ਜਥੇਦਾਰ ਵੱਲੋਂ ਵਿਸ਼ਵ ਭਰ ਦੀ ਸਿੱਖ ਸੰਗਤ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ 29 ਅਗਸਤ ਨੂੰ ਅਰਦਾਸ ਕਰਨ ਦੀ ਅਪੀਲ
ਗੁਰਦੁਆਰਾ ਪ੍ਰਬੰਧਕਾਂ ਨੂੰ ਅਰਦਾਸ ਸਮਾਗਮਾਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਅਪਲੋਡ ਕਰਨ ਦੀ ਤਾਕੀਦ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵਿਸ਼ਵ ਭਰ ਦੀ ਸਿੱਖ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 29 ਅਗਸਤ ਨੂੰ ਬੰਦੀ ਸਿੰਘਾਂ ਦੀ ਚੜ੍ਹਦੀ ਕਲਾ ਅਤੇ ਰਿਹਾਈ ਲਈ ਅਰਦਾਸ ਸਮਾਗਮ ਉਲੀਕਿਆ ਗਿਆ ਹੈ। ਇਸ ਤਹਿਤ ਦੇਸ਼-ਦੁਨੀਆ ਦੀ ਸਮੂਹ ਸਿੱਖ ਸੰਗਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੀ ਆਪੋ-ਆਪਣੀਆਂ ਥਾਵਾਂ ਉੱਤੇ ਅਰਦਾਸ ਕਰਨ।
ਉਨ੍ਹਾਂ ਕਿਹਾ ਕਿ ਜਦੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਗਵਾਲੀਅਰ ਦੇ ਕਿਲ੍ਹੇ ਵਿੱਚ ਨਜ਼ਰਬੰਦ ਸਨ, ਤਾਂ ਉਸ ਸਮੇਂ ਬਾਬਾ ਬੁੱਢਾ ਜੀ ਨੇ ਸ਼ਬਦ ਚੌਂਕੀਆਂ ਕੱਢੀਆਂ ਸਨ, ਜਿਸ ਨਾਲ ਕੌਮ ਵਿੱਚ ਚੜ੍ਹਦੀ ਕਲਾ ਆਈ ਸੀ। ਉਸ ਵੇਲੇ ਵੀ ਸਿੱਖਾਂ ਨੇ ਸ਼ਬਦ ਗੁਰੂ ਦਾ ਆਸਰਾ ਲਿਆ ਸੀ ਅਤੇ ਅੱਜ ਵੀ ਸਿੱਖਾਂ ਨੂੰ ਸ਼ਬਦ ਗੁਰੂ ਦਾ ਹੀ ਆਸਰਾ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਭਰ ਦੀ ਸਿੱਖ ਸੰਗਤ ਨੇ ਇਸੇ ਇਤਿਹਾਸ ਤੋਂ ਸੇਧ ਲੈਂਦਿਆਂ 29 ਅਗਸਤ ਨੂੰ ਇੱਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਬੰਦੀ ਸਿੰਘਾਂ ਦੀ ਚੜ੍ਹਦੀ ਕਲਾ ਅਤੇ ਰਿਹਾਈ ਲਈ ਅਰਦਾਸ ਜ਼ਰੂਰ ਕਰਨੀ ਹੈ। ਉਨ੍ਹਾਂ ਕਿਹਾ ਕਿ ਸਿੱਖੀ ਅੰਦਰ ਅਰਦਾਸ ਦੇ ਸੰਕਲਪ ਵਿੱਚ ਬਹੁਤ ਸ਼ਕਤੀ ਹੈ ਅਤੇ ਗੁਰੂ ਸਾਹਿਬ ਦੇ ਸਨਮੁਖ ਪੂਰਨ ਭਰੋਸੇ ਤਹਿਤ ਕੀਤੀ ਗਈ ਅਰਦਾਸ ਜ਼ਰੂਰ ਸਫ਼ਲ ਹੁੰਦੀ ਹੈ।
ਜਥੇਦਾਰ ਗੜਗੱਜ ਨੇ ਕਿਹਾ ਕਿ ਬੰਦੀ ਸਿੰਘ ਪਿਛਲੇ ਤਿੰਨ-ਤਿੰਨ ਦਹਾਕਿਆਂ ਤੋਂ ਜੇਲ੍ਹਾਂ ਵਿੱਚ ਨਜ਼ਰਬੰਦ ਹਨ ਅਤੇ ਸਰਕਾਰਾਂ ਵੱਲੋਂ ਵਿਤਕਰੇ ਭਰੀ ਨੀਤੀ ਤੇ ਦੋਹਰੇ ਮਾਪਦੰਡਾਂ ਤਹਿਤ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਹੈ, ਜਿਸ ਵਿਰੁੱਧ ਸਮੁੱਚੀ ਸਿੱਖ ਕੌਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਇੱਕਜੁੱਟ ਹੋ ਕੇ ਵਿਸ਼ਵ ਪੱਧਰ ਉੱਤੇ ਆਵਾਜ਼ ਉਠਾਉਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਉਲੀਕੇ ਗਏ ਸਮਾਗਮਾਂ ਤਹਿਤ 27 ਅਗਸਤ ਨੂੰ ਸਮੂਹ ਗੁਰਦੁਆਰਾ ਸਾਹਿਬਾਨ ਅੰਦਰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 29 ਅਗਸਤ ਨੂੰ ਭੋਗ ਉਪਰੰਤ ਬੰਦੀ ਸਿੰਘਾਂ ਲਈ ਅਰਦਾਸ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਤੋਂ ਇਲਾਵਾ ਬਾਕੀ ਗੁਰਦੁਆਰਾ ਸਾਹਿਬਾਨ ਵੀ ਇਸੇ ਤਰਜ਼ ਉੱਤੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਕੇ 29 ਅਗਸਤ ਨੂੰ ਅਰਦਾਸ ਸਮਾਗਮ ਕਰਨ। ਉਨ੍ਹਾਂ ਕਿਹਾ ਕਿ ਜੇਕਰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਨਹੀਂ ਕਰਵਾਏ ਜਾ ਸਕਦੇ, ਤਾਂ ਹਰ ਗੁਰਦੁਆਰਾ ਸਾਹਿਬ ਅੰਦਰ ਗੁਰਬਾਣੀ ਦਾ ਜਾਪ ਕਰਨ ਉਪਰੰਤ 29 ਅਗਸਤ ਨੂੰ ਬੰਦੀ ਸਿੰਘਾਂ ਲਈ ਅਰਦਾਸ ਜ਼ਰੂਰ ਹੋਵੇ।
ਜਥੇਦਾਰ ਨੇ ਇਹ ਤਾਕੀਦ ਵੀ ਕੀਤੀ ਕਿ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕ 29 ਅਗਸਤ ਨੂੰ ਬੰਦੀ ਸਿੰਘਾਂ ਲਈ ਅਰਦਾਸ ਸਮਾਗਮ ਦੀ ਵੀਡੀਓ ਰਿਕਾਰਡ ਕਰਕੇ ਸੋਸ਼ਲ ਮੀਡੀਆ ਅਤੇ ਹੋਰ ਮੀਡੀਆ ਮੰਚਾਂ ਉੱਤੇ ਵੀ ਜ਼ਰੂਰ ਪਾਉਣ, ਤਾਂ ਜੋ ਨਜ਼ਰਬੰਦ ਸਿੱਖਾਂ ਦੇ ਹੱਕਾਂ ਲਈ ਵੱਧ ਤੋਂ ਵੱਧ ਆਵਾਜ਼ ਬੁਲੰਦ ਹੋ ਸਕੇ।

