ਅਫ਼ਗਾਨ ਤੇ ਪਾਕਿ ਸਿੱਖਾਂ ਵੱਲੋਂ ਜਥੇਦਾਰ ਨੂੰ ਪੱਤਰ

* ਨਾਗਰਿਕਤਾ ਸੋਧ ਕਾਨੂੰਨ ਲਾਗੂ ਕਰਵਾਉਣ ਦੀ ਅਪੀਲ; * ਪੱਕੀ ਨਾਗਰਿਕਤਾ ਦੀ ਮੰਗ

ਅਫ਼ਗਾਨ ਤੇ ਪਾਕਿ ਸਿੱਖਾਂ ਵੱਲੋਂ ਜਥੇਦਾਰ ਨੂੰ ਪੱਤਰ

ਸ੍ਰੀ ਅਕਾਲ ਤਖਤ ਦੇ ਸਕੱਤਰੇਤ ਵਿੱਚ ਪੱਤਰ ਦਿੰਦੇ ਹੋਏ ਅਫ਼ਗਾਨਿਸਤਾਨ ਤੋਂ ਆਏ ਸ਼ਰਨਾਰਥੀ ਪਰਿਵਾਰ।

ਜਗਤਾਰ ਿਸੰਘ ਲਾਂਬਾ
ਅੰਮ੍ਰਿਤਸਰ, 11 ਅਗਸਤ

ਅਫ਼ਗਾਨਿਸਤਾਨ ਤੇ ਪਾਕਿਸਤਾਨ ਦੇ ਸ਼ਰਨਾਰਥੀ ਸਿੱਖਾਂ ਨੇ ਅੱਜ ਇਥੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਪੱਤਰ ਸੌਂਪ ਕੇ ਅਪੀਲ ਕੀਤੀ ਹੈ ਕਿ ਨਾਗਰਿਕਤਾ ਸੋਧ ਕਾਨੂੰਨ ਨੂੰ ਲਾਗੂ ਕਰਾਇਆ ਜਾਵੇ ਤਾਂ ਜੋ ਉਨ੍ਹਾਂ ਨੂੰ ਭਾਰਤ ਵਿਚ ਪੱਕੀ ਨਾਗਰਿਕਤਾ ਪ੍ਰਾਪਤ ਹੋ ਸਕੇ। ਇੱਥੇ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਵਿੱਚ ਵਫ਼ਦ ਦੀ ਅਗਵਾਈ ਕਰ ਰਹੇ ਸੂਰਬੀਰ ਸਿੰਘ ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਅਫ਼ਗਾਨਿਸਤਾਨ ਤੋਂ ਆਏ ਹੋਏ ਹਨ ਪਰ ਹੁਣ ਤੱਕ ਨਾਗਰਿਕਤਾ ਨਹੀਂ ਮਿਲੀ। ਉਹ ਹਰ ਵਰ੍ਹੇ ਵੀਜ਼ੇ ਦੀ ਮਿਆਦ ਵਿਚ ਵਾਧਾ ਕਰਾਉਂਦੇ ਹਨ ਅਤੇ ਇਥੇ ਰਹਿ ਰਹੇ ਹਨ। ਇਸੇ ਤਰ੍ਹਾਂ ਹੋਰ ਪਰਿਵਾਰ ਵੀ ਹਨ, ਜਿਨ੍ਹਾਂ ਵਿਚ ਪਾਕਿਸਤਾਨ ਤੋਂ ਆਏ ਹਿੰਦੂ ਸਿੱਖ ਪਰਿਵਾਰ ਹਨ। ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਦੋਵਾਂ ਦੇਸ਼ਾਂ ਤੋਂ ਵੱਡੀ ਗਿਣਤੀ ਵਿਚ ਘੱਟ ਗਿਣਤੀ ਹਿੰਦੂ ਸਿੱਖ ਪਰਿਵਾਰ ਭਾਰਤ ਆਏ ਹਨ ਅਤੇ ਇਸ ਵੇਲੇ ਦਿੱਲੀ, ਪੰਜਾਬ, ਹਰਿਆਣਾ ਤੇ ਹੋਰ ਸੂਬਿਆਂ ਵਿਚ ਰਹਿ ਰਹੇ ਹਨ। ਊਨ੍ਹਾਂ ਦੱਸਿਆ ਕਿ ਦੋਵਾਂ ਮੁਲਕਾਂ ਵਿਚ ਘੱਟ ਗਿਣਤੀਆਂ ਨਾਲ ਜ਼ੁਲਮ ਹੋ ਰਿਹਾ ਹੈ, ਧੀਆਂ ਭੈਣਾਂ ਦੇ ਧਰਮ ਤਬਦੀਲ ਕੀਤੇ ਜਾ ਰਹੇ ਹਨ, ਕੱਟੜਵਾਦੀਆਂ ਵੱਲੋਂ ਡਰਾਇਆ ਧਮਕਾਇਆ ਜਾ ਰਿਹਾ ਹੈ। ਊਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਇਸ ਸਬੰਧੀ ਨਵਾਂ ਕਾਨੂੰਨ ਬਣਾਇਆ ਗਿਆ ਹੈ ਪਰ ਉਸ ਨੂੰ ਲਾਗੂ ਕਰਨ ਵਿਚ ਦੇਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪਿੱਛੇ ਰਹਿ ਗਏ ਰਿਸ਼ਤੇਦਾਰਾਂ ਲਈ ਉਹ ਫ਼ਿਕਰਮੰਦ ਹਨ। ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਦੇ ਕਈ ਸਿੱਖਾਂ ਨੂੰ ਕੈਨੇਡਾ ਸਰਕਾਰ ਵੱਲੋਂ ਨਾਗਰਿਕਤਾ ਦੇਣ ਦਾ ਭਰੋਸਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਅਫ਼ਗਾਨਿਸਤਾਨੀ ਸਿੱਖਾਂ ਨੂੰ ਭਾਰਤ ਲਿਆਉਣ ਲਈ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਵੱਲੋਂ ਚਾਰਾਜ਼ੋਈ ਕੀਤੀ ਜਾ ਰਹੀ ਹੈ। ਦਿੱਲੀ ਕਮੇਟੀ ਵੱਲੋਂ ਕੇਂਦਰ ਸਰਕਾਰ ਦੇ ਸਹਿਯੋਗ ਨਾਲ 12 ਅਤੇ 17 ਅਗਸਤ ਨੂੰ ਦੋ ਵਿਸ਼ੇਸ਼ ਉਡਾਣਾਂ ਰਾਹੀਂ ਅਫ਼ਗਾਨਿਸਤਾਨ ਤੋਂ ਸਿੱਖਾਂ ਨੂੰ ਭਾਰਤ ਲਿਆਂਦਾ ਜਾਵੇਗਾ।

ਜਥੇਦਾਰ ਵੱਲੋਂ ਸਿੱਖ ਕੌਮ ਨੂੰ ਸਾਵਧਾਨ ਹੋਣ ਦੀ ਅਪੀਲ਼

ਬਟਾਲਾ (ਨਿੱਜੀ ਪੱਤਰ ਪ੍ਰੇਰਕ): ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇੱਥੋਂ ਥੋੜ੍ਹੀ ਦੂਰ ਗੁਰਦੁਆਰਾ ਅੱਚਲ ਸਾਹਿਬ ਵਿੱਚ ਅੱਜ ਲੰਗਰ ਹਾਲ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਊਨ੍ਹਾਂ ਦੱਸਿਆ ਕਿ ਇਹ ਉਹ ਸਥਾਨ ਹੈ, ਜਿੱਥੇ ਪਹਿਲੀ ਪਾਤਸ਼ਾਹੀ ਦੀ ਸਿਧ ਗੋਸ਼ਟੀ ਹੋਈ ਸੀ। ਉਨ੍ਹਾਂ ਸਿੱਖ ਕੌਮ ਦੀ ਚੜ੍ਹਦੀਕਲਾ ਲਈ ਇੱਕਮੁੱਠ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨੂੰ ਬਾਹਰੋਂ ਤੇ ਅੰਦਰੋਂ ਚੁਣੌਤੀਆਂ ਮਿਲ ਰਹੀਆਂ ਹਨ। ਕੁਝ ਸ਼ਕਤੀਆਂ ਸਿੱਖ ਸਿਧਾਂਤਾਂ ਨੂੰ ਮਿਟਾਉਣ ਲਈ ਯਤਨ ਕਰ ਰਹੀਆਂ ਹਨ। ਇਸ ਲਈ ਅਜਿਹੇ ਯਤਨਾਂ ਨੂੰ ਨਾਕਾਮ ਕਰਨ ਲਈ ਕੌਮ ਦਾ ਇੱਕਮੁੱਠ ਜ਼ਰੂਰੀ ਹੈ। ਇਸ ਮੌਕੇ ਅੰਤ੍ਰਿਮ ਕਮੇਟੀ ਮੈਂਬਰ ਭਗਵਾਨ ਸਿੰਘ ਸਿਆਲਕਾ ,ਕਾਰਸੇਵਾ ਵਾਲੇ ਬਾਬਾ ਬਚਨ ਸਿੰਘ, ਗੁਰਨਾਮ ਸਿੰਘ ਜੱਸਲ, ਸੱਜਣ ਸਿੰਘ ਬੱਜੂਮਾਨ (ਦੋਵੇਂ ਐੱਸਜੀਪੀਸੀ ਮੈਂਬਰ) ਨੇ ਵਿਚਾਰ ਰੱਖੇ। ਇਸ ਮੌਕੇ ਗੁਰਦੁਆਰਾ ਅੱਚਲ ਸਾਹਿਬ ਦੇ ਮੈਨੇਜਰ ਬਲਜੀਤ ਸਿੰਘ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All