ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 20 ਜੂਨ
ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਬਰਗਾੜੀ ਮੋਰਚਾ ਖ਼ਤਮ ਕਰਨ ਦੇ ਫੈਸਲੇ ਨੂੰ ਵੱਡੀ ਭੁੱਲ ਆਖਦਿਆਂ ਅੱਜ ਅਕਾਲ ਤਖ਼ਤ ’ਤੇ ਖਿਮਾ ਯਾਚਨਾ ਲਈ ਅਰਦਾਸ ਕੀਤੀ। ਅੱਜ ਆਪਣੇ ਸਾਥੀਆਂ ਨਾਲ ਅਕਾਲ ਤਖ਼ਤ ਪੁੱਜੇ ਜਥੇਦਾਰ ਮੰਡ ਨੇ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਪੰਥ ਕੋਲੋਂ ਮੁਆਫੀ ਮੰਗੀ ਅਤੇ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਦਿੱਤੇ ਗਏ ਭਰੋਸੇ ਦੇ ਝਾਂਸੇ ਵਿੱਚ ਆ ਕੇ ਉਨ੍ਹਾਂ ਕੋਲੋਂ ਇਹ ਭੁੱਲ ਹੋਈ ਸੀ। ਹੁਣ ਸੰਗਤ ਦੇ ਸਹਿਯੋਗ ਨਾਲ ਮੁੜ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।
ਅਰਦਾਸ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਜਥੇਦਾਰ ਮੰਡ ਨੇ ਆਖਿਆ ਕਿ ਸਰਕਾਰ ਨੇ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਸੰਗਤ ਦੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਸੀ। ਇਸੇ ਭਰੋਸੇ ਦੇ ਆਧਾਰ ’ਤੇ ਉਨ੍ਹਾਂ ਸਿੱਖ ਸ਼ਖ਼ਸੀਅਤਾਂ ਅਤੇ ਸੰਗਤ ਨਾਲ ਗੱਲਬਾਤ ਕਰ ਕੇ ਮੋਰਚਾ ਖਤਮ ਕਰ ਦਿੱਤਾ ਪਰ ਇਹ ਉਨ੍ਹਾਂ ਦੀ ਭੁੱਲ ਸਾਬਤ ਹੋਈ। ਉਨ੍ਹਾਂ ਨੂੰ ਬਾਅਦ ਵਿਚ ਪਤਾ ਲੱਗਾ ਕਿ ਸਰਕਾਰ ਮੁਲਜ਼ਮਾਂ ਨੂੰ ਬਚਾਉਣ ਵਾਲਿਆਂ ਨਾਲ ਰਲੀ ਹੋਈ ਸੀ। ਇਸ ਫੈਸਲੇ ਨਾਲ ਭਾਵੇਂ ਕੌਮ ਦਾ ਕੋਈ ਜਾਨੀ ਜਾ ਮਾਲੀ ਨੁਕਸਾਨ ਨਹੀਂ ਹੋਇਆ ਪਰ ਸਿੱਖ ਸੰਗਤ ਕਾਫੀ ਨਿਰਾਸ਼ ਹੋਈ। ਉਨ੍ਹਾਂ ਕਿਹਾ ਕਿ ਨਿਆਂ ਪ੍ਰਾਪਤੀ ਅਤੇ ਮੁਲਜ਼ਮਾਂ ਨੂੰ ਸਜ਼ਾ ਦਿਵਾਉਣ ਲਈ ਮੋਰਚਾ ਸ਼ੁਰੂ ਕਰਨ ਦਾ ਫ਼ੈਸਲਾ ਉਨ੍ਹਾਂ ਦਾ ਸੀ, ਇਸ ਕਰਕੇ ਸਾਰੇ ਘਟਨਾਕ੍ਰਮ ਲਈ ਉਹ ਆਪਣੇ ਆਪ ਨੂੰ ਜ਼ਿੰਮੇਵਾਰ ਸਮਝਦੇ ਹਨ।
ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਮੋਰਚਾ ਮੁੜ ਸ਼ੁਰੂ ਕਰਨ ਦੀ ਵੀ ਅਰਦਾਸ ਕੀਤੀ ਹੈ। ਸਿੱਖ ਸੰਗਤ ਨਾਲ ਸਲਾਹ ਮਸ਼ਵਰਾ ਕਰਨ ਮਗਰੋਂ ਉਹ ਇਸ ਸਬੰਧੀ ਅਗਲਾ ਫੈਸਲਾ ਕਰਨਗੇ। ਇਹ ਮੋਰਚਾ ਸ਼ਾਂਤਮਈ ਢੰਗ ਨਾਲ ਲਾਇਆ ਜਾਵੇਗਾ। ਇਸ ਮੌਕੇ ਸਿੱਖ ਆਗੂ ਜਰਨੈਲ ਸਿੰਘ ਸਖੀਰਾ, ਹਰਬੀਰ ਸਿੰਘ ਸੰਧੂ, ਅਮਰੀਕ ਸਿੰਘ, ਪਰਮਜੀਤ ਸਿੰਘ, ਬਾਬਾ ਹਰਬੰਸ ਸਿੰਘ, ਬਾਬਾ ਨਛੱਤਰ ਸਿੰਘ, ਗੁਰਸ਼ਰਨ ਸਿੰਘ ਅਤੇ ਕਸ਼ਮੀਰ ਸਿੰਘ ਹਾਜ਼ਰ ਸਨ।
ਮੁੜ ਸੰਗਤ ਦੀ ਕਚਹਿਰੀ ਵਿੱਚ ਜਾਵਾਂਗਾ: ਜਥੇਦਾਰ ਮੰਡ
ਜਥੇਦਾਰ ਮੰਡ ਨੇ ਆਖਿਆ ਕਿ ਉਹ ਕਿਸੇ ਧੜੇ ਨਾਲ ਨਹੀਂ ਜੁੜੇ ਅਤੇ ਨਾ ਹੀ ਕਿਸੇ ਨਾਲ ਵਿਤਕਰਾ ਕੀਤਾ ਹੈ। ਸਾਰਾ ਪੰਥ ਹੀ ਉਨ੍ਹਾਂ ਦਾ ਧੜਾ ਹੈ। ਉਹ ਇਸ ਮਾਮਲੇ ਨੂੰ ਮੁੜ ਸੰਗਤ ਦੀ ਕਚਿਹਰੀ ਵਿਚ ਲੈ ਕੇ ਜਾਣਗੇ। ਹੋਰਨਾਂ ਮੁਤਵਾਜ਼ੀ ਜਥੇਦਾਰਾਂ ਵੱਲੋਂ ਧਰਨਾ ਚੁੱਕਣ ਦੇ ਫ਼ੈਸਲੇ ਦੇ ਵਿਰੋਧ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਇਕ ਸਿੱਖ ਵਜੋੋਂ ਗੁਰੂ ਸ਼ਰਨ ਵਿਚ ਆਈ ਸਰਕਾਰ ’ਤੇ ਭਰੋੋਸਾ ਕੀਤਾ ਸੀ। ਇਹ ਫ਼ੈਸਲਾ ਉਸ ਵੇਲੇ ਸਿੱਖ ਸਿਧਾਂਤਾਂ ਦੀ ਰੌਸ਼ਨੀ ਵਿਚ ਕੀਤਾ ਗਿਆ ਸੀ। ਮਰਹੂਮ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਦਾ ਹਵਾਲਾ ਦਿੰਦਿਆਂ ਜਥੇਦਾਰ ਮੰਡ ਨੇ ਆਖਿਆ ਕਿ ਉਨ੍ਹਾਂ ਬਲੈਕ ਥੰਡਰ ਅਪਰੇਸ਼ਨ ਕਰਵਾਇਆ ਸੀ ਪਰ ਬਾਅਦ ਵਿਚ ਇਥੇ ਆ ਕੇ ਭੁੱਲ ਬਖਸ਼ਾਈ ਸੀ। ਉਨ੍ਹਾਂ ਕਿਹਾ ਕਿ ਗੁਰੂ ਸ਼ਰਨ ਵਿਚ ਆਏ ਵਿਅਕਤੀ ’ਤੇ ਭਰੋਸਾ ਕਰਨਾ ਗੁਰੂ ਦਾ ਸਿਧਾਂਤ ਹੈ।