ਛੱਪੜ ਵਿੱਚ ਪਿੱਲੀਆਂ ਇੱਟਾਂ ਲਾਉਣ ’ਤੇ ਕੁਲਦੀਪ ਧਾਲੀਵਾਲ ਵੱਲੋਂ ਠੇਕੇਦਾਰ ਵਿਰੁੱਧ ਕੇਸ ਦਰਜ ਕਰਨ ਦਾ ਹੁਕਮ
ਠੇਕੇਦਾਰ ਤੇ ਸਬੰਧਤ ਅਧਿਕਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ: ਧਾਲੀਵਾਲ
Advertisement
ਵਿਧਾਨ ਸਭਾ ਹਲਕਾ ਅਜਨਾਲਾ ਦੇ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਸਰਹੱਦੀ ਕਸਬਾ ਰਮਦਾਸ ਵਿਖੇ ਪਿੱਲੀਆਂ ਇੱਟਾਂ ਲਗਾ ਕੇ ਪੱਕੇ ਕੀਤੇ ਜਾ ਰਹੇ ਛੱਪੜ ਵਾਲੇ ਸਥਾਨ ’ਤੇ ਮੌਕੇ ਪਹੁੰਚ ਕੇ ਠੇਕੇਦਾਰ ਵਿਰੁੱਧ ਪਰਚਾ ਦਰਜ ਕਰਨ ਅਤੇ ਸਬੰਧਤ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ।
ਵਿਧਾਇਕ ਧਾਲੀਵਾਲ ਨੂੰ ਸ਼ਿਕਾਇਤ ਮਿਲੀ ਸੀ ਕਿ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਰਮਦਾਸ ਕਸਬੇ ਵਿੱਚ ਪੱਕੇ ਕੀਤੇ ਜਾ ਰਹੇ ਛੱਪੜ ਵਿੱਚ ਘਟੀਆ ਮਟੀਰਿਅਲ ਵਰਤਿਆ ਜਾ ਰਿਹਾ ਹੈ ਅਤੇ ਇਸ ਬਾਰੇ ਤੁਰੰਤ ਐਕਸ਼ਨ ਕਰਦਿਆਂ ਉਹ ਅੱਜ ਸਵੇਰੇ ਮੌਕੇ ਤੇ ਪਹੁੰਚੇ ਅਤੇ ਠੇਕੇਦਾਰ ਵਲੋਂ ਛੱਪੜ ਵਿੱਚ ਪਿੱਲੀਆਂ ਇੱਟਾਂ ਅਤੇ ਘਟੀਆ ਮਟੀਰਿਅਲ ਵਰਤਿਆ ਜਾਂਦਾ ਵੇਖ ਗੁੱਸੇ ਵਿੱਚ ਆ ਗਏ ਅਤੇ ਤੁਰੰਤ ਕੰਮ ਬੰਦ ਕਰਵਾ ਦਿੱਤਾ।
ਉਹਨਾਂ ਤੁਰੰਤ ਨਗਰ ਕੌਂਸਲ ਦੇ ਈਓ ਨੂੰ ਆਦੇਸ਼ ਦਿੱਤੇ ਕਿ ਤੁਰੰਤ ਰਿਪੋਰਟ ਤਿਆਰ ਕਰਕੇ ਠੇਕੇਦਾਰ ਵਿਰੁੱਧ ਕੇਸ ਦਰਜ ਕਰਨ ਲਈ ਪੁਲੀਸ ਨੂੰ ਦਿੱਤੀ ਜਾਵੇ। ਉਨ੍ਹਾਂ ਇਹ ਵੀ ਆਦੇਸ਼ ਦਿੱਤੇ ਕਿ ਜਿਸ ਅਧਿਕਾਰੀ ਦੀ ਇਥੇ ਡਿਊਟੀ ਹੈ ਉਸ ਵਿੱਚ ਵੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਧਾਲੀਵਾਲ ਨੇ ਉੱਥੇ ਕੰਮ ਕਰ ਰਹੀ ਲੇਬਰ ਨੂੰ ਕੰਮ ਤੋਂ ਰੋਕ ਦਿੱਤਾ ਅਤੇ ਮੌਕੇ ’ਤੇ ਐੱਸ ਐੱਚ ਓ ਨੂੰ ਬੁਲਾ ਕੇ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ।
ਧਾਲੀਵਾਲ ਨੇ ਕਿਹਾ ਕਿ ਲੋਕਾਂ ਦੇ ਟੈਕਸ ਦੇ ਪੈਸਿਆਂ ਦੀ ਦੁਰਵਰਤੋਂ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ 50 ਸਾਲਾਂ ਬਾਅਦ ਬੜੀ ਮੁਸ਼ਕਲ ਨਾਲ ਪੰਜਾਬ ਵਿੱਚ ਵਿਕਾਸ ਕਾਰਜ ਸ਼ੁਰੂ ਹੋਏ ਹਨ ਅਤੇ ਉਸ ਵਿੱਚ ਵੀ ਕਈ ਅਧਿਕਾਰੀ ਅਤੇ ਠੇਕੇਦਾਰ ਚੋਰੀ ਕਰ ਰਹੇ ਹਨ ਜੋ ਕਿ ਮਨਜ਼ੂਰ ਨਹੀਂ ਹੈ। ਵਿਧਾਇਕ ਨੇ ਕਿਹਾ ਕਿ ਠੇਕੇਦਾਰ ਦੇ ਨਾਲ ਨਾਲ ਇਸ ਕੰਮ ਨਾਲ ਸਬੰਧਤ ਅਧਿਕਾਰੀਆਂ ਵਿਰੁੱਧ ਵੀ ਸਖ਼ਤ ਐਕਸ਼ਨ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਦੇ ਈਓ ਨੂੰ ਆਦੇਸ਼ ਜਾਰੀ ਕਰ ਦਿੱਤੇ ਹਨ ਕਿ ਉਹ ਤੁਰੰਤ ਠੇਕੇਦਾਰ ਉਪਰ ਕੇਸ ਦਰਜ਼ ਕਰਵਾਏ ਅਤੇ ਇਸ ਕੰਮ ਦੀ ਨਿਗਰਾਨੀ ਕਰਨ ਵਾਲੇ ਸਰਕਾਰੀ ਅਧਿਕਾਰੀ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।
ਧਾਲੀਵਾਲ ਨੇ ਕਿਹਾ ਕਿ ਕਈ ਠੇਕੇਦਾਰਾਂ ਨੂੰ ਪੁਰਾਣੀਆਂ ਸਰਕਾਰਾਂ ਦੇ ਸਮੇਂ ਦੀਆਂ ਹੇਰਾਫੇਰੀਆਂ ਦੀਆਂ ਆਦਤਾਂ ਪਈਆਂ ਹਨ ਜੋ ਕਿ ਇਸ ਸਰਕਾਰ ਵਿੱਚ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਹਲਕੇ ਵਿੱਚ ਸੜਕਾਂ ਜਾ ਕੋਈ ਵੀ ਵਿਕਾਸ ਕਾਰਜ ਵਿੱਚ ਜੇ ਘਟੀਆ ਮਟੀਰਿਅਲ ਵਰਤਿਆ ਗਿਆ ਤਾਂ ਉਹ ਕਿਸੇ ਨੂੰ ਨਹੀਂ ਬਖਸ਼ਣਗੇ।
Advertisement
×

