Khadur Sahib: ਬ੍ਰਹਮਪੁਰਾ ਵੱਲੋਂ ਹਲਕਾ ਇੰਚਾਰਜ ਦੀ ਦਾਅਵੇਦਾਰੀ ਜਤਾਉਂਦੇ ਬੋਰਡ ਬਣੇ ਚਰਚਾ ਦਾ ਵਿਸ਼ਾ
ਹਲਕੇ ਦੇ ਅਕਾਲੀ ਆਗੂਆਂ ਵੱਲੋਂ ਨਵੇਂ ਥਾਪੇ ਹਲਕਾ ਇੰਚਾਰਜ ਨਾਲ ਚੱਲਣ ਦਾ ਦਾਅਵਾ
Advertisement
ਹਲਕਾ ਖਡੂਰ ਸਾਹਿਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਇੰਚਾਰਜ ਦੀ ਦੌੜ ਤੋਂ ਪੱਛੜੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਵੱਲੋਂ ਹਲਕੇ ਵਿੱਚ ਲਵਾਏ ਹਲਕਾ ਇੰਚਾਰਜ ਦੇ ਬੋਰਡ ਇਸ ਸਮੇਂ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹਲਕਾ ਖਡੂਰ ਸਾਹਿਬ ਦਾ ਨਵਾਂ ਹਲਕਾ ਇੰਚਾਰਜ ਥਾਪੇ ਜਾਣ ਤੋਂ ਬਾਅਦ ਅਕਾਲੀ ਦਲ ਦੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਪਾਰਟੀ ਪ੍ਰਧਾਨ ਦੇ ਇਸ ਫੈਸਲੇ ਵਿਰੁੱਧ ਹਲਕੇ ਵਿੱਚ ਬਗਾਵਤ ਸ਼ੁਰੂ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਦਲ ਦੀ ਵਾਗਡੋਰ ਸਰਪੰਚ ਅਵਤਾਰ ਸਿੰਘ ਬਿੱਲਾ ਸ਼ੇਰੋਂ ਦੀ ਪਤਨੀ ਬੀਬਾ ਰਮਨਦੀਪ ਕੌਰ ਨੂੰ ਸੌਂਪ ਦਿੱਤੀ ਹੈ। ਅਕਾਲੀ ਦਲ ਦੇ ਇਸ ਫੈਸਲੇ ਤੋਂ ਬਾਅਦ ਸਵਰਗੀ ਕੈਬਨਿਟ ਮੰਤਰੀ ਰਣਜੀਤ ਸਿੰਘ ਬ੍ਰਹਮਪੁਰਾ ਦੇ ਸਪੁੱਤਰ ਰਵਿੰਦਰ ਸਿੰਘ ਬ੍ਰਹਮਪੁਰਾ ਖਫ਼ਾ ਚੱਲ ਰਹੇ ਹਨ। ਉੱਥੇ ਹੀ ਰਵਿੰਦਰ ਸਿੰਘ ਬ੍ਰਹਮਪੁਰਾ ਵੱਲੋਂ 20 ਦਿਨ ਪਹਿਲਾਂ ਖਡੂਰ ਸਾਹਿਬ ਹਲਕੇ ਵਿੱਚ ਆਪਣੀ ਦਾਅਵੇਦਾਰੀ ਬਚਾਉਣ ਲਈ ਸਮੁੱਚੇ ਹਲਕੇ ਵਿੱਚ ਆਪਣੀ ਹਲਕਾ ਇੰਚਾਰਜੀ ਦੇ ਲਾਏ ਬੋਰਡ ਇਸ ਸਮੇਂ ਚਰਚਾ ਦਾ ਵਿਸ਼ਾ ਬਣੇ ਹੋਏ ਹਨ।
ਹਲਕੇ ਵਿੱਚ ਲੱਗੇ ਇਨ੍ਹਾਂ ਬੋਰਡਾਂ ਤੇ ਵਿਰੋਧੀ ਪਾਰਟੀਆਂ ਦੇ ਲੀਡਰ ਤਨਜ਼ ਕੱਸ ਰਹੇ ਹਨ। ਦੂਜੇ ਪਾਸੇ ਹਲਕੇ ਦੇ ਜ਼ਿਆਦਾਤਰ ਆਗੂਆਂ ਵੱਲੋਂ ਪਾਰਟੀ ਹਾਈਕਮਾਂਡ ਦੇ ਫੈਸਲੇ ਦਾ ਸਵਾਗਤ ਕਰਦਿਆ ਬੀਬੀ ਰਮਨਦੀਪ ਕੌਰ ਨੂੰ ਸਮਰਥਨ ਦੇਣ ਦੀ ਗੱਲ ਆਖੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਕੁਲਦੀਪ ਸਿੰਘ ਔਲਖ, ਐੱਸਜੀਪੀਸੀ ਮੈਂਬਰ ਬਲਵਿੰਦਰ ਸਿੰਘ ਵਈਪੁਈ, ਯੂਥ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਲਹੌਰੀਆ, ਭੁਪਿੰਦਰ ਸਿੰਘ ਭਿੰਦਾ ਫਤਿਆਬਾਦ ਨੇ ਆਖਿਆ ਕਿ ਉਹ ਹਲਕਾ ਖਡੂਰ ਸਾਹਿਬ ਅਕਾਲੀ ਦਲ ਦੀ ਮਜ਼ਬੂਤੀ ਲਈ ਦਿਨ-ਰਾਤ ਕੰਮ ਕਰ ਰਹੇ ਹਨ ਅਤੇ ਪਾਰਟੀ ਪ੍ਰਧਾਨ ਵੱਲੋਂ ਹਲਕਾ ਖਡੂਰ ਸਾਹਿਬ ਲਈ ਕੀਤੇ ਫੈਸਲੇ ਦਾ ਸਵਾਗਤ ਕਰਦੇ ਹੋਏ ਬੀਬੀ ਰਮਨਦੀਪ ਕੌਰ ਨਾਲ ਖੜ੍ਹੇ ਹਨ।
ਉਧਰ ਦੂਜੇ ਪਾਸੇ ਇਸ ਫੈਸਲੇ ਦਾ ਵਿਰੋਧ ਕਰ ਰਹੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਅਕਾਲੀ ਦਲ ਵਿੱਚ ਰਹਿਣ ਦਾ ਦਾਅਵਾ ਕਰਦਿਆਂ ਪਾਰਟੀ ਪ੍ਰਧਾਨ ਵੱਲੋਂ ਦਾਗੀ ਕਿਰਦਾਰ ਨਾਲ ਸਬੰਧਤ ਲੋਕਾਂ ਨੂੰ ਹਲਕਾ ਖਡੂਰ ਸਾਹਿਬ ਦੀ ਜ਼ਿੰਮੇਵਾਰੀ ਸੌਂਪਣ ਦਾ ਵਿਰੋਧ ਜਤਾਇਆ। ਉਨ੍ਹਾਂ ਆਪਣੇ ਪਰਿਵਾਰ ਦੀਆਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਨਾਲ ਨਿਭਾਈਆਂ ਸੇਵਾਵਾਂ ਦਾ ਹਵਾਲਾ ਦਿੰਦਿਆਂ ਸੁਖਬੀਰ ਸਿੰਘ ਬਾਦਲ ਦੇ ਇਸ ਫੈਸਲੇ ਤੇ ਨਰਾਜ਼ਗੀ ਜਤਾਈ ਹੈ।
Advertisement
×

