅ ਦੇਣ ਵਾਲਿਆਂ ਵਿੱਚ ਸ਼ਹੀਦ ਪਰਿਵਾਰਾਂ ਦੇ ਮੈਂਬਰ ਵੀ ਸ਼ਾਮਲ ਹਨ। ਇਨ੍ਹਾਂ ਸੁਝਾਵਾਂ ਨੂੰ ਇਤਿਹਾਸਕ ਜੱਲ੍ਹਿਆਂਵਾਲਾ ਬਾਗ ਵਿਚ ਅਮਲ ਵਿਚ ਲਿਆਂਦਾ ਜਾਵੇ।

ਪੱਤਰ ਵਿੱਚ ਉਨ੍ਹਾਂ ਪ੍ਰਵੇਸ਼ ਦੁਆਰ ਨੇੜੇ ਤੰਗ ਗਲੀ ਦੀਆਂ ਦੋਵੇਂ ਕੰਧਾਂ ’ਤੇ ਲਾਈਆਂ ਗਈਆਂ ਤਸਵੀਰਾਂ ਹਟਾਉਣ ਅਤੇ ਇਨ੍ਹਾਂ ਕੰਧਾਂ ਨੂੰ 1919 ਦੇ ਸਮੇਂ ਵਾਂਗ ਹੀ ਰੱਖਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਥਾਂ ਤੋਂ ਅੰਗਰੇਜ਼ ਹਾਕਮ ਨੇ ਗੋਲੀ ਚਲਾਈ ਸੀ, ਉਹ ਪਿੱਲਰ ਮੁੜ ਸਥਾਪਤ ਕਰ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨਵੀਂ ਲਾਈ ਗਈ ਲੱਕੜ ਦੀ ਰੇਲਿੰਗ ਦੀ ਥਾਂ ਪੁਰਾਣੀ ਤਾਂਬੇ ਦੀ ਰੇਲਿੰਗ ਲਾਉਣ, ਲੋਕਾਂ ਦੇ ਬਾਹਰ ਜਾਣ ਵਾਸਤੇ ਸਥਾਪਤ ਕੀਤਾ ਗਿਆ ਦੂਜਾ ਗੇਟ ਬੰਦ ਕਰਨ ਸਮੇਤ ਇੱਥੋਂ ਹਟਾਈਆਂ ਗਈਆਂ ਪੁਰਾਣੀਆਂ ਤਸਵੀਰਾਂ ਅਤੇ ਚਿੱਤਰ ਮੁੜ ਗੈਲਰੀਆਂ ਵਿੱਚ ਸਥਾਪਤ ਕਰਨ ਦੇ ਸੁਝਾਅ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇੱਥੇ ਮੁੱਖ ਦੁਆਰ ਨੇੜੇ ਸਥਾਪਤ ਕੀਤਾ ਦਫ਼ਤਰ ਅਤੇ ਟਿਕਟ ਮਸ਼ੀਨਾਂ ਨੂੰ ਹਟਾ ਦੇਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਲੋਕਾਂ ਨੂੰ ਇਹ ਪ੍ਰਭਾਵ ਜਾ ਰਿਹਾ ਹੈ ਕਿ ਇੱਥੇ ਦਾਖ਼ਲਾ ਟਿਕਟ ਲਾਈ ਜਾ ਰਹੀ ਹੈ। ਇੱਥੇ ਜਲ੍ਹਿਆਂਵਾਲਾ ਬਾਗ ਦੇ ਦਫ਼ਤਰ ਦੇ ਕਈ ਪੁਰਾਣੇ ਦਰਵਾਜ਼ੇ ਅਤੇ ਖਿੜਕੀਆਂ ਵੀ ਹਟਾ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਪੁਰਾਣੀਆਂ ਤਸਵੀਰਾਂ ਨੂੰ ਦੇਖ ਕੇ ਇਨ੍ਹਾਂ ਨਵੇਂ ਦਰਵਾਜ਼ਿਆਂ ਨੂੰ ਪੁਰਾਤਨ ਰੂਪ ਦਿੱਤਾ ਜਾਵੇ। ਇਸੇ ਤਰ੍ਹਾਂ ਇੱਥੇ ਲਾਏ ਗਏ ਸਾਈਨ ਬੋਰਡ ਤਿੰਨ ਭਾਸ਼ਾਵਾਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ’ਚ ਲਿਖੇ ਜਾਣ ਤੇ ਯਾਤਰੀਆਂ ਲਈ ਥਾਂ-ਥਾਂ ’ਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਵੀ ਕੀਤਾ ਜਾਣਾ ਚਾਹੀਦਾ ਹੈ।

ਜੱਲ੍ਹਿਆਂਵਾਲਾ ਬਾਗ ਦੇ ਮੂਲ ਸਰੂਪ ਨਾਲ ਛੇੜਛਾੜ ਵਿਰੁੱਧ ਪ੍ਰਦਰਸ਼ਨ

ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਇੱਥੇ ਹੈਰੀਟੇਜ ਸਟਰੀਟ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੇੜੇ ਰੋਸ ਪ੍ਰਦਰਸ਼ਨ ਕਰਦਿਆਂ ਜੱਲ੍ਹਿਆਂਵਾਲਾ ਬਾਗ਼ ਦੇ ਮੂਲ ਸਰੂਪ ਨਾਲ ਛੇੜਛਾੜ ਕਰਨ, ਕਿਸਾਨਾਂ ’ਤੇ ਜਬਰ ਕਰਨ ਅਤੇ ਗੁਜਰਾਤ ਵਿੱਚ ਕਿਸਾਨਾਂ ਦੇ ਉਜਾੜੇ ਲਈ ਮੋਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਜਥੇਬੰਦੀ ਦੇ ਆਗੂ ਇਮਾਨ ਸਿੰਘ ਮਾਨ ਦੀ ਅਗਵਾਈ ਹੇਠ ਇਹ ਪ੍ਰਦਰਸ਼ਨਕਾਰੀ ਅੱਜ ਭਾਰੀ ਮੀਂਹ ਦੇ ਬਾਵਜੂਦ ਇੱਥੇ ਹੈਰੀਟੇਜ ਸਟਰੀਟ ਵਿਚ ਇਕੱਠੇ ਹੋਏ। ਜੱਲ੍ਹਿਆਂਵਾਲਾ ਬਾਗ਼ ਦੀ ਹਦੂਦ ਵਿੱਚ ਧਾਰਾ 144 ਲੱਗੀ ਹੋਣ ਕਾਰਨ ਇਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੇੜੇ ਪ੍ਰਦਰਸ਼ਨ ਕੀਤਾ। ਇਸ ਤੋਂ ਪਹਿਲਾਂ ਜਥੇਬੰਦੀ ਦੇ ਪੰਜ ਮੈਂਬਰ ਜੱਲ੍ਹਿਆਂਵਾਲਾ ਬਾਗ ਗਏ ਅਤੇ ਉੱਥੇ ਟਰੱਸਟ ਦੇ ਅਧਿਕਾਰੀ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਉਨ੍ਹਾਂ ਹਰਿਮੰਦਰ ਸਾਹਿਬ ’ਤੇ ਕੀਤੇ ਗਏ ਫ਼ੌਜੀ ਹਮਲੇ ਦਾ ਮਾਮਲਾ ਵੀ ਚੁੱਕਿਆ। ਉਨ੍ਹਾਂ ਬੇਅਦਬੀ ਕਾਂਡ ਅਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਮਾਮਲਾ ਉਭਾਰਦਿਆਂ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਗ੍ਰਿਫਤਾਰੀ ਦੀ ਮੰਗ ਕੀਤੀ। ਇਸ ਮੌਕੇ ਹਰਬੀਰ ਸਿੰਘ ਸੰਧੂ, ਗੁਰਜੰਟ ਸਿੰਘ, ਅਮਰੀਕ ਸਿੰਘ ਨੰਗਲ, ਦਵਿੰਦਰ ਸਿੰਘ, ਸਤਨਾਮ ਸਿੰਘ ਤੇ ਹੋਰ ਸ਼ਾਮਲ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਬਿਜਲੀ ਸੋਧ ਬਿਲ ਰਾਹੀਂ ਕੇਂਦਰੀਕਰਨ ਤੇ ਨਿੱਜੀਕਰਨ

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਆਜ਼ਾਦੀ, ਪ੍ਰਾਪਤੀਆਂ ਅਤੇ ਲੋਕ ਸੰਘਰਸ਼

ਸਾਂਝ ਤੇ ਅਮਨ ਦੀ ਲੋਅ

ਸਾਂਝ ਤੇ ਅਮਨ ਦੀ ਲੋਅ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਮੁਫ਼ਤ ਰਿਆਇਤਾਂ ਦੀ ਬਹਿਸ ਦਾ ਪ੍ਰਸੰਗ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਆਜ਼ਾਦੀ ਦੇ ਸਫ਼ਰ ਦੇ 75 ਵਰ੍ਹੇ

ਸ਼ਹਿਰ

View All