Jandiala Guru ਪੁਲੀਸ ਦੀ ਵੱਡੀ ਕਾਰਵਾਈ; 57 ਚੋਰੀ ਕੀਤੇ ਮੋਬਾਈਲਾਂ ਸਮੇਤ ਚਾਰ ਕਾਬੂ
ਗਰੋਹ ਦੇ ਹੋਰ ਮੈਂਬਰਾਂ ਦੀ ਭਾਲ ਜਾਰੀ
ਸਥਾਨਕ ਪੁਲੀਸ ਨੇ ਨਾਕਾਬੰਦੀ ਦੌਰਾਨ ਚਾਰ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 57 ਚੋਰੀ ਤੇ ਖੋਹੇ ਹੋਏ ਮੋਬਾਈਲ ਫੋਨ ਬਰਾਮਦ ਕੀਤੇ ਹਨ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਇਹ ਮੋਬਾਈਲ ਦਿੱਲੀ, ਲੁਧਿਆਣਾ ਅਤੇ ਚੰਡੀਗੜ੍ਹ ਸਮੇਤ ਵੱਖ-ਵੱਖ ਸ਼ਹਿਰਾਂ ਵਿੱਚ ਵੇਚਦੇ ਸਨ।
ਡੀ ਐੱਸ ਪੀ ਜੰਡਿਆਲਾ ਗੁਰੂ ਬਲਜੀਤ ਸਿੰਘ ਹੁੰਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 31 ਜੁਲਾਈ ਨੂੰ ਪੁਲੀਸ ਪਾਰਟੀ ਵੱਲੋਂ ਅਮਰਕੋਟ ਨੇੜੇ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਗੁਪਤ ਸੂਚਨਾ ਦੇ ਆਧਾਰ 'ਤੇ ਇੱਕ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਗਈ, ਜਿਸ ਵਿੱਚੋਂ ਇੱਕ ਬੈਗ 'ਚ ਰੱਖੇ 57 ਮੋਬਾਈਲ ਫੋਨ ਬਰਾਮਦ ਹੋਏ।
ਪੁਲੀਸ ਨੇ ਇਸ ਮਾਮਲੇ ਵਿੱਚ ਹਰਭੇਜ ਸਿੰਘ, ਅੰਮ੍ਰਿਤਪਾਲ ਸਿੰਘ, ਰਾਜੇਸ਼ ਬੰਸਲ ਅਤੇ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਮੁਤਾਬਕ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਮੰਨਿਆ ਕਿ ਇਹ ਮੋਬਾਈਲ ਵੱਖ-ਵੱਖ ਥਾਵਾਂ ਤੋਂ ਚੋਰੀ ਅਤੇ ਸਨੈਚਿੰਗ ਦੀਆਂ ਵਾਰਦਾਤਾਂ ਰਾਹੀਂ ਹਾਸਲ ਕੀਤੇ ਜਾਂਦੇ ਸਨ। ਇਸ ਤੋਂ ਇਲਾਵਾ ਉਹ ਸਸਤੇ ਭਾਅ 'ਤੇ ਚੋਰੀ ਦੇ ਮੋਬਾਈਲ ਖਰੀਦ ਕੇ ਵੀ ਅੱਗੇ ਵੇਚ ਦਿੰਦੇ ਸਨ।
ਡੀ ਐੱਸ ਪੀ ਹੁੰਦਲ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਗੁਰਪ੍ਰੀਤ ਸਿੰਘ ਮੋਬਾਈਲ ਮਕੈਨਿਕ ਹੈ, ਜੋ ਚੋਰੀ ਕੀਤੇ ਮੋਬਾਈਲਾਂ ਦੇ ਪਾਰਟ ਬਦਲ ਕੇ ਜਾਂ ਉਨ੍ਹਾਂ ਦੀ ਪਛਾਣ ਨਾਲ ਛੇੜਛਾੜ ਕਰਕੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕਰਦਾ ਸੀ।
ਪੁਲੀਸ ਨੂੰ ਸ਼ੱਕ ਹੈ ਕਿ ਇਸ ਗਰੋਹ ਨਾਲ ਹੋਰ ਵਿਅਕਤੀ ਵੀ ਜੁੜੇ ਹੋ ਸਕਦੇ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਗਰੋਹ ਦੇ ਹੋਰ ਮੈਂਬਰਾਂ ਅਤੇ ਚੋਰੀ ਦੇ ਮੋਬਾਈਲਾਂ ਦੀ ਖਰੀਦੋ-ਫਰੋਖ਼ਤ ਨਾਲ ਜੁੜੇ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਜਾ ਸਕੇ। ਬਰਾਮਦ ਮੋਬਾਈਲਾਂ ਦੇ ਆਈ ਐੱਮ ਈ ਆਈ (IMEI) ਨੰਬਰਾਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਦੇ ਅਸਲ ਮਾਲਕਾਂ ਦੀ ਪਛਾਣ ਕਰਕੇ ਮੋਬਾਈਲ ਵਾਪਸ ਕੀਤੇ ਜਾ ਸਕਣ।

