ਨਨਕਾਣਾ ਸਾਹਿਬ ਲਈ ਭਲਕੇ ਰਵਾਨਾ ਹੋਵੇਗਾ ਜਥਾ

* ਗੁਰਪੁਰਬ ਮਨਾਉਣ ਲਈ 960 ਸਿੱਖ ਸ਼ਰਧਾਲੂਆਂ ਨੂੰ ਮਿਲਿਆ ਪੰਜ ਦਿਨਾਂ ਦਾ ਵੀਜ਼ਾ * ਕਰੋਨਾ ਕਾਲ ’ਚ ਪਹਿਲੀ ਵਾਰ ਸਰਹੱਦ ਪਾਰ ਜਾਵੇਗਾ ਜਥਾ

ਨਨਕਾਣਾ ਸਾਹਿਬ ਲਈ ਭਲਕੇ ਰਵਾਨਾ ਹੋਵੇਗਾ ਜਥਾ

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 25 ਨਵੰਬਰ

ਕਰੋਨਾ ਕਾਲ ਦੌਰਾਨ ਪਹਿਲੀ ਵਾਰ ਸਿੱਖ ਸ਼ਰਧਾਲੂਆਂ ਦਾ ਜਥਾ 27 ਨਵੰਬਰ ਨੂੰ ਸੜਕ ਰਸਤੇ ਪਾਕਿਸਤਾਨ ਰਵਾਨਾ ਹੋਵੇਗਾ। ਸਿੱਖ ਸ਼ਰਧਾਲੂ 30 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ’ਚ ਮਨਾਉਣ ਮਗਰੋਂ ਪਹਿਲੀ ਦਸੰਬਰ ਨੂੰ ਮੁਲਕ ਪਰਤ ਆਉਣਗੇ। ਪਾਕਿਸਤਾਨੀ ਸਫਾਰਤਖਾਨੇ ਵਲੋਂ ਸਿੱਖ ਸ਼ਰਧਾਲੂਆਂ ਨੂੰ ਵੀਜ਼ੇ ਮੁਹੱਈਆ ਕਰਵਾਏ ਗਏ ਹਨ। ਇਸ ਦੌਰਾਨ ਸ਼ਰਧਾਲੂ ਸਿਰਫ਼ ਗੁਰਦੁਆਰਾ ਨਨਕਾਣਾ ਸਾਹਿਬ ’ਚ ਹੀ ਰਹਿਣਗੇ। ਸ਼੍ਰੋਮਣੀ ਕਮੇਟੀ ਵਲੋਂ ਜਾਣ ਵਾਲੇ ਜਥੇ ਦੀ ਅਗਵਾਈ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਭਲਾਈਪੁਰ ਕਰਨਗੇ ਜਦਕਿ ਮੀਤ ਆਗੂ ਵਜੋਂ ਹਰਪਾਲ ਸਿੰਘ ਜੱਲਾ ਤੇ ਗੁਰਮੀਤ ਸਿੰਘ ਬੂਹ ਸ਼ਾਮਲ ਹੋਣਗੇ। ਕਰੋਨਾ ਕਾਰਨ 24 ਮਾਰਚ ਨੂੰ ਤਾਲਾਬੰਦੀ ਤੋਂ ਬਾਅਦ ਹੁਣ ਤੱਕ ਭਾਰਤ ਸਰਕਾਰ ਵਲੋਂ ਯਾਤਰੂਆਂ ਦੀ ਆਮ ਆਵਾਜਾਈ ਵਾਸਤੇ ਸਰਹੱਦਾਂ ਨਹੀਂ ਖੋਲ੍ਹੀਆਂ ਗਈਆਂ ਹਨ। ਕਰੋਨਾ ਕਾਰਨ ਅਪਰੈਲ ਵਿਚ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਮੌਕੇ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਨਹੀਂ ਗਿਆ ਸੀ। ਇਸ ਮਗਰੋਂ ਮਈ/ਜੂਨ ਵਿਚ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਵੀ ਕਰੋਨਾ ਕਾਰਨ ਸਿੱਖ ਸ਼ਰਧਾਲੂਆਂ ਦੇ ਜਥੇ ਪਾਕਿਸਤਾਨ ਨਹੀਂ ਗਏ ਸਨ। ਕਰੋਨਾ ਕਾਰਨ ਹੀ ਕਰਤਾਰਪੁਰ ਲਾਂਘਾ ਵੀ ਅਜੇ ਤੱਕ ਨਹੀਂ ਖੋਲ੍ਹਿਆ ਗਿਆ ਹੈ।

ਵੇਰਵਿਆਂ ਮੁਤਾਬਕ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਲਈ ਲਗਭਗ 1500 ਸਿੱਖ ਸ਼ਰਧਾਲੂਆਂ ਵਲੋਂ ਵੀਜ਼ੇ ਲੈਣ ਲਈ ਅਰਜ਼ੀਆਂ ਭੇਜੀਆਂ ਗਈਆਂ ਸਨ, ਜਿਨ੍ਹਾਂ ਵਿਚੋਂ 960 ਸ਼ਰਧਾਲੂਆਂ ਨੂੰ ਵੀਜ਼ੇ ਮਿਲੇ ਹਨ। ਇਨ੍ਹਾਂ ਵਿਚੋਂ ਸ਼੍ਰੋਮਣੀ ਕਮੇਟੀ ਵੱਲੋਂ ਭੇਜੀ ਗਈ 504 ਸ਼ਰਧਾਲੂਆਂ ’ਚੋਂ 325 ਨੂੰ ਵੀਜ਼ੇ ਮਿਲੇ ਹਨ। ਭਾਈ ਮਰਦਾਨਾ ਕੀਰਤਨ ਦਰਬਾਰ ਸੁਸਾਇਟੀ ਦੇ 172 ਸ਼ਰਧਾਲੂਆਂ ਵਿਚੋਂ 154 ਨੂੰ ਵੀਜ਼ੇ ਮਿਲੇ ਹਨ। ਇਸੇ ਤਰ੍ਹਾਂ ਖਾਲੜਾ ਮਿਸ਼ਨ ਕਮੇਟੀ, ਨਨਕਾਣਾ ਸਾਹਿਬ ਕਮੇਟੀ, ਦਿੱਲੀ ਕਮੇਟੀ, ਸੁਖਮਨੀ ਸਾਹਿਬ ਕਮੇਟੀ ਹਰਿਆਣਾ ਆਦਿ ਸਿੱਖ ਜਥੇਬੰਦੀਆਂ ਦੇ ਸ਼ਰਧਾਲੂਆਂ ਨੂੰ ਵੀਜ਼ੇ ਮਿਲੇ ਹਨ। ਉਧਰ ਸ਼੍ਰੋਮਣੀ ਕਮੇਟੀ ਦਫਤਰ ਕੈਂਪਸ ਵਿਚ ਅੱਜ ਦੂਜੇ ਦਿਨ ਵੀ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਦੇ ਕਰੋਨਾ ਟੈਸਟ ਸਬੰਧੀ ਕੈਂਪ ਜਾਰੀ ਰਿਹਾ। ਦੋ ਦਿਨਾਂ ਵਿਚ ਕਰੀਬ 200 ਵਿਅਕਤੀਆਂ ਦੇ ਮੁਫ਼ਤ ’ਚ ਕਰੋਨਾ ਟੈਸਟ ਕੀਤੇ ਗਏ ਹਨ। ਕਰੋਨਾ ਕਾਰਨ ਸ਼ਰਧਾਲੂਆਂ ਦੀ ਯਾਤਰਾ ਦਾ ਪ੍ਰੋਗਰਾਮ ਪੰਜ ਦਿਨਾਂ ਲਈ ਸੀਮਤ ਕਰ ਦਿੱਤਾ ਗਿਆ ਹੈ। ਪਹਿਲਾਂ ਯਾਤਰੂ ਲਾਹੌਰ, ਨਨਕਾਣਾ ਸਾਹਿਬ, ਪੰਜਾ ਸਾਹਿਬ ਸਥਿਤ ਵੱਖ ਵੱਖ ਗੁਰਦੁਆਰਿਆਂ ਦੇ ਦਰਸ਼ਨਾਂ ਵਾਸਤੇ ਜਾਂਦੇ ਸਨ ਪਰ ਇਸ ਵਾਰ ਯਾਤਰੂ ਸਿਰਫ ਨਨਕਾਣਾ ਸਾਹਿਬ ਵਿਚ ਹੀ ਰਹਿਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All