ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 18 ਜਨਵਰੀ
ਚੋਣਾਂ ਦੇ ਮੱਦੇਨਜਰ ਜ਼ਿਲਾ ਦਿਹਾਤੀ ਪੁਲੀਸ ਵਲੋਂ ਬੀਐਸਐਫ ਅਤੇ ਐਕਸਾਈਜ ਵਿਭਾਗ ਦੀ ਮਦਦ ਨਾਲ ਸਰਹੱਦੀ ਸਮੇਤ ਵੱਖ ਵੱਖ ਖੇਤਰਾਂ ਵਿਚ ਚਲਾਈ ਜਾਂਚ ਮੁਹਿੰਮ ਦੌਰਾਨ 1890 ਕਿਲੋ ਲਾਹਣ ਅਤੇ ਇੱਕ ਲੱਖ 61 ਹਜ਼ਾਰ ਐੱਮਐੱਮ ਨਜਾਇਜ ਸ਼ਰਾਬ ਬਰਾਮਦ ਕੀਤੀ ਹੈ। ਇਸ ਮਾਮਲੇ ਵਿਚ 15 ਕੇਸ ਦਰਜ ਕੀਤੇ ਗਏ ਹਨ। ਐੱਸਐੱਸਪੀ ਰਕੇਸ਼ ਕੌਸ਼ਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਲਾਸ਼ੀ ਮੁਹਿੰਮ ਦੌਰਾਨ ਪੰਜਾਬ ਪੁਲੀਸ ਦੇ 300 ਜਵਾਨ, ਬੀਐੱਸਐੱਫ ਦੇ 65 ਜਵਾਨ, ਪੁਲੀਸ ਦੇ 11 ਐਸਪੀ ਤੇ ਡੀਐੱਸਪੀ ਅਤੇ 12 ਥਾਣਾ ਮੁੱਖ ਅਫਸਰ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਅਜਨਾਲਾ ਇਲਾਕੇ ਵਿੱਚ 1050 ਕਿਲੋ ਲਾਹਨ ਅਤੇ 20 ਹਜ਼ਾਰ 250 ਐੱਮਐੱਮ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ। ਇਸ ਸਬੰਧ ਵਿਚ ਆਬਕਾਰੀ ਐਕਟ ਤਹਿਤ ਪਰਮਜੀਤ ਕੌਰ ਵਾਸੀ ਰੋਖੇ, ਦੀਪਇੰਦਰ ਸਿੰਘ ਵਾਸੀ ਲੱਖੂਵਾਲ, ਗੁਰਵਿੰਦਰ ਸਿੰਘ ਵਾਸੀ ਸ਼ੇਖ ਭੱਟੀ ਅਤੇ ਜੰਗ ਸਿੰਘ ਵਾਸੀ ਸ਼ੇਖ ਭੱਟੀ ਖਿਲਾਫ ਕੇਸ ਦਰਜ ਕੀਤੇ ਗਏ ਹਨ। ਥਾਣਾ ਜੰਡਿਆਲਾ ਹੇਠ ਆਉਂਦੇ ਇਲਾਕੇ ਵਿਚ ਛਾਪਾਮਾਰੀ ਕਰਕੇ 300 ਕਿਲੋ ਲਾਹਨ ਅਤੇ ਇਕ ਲੱਖ ਐੱਮਐੱਲ ਤੋਂ ਵਧ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਇਸ ਸਬੰਧ ਵਿੱਚ ਇੱਕ ਔਰਤ ਪਿਆਰੋ ਅਤੇ ਸਾਹਿਬ ਸਿੰਘ ਵਾਸੀ ਮਨੀਆ, ਸੁਖਦੇਵ ਸਿੰਘ ਵਾਸੀ ਰਸੂਲਪੁਰ ਕਲਾਂ ਅਤੇ ਹੀਰਾ ਸਿੰਘ ਵਾਸੀ ਛਾਪਾ ਰਾਮ ਸਿੰਘ ਖਿਲਾਫ ਆਬਕਾਰੀ ਐਕਟ ਹੇਠ 4 ਕੇਸ ਦਰਜ ਕੀਤੇ ਗਏ ਹਨ। ਕੱਥੂਨੰਗਲ ਥਾਣੇ ਹੇਠ ਆਉਂਦੇ ਇਲਾਕੇ ਵਿੱਚੋਂ 340 ਕਿਲੋ ਲਾਹਨ ਬਰਾਮਦ ਕਰਕੇ ਮੰਗਲ ਸਿੰਘ ਵਾਸੀ ਪਿੰਡ ਦੁਧਾਲਾ ਅਤੇ ਇੱਕ ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ ਕੀਤਾ ਹੈ। ਬਾਬਾ ਬਕਾਲਾ ਇਲਾਕੇ ਹੇਠ ਆਉਂਦੇ ਬਿਆਸ ਅਤੇ ਖਿਲਚੀਆਂ ਥਾਣੇ ਦੇ ਇਲਾਕੇ ਵਿੱਚੋਂ 200 ਕਿਲੋ ਲਾਹਨ ਬਰਾਮਦ ਕੀਤੀ ਗਈ ਹੈ। ਕੁਲਵੰਤ ਕੌਰ ਵਾਸੀ ਪਿੰਡ ਲਿੱਦੜ ਅਤੇ ਇਕ ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ ਕੀਤਾ ਗਿਆ।
ਅਟਾਰੀ(ਦਿਲਬਾਗ ਗਿੱਲ): ਥਾਣਾ ਘਰਿੰਡਾ ਦੇ ਮੁੱਖ ਅਫ਼ਸਰ ਨਰਿੰਦਰ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਦਿਆਲ ਸਿੰਘ ਵਾਸੀ ਪਿੰਡ ਦਾਉਕੇ ਕੋਲੋਂ 6750 ਮਿਲੀਲੀਟਰ ਨਾਜਾਇਜ਼ ਸ਼ਰਾਬ, ਦਲਜੀਤ ਸਿੰਘ ਜੀਤ ਬਾਸਰਕੇ ਭੈਣੀ 15000 ਮਿਲੀਲੀਟਰ ਨਾਜਾਇਜ਼ ਸ਼ਰਾਬ ਅਤੇ ਸਾਂਗਾ ਪਿੰਡ ਬਾਸਰਕੇ ਭੈਣੀ ਕੋਲੋਂ 15000 ਮਿਲੀਲੀਟਰ ਸ਼ਰਾਬ ਬਰਾਮਦ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।