ਕਰੋਨਾ ਨੇ ਹਿੰਦ-ਪਾਕਿ ਦੋਸਤੀ ਮੇਲੇ ਦਾ ਘੇਰਾ ਘਟਾਇਆ

ਕਰੋਨਾ ਨੇ ਹਿੰਦ-ਪਾਕਿ ਦੋਸਤੀ ਮੇਲੇ ਦਾ ਘੇਰਾ ਘਟਾਇਆ

ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 12 ਅਗਸਤ

ਕਰੋਨਾ ਕਾਰਨ ਇਸ ਵਾਰ ਹਿੰਦ ਪਾਕਿ ਦੋਸਤੀ ਮੰਚ ਵੱਲੋਂ 25ਵੇਂ ਹਿੰਦ ਪਾਕਿ ਦੋਸਤੀ ਮੇਲੇ ਦਾ ਘੇਰਾ ਸੀਮਤ ਕਰ ਦਿੱਤਾ ਗਿਆ ਹੈ ਤੇ 14 ਅਗਸਤ ਨੂੰ ਇਹ ਸਮਾਗਮ ਕੀਤਾ ਜਾਵੇਗਾ। ਇਸ ਸਬੰਧ ਵਿਚ ਅੱਜ ਇਥੇ ਵਿਰਸਾ ਵਿਹਾਰ ਕੇਂਦਰ ਵਿੱਚ ਫੋਕਲੋਰ ਰਿਸਰਚ ਅਕੈਡਮੀ ਦੇ ਪ੍ਰਧਾਨ ਰਮੇਸ਼ ਯਾਦਵ ਨੇ ਦੱਸਿਆ ਕਿ ਹਿੰਦ ਪਾਕਿ ਦੋਸਤੀ ਮੰਚ ਦੇ ਜਨਰਲ ਸਕੱਤਰ ਸਤਨਾਮ ਸਿੰਘ ਮਾਣਕ ਵੱਲੋਂ ਇਸ ਸਬੰਧੀ ਮੀਟਿੰਗ ਮਗਰੋਂ ਫ਼ੈਸਲਾ ਕੀਤਾ ਗਿਆ ਹੈ ਕਿ 14 ਅਗਸਤ ਨੂੰ ਬਾਅਦ ਦੁਪਹਿਰ ਸਾਢੇ ਤਿੰਨ ਵਜੇ ਭਾਰਤ ਪਾਕਿ ਸਬੰਧਾਂ ਦੇੇ ਵਿਸ਼ੇ ’ਤੇ ਆਨਲਾਈਨ ਸੈਮੀਨਾਰ ਹੋਵੇਗਾ। ਇਸ ਵਿਚ ਦੋਵਾਂ ਦੇਸ਼ਾਂ ਦੇ ਬੁੱਧੀਜੀਵੀ ਹਿੱਸਾ ਲੈਣਗੇ। ਸੈਮੀਨਾਰ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਪਾਕਿਸਤਾਨ ਤੋਂ ਇਮਤਿਆਜ਼ ਆਲਮ, ਸ਼ਾਈਦਾ ਦੀਪ, ਚੌਧਰੀ ਮਨਜ਼ੂਰ ਅਹਿਮਦ, ਮੁਹੰਮਦ ਤਹਿਸੀਨ, ਭਾਰਤ ਤੋਂ ਸਤਨਾਮ ਸਿੰਘ ਮਾਣਕ, ਜਤਿਨ ਦੇਸਾਈ, ਵਿਨੋਦ ਸ਼ਰਮਾ, ਸ਼ਾਹਿਦ ਸਦੀਕੀ, ਏਆਰ ਸ਼ਾਹੀਨ, ਸ਼ਾਇਦਾ ਹਮੀਰ, ਡਾ. ਕੁਲਦੀਪ ਸਿੰਘ, ਡਾ. ਸਰਬਜੀਤ ਸਿੰਘ, ਦੀਪਕ ਬਾਲੀ, ਰਮੇਸ਼ ਯਾਦਵ, ਕਮਲਾ ਭਸੀਨ, ਡਾ. ਚਰਨਜੀਤ ਸਿੰਘ ਨਾਭਾ ਆਦਿ ਸ਼ਾਮਲ ਹੋਣਗੇ। ਇਸ ਤੋਂ ਪਹਿਲਾਂ ‘ਪੰਜ ਪਾਣੀ’ ਮੈਗਜ਼ੀਨ ਰਿਲੀਜ਼ ਕੀਤਾ ਜਾਵੇਗਾ। ਸ਼ਾਮ ਨੂੰ ਡਾ. ਸੁਰਜੀਤ ਪਾਤਰ ਦਾ ਲਿਖਿਆ ਤੇ ਪਾਕਿਸਤਾਨੀ ਗਾਇਕ ਜਫਰ ਅੱਲਾ ਵੱਲੋਂ ਗਾਇਆ ਗੀਤ ‘ਮੋਮਬੱਤੀਆਂ’ ਰਿਲੀਜ਼ ਕੀਤਾ ਜਾਵੇਗਾ। ਇਸ ਦੀ ਪੇਸ਼ਕਾਰੀ ਆਨਲਾਈਨ ਵੀ ਹੋਵੇਗੀ। ਇਸੇ ਦਿਨ ਰਾਤ ਨੂੰ ਸਰਹੱਦ ਨੇੜੇ ਮੈਂਬਰ ਮੋਮਬੱਤੀਆਂ ਬਾਲਣਗੇ। ਸ੍ਰੀ ਯਾਦਵ ਨੇ ਦੱਸਿਆ ਕਿ ਕਰੋਨਾ ਦੇ ਚਲਦਿਆਂ ਸਮਾਗਮ ਦਾ ਘੇਰਾ ਸੀਮਤ ਕੀਤਾ ਗਿਆ ਹੈ। ਸਮਾਗਮ ਆਨਲਾਈਨ ਹੋਣਗੇ ਪਰ ਰਾਤ ਨੂੰ ਮੋਮਬੱਤੀਆਂ ਪਹਿਲਾਂ ਵਾਂਗ ਹੀ ਬਾਲੀਆਂ ਜਾਣਗੀਆਂ।    

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All