ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 4 ਦਸੰਬਰ
ਨਵੇਂ ਬੈਚ ਦੇ ਦਾਖਲੇ ਦੀ ਮੰਗ ਨੂੰ ਲੈ ਕੇ ਜੂਨੀਅਰ ਰੈਜ਼ੀਡੈਂਟ ਡਾਕਟਰਾਂ ਵਲੋਂ ਅੱਜ ਵੀ ਹੜਤਾਲ ਜਾਰੀ ਰੱਖੀ ਗਈ ਜਿਸ ਕਾਰਨ ਗੁਰੂ ਨਾਨਕ ਦੇਵ ਹਸਪਤਾਲ ਵਿਚ ਮੈਡੀਕਲ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ।
ਜੂਨੀਅਰ ਰੈਜ਼ੀਡੈਂਟ ਡਾਕਟਰਾਂ ਵਲੋਂ ਪਹਿਲਾਂ ਇਹ ਹੜਤਾਲ ਸਿਰਫ ਦੋ ਘੰਟੇ ਲਈ ਕੀਤੀ ਜਾ ਰਹੀ ਸੀ ਪਰ ਸੁਣਵਾਈ ਨਾ ਹੋਣ ਕਾਰਨ ਬੀਤੇ ਕੱਲ੍ਹ ਤੋਂ ਇਹ ਹੜਤਾਲ ਪੂਰੇ ਦਿਨ ਦੀ ਕਰ ਦਿੱਤੀ ਗਈ। ਰੈਜ਼ੀਡੈਂਟ ਡਾਕਟਰ ਐਸੋਸੀਏਸ਼ਨ ਦੇ ਪ੍ਰਧਾਨ ਡਾ. ਸਾਹਿਲ ਕੌਂਡਲ ਨੇ ਆਖਿਆ ਕਿ ਉਹ ਨਹੀਂ ਚਾਹੁੰਦੇ ਕਿ ਮਰੀਜ਼ਾਂ ਦਾ ਨੁਕਸਾਨ ਹੋਵੇ। ਉਨ੍ਹਾਂ ਦਾ ਮੰਤਵ ਸਿਰਫ ਆਪਣੀਆਂ ਦੁੱਖ ਤਕਲੀਫਾਂ ਦੱਸਣਾ ਹੈ ਤਾਂ ਕਿ ਇਨ੍ਹਾਂ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਮੈਡੀਕਲ ਸਿਖਿਆ ਤੇ ਖੋਜ ਬਾਰੇ ਮੰਤਰੀ ਰਾਜ ਕੁਮਾਰ ਵੇਰਕਾ ਨੇ ਭਲਕੇ ਐਤਵਾਰ ਨੂੰ ਉਨ੍ਹਾਂ ਨਾਲ ਮੀਟਿੰਗ ਰੱਖੀ ਹੈ ਜਿਸ ਵਿਚ ਮਸਲਿਆਂ ਨੂੰ ਵਿਚਾਰਿਆ ਜਾਵੇਗਾ।
ਇਹ ਡਾਕਟਰ ਮੰਗ ਕਰ ਰਹੇ ਹਨ ਕਿ ਨਵੇਂ ਬੈਚ ਦਾ ਦਾਖਲਾ ਜਲਦ ਕੀਤਾ ਜਾਵੇ। ਇਸ ਵਿਚ ਦੇਰੀ ਕਾਰਨ ਹਸਪਤਾਲ ਵਿਚ ਮੈਡੀਕਲ ਸੇਵਾਵਾਂ ਦੇ ਨਾਲ ਨਾਲ ਉਨ੍ਹਾਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੋ ਰਹੀ ਹੈ ਕਿਉਂਕਿ ਨਵਾਂ ਬੈਚ ਨਾ ਆਉਣ ਕਾਰਨ ਉਨ੍ਹਾਂ ’ਤੇ ਕੰਮ ਦਾ ਬੋਝ ਵਧ ਗਿਆ ਹੈ