Jandiala Guru Firing: ਗੋਲੀਆਂ ਚਲਾਉਣ ਵਾਲੇ ਦੋ ਜਣੇ ਕਾਬੂ
ਘਰ ਵਿੱਚ ਦਾਖਲ ਹੋ ਕੇ ਚਲਾਈਆਂ ਸੀ ਗੋਲੀਆਂ; ਪੈਸੇ ਦੇ ਲੈਣ-ਦੇਣ ਕਾਰਨ ਹੋਇਆ ਤਕਰਾਰ
ਇੱਥੋਂ ਦੇ ਇੱਕ ਘਰ ਵਿੱਚ ਦਾਖਲ ਹੋ ਕੇ ਕੁਝ ਵਿਅਕਤੀਆਂ ਵੱਲੋਂ ਫਾਇਰਿੰਗ ਕੀਤੀ ਗਈ। ਇਸ ਤੋਂ ਬਾਅਦ ਗੋਲੀਆਂ ਲੱਗਣ ਕਾਰਨ ਅਵਤਾਰ ਸਿੰਘ ਅਤੇ ਉਸ ਦੇ ਪਿਤਾ ਬਲਵਿੰਦਰ ਸਿੰਘ ਜ਼ਖਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਹਮਲਾ ਕਰਨ ਵਾਲੇ ਦੋ ਜਣਿਆਂ ਨੂੰ ਕਾਬੂ ਕਰ ਲਿਆ ਹੈ ਤੇ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਸਥਾਨਕ ਵਾਸੀਆਂ ਨੇ ਦੱਸਿਆ ਕਿ ਹਮਲਾਵਰਾਂ ਨੇ ਘਰ ਵਿੱਚ ਵੜ ਕੇ ਚਾਰ ਤੋਂ ਪੰਜ ਰਾਊਂਡ ਫਾਇਰ ਕੀਤੇ ਅਤੇ ਮੌਕੇ ਤੋਂ ਫਰਾਰ ਹੋ ਗਏ। ਘਟਨਾ ਤੋਂ ਬਾਅਦ ਆਸ ਪਾਸ ਵਾਲੇ ਲੋਕਾਂ ਨੇ ਜ਼ਖਮੀਆਂ ਨੂੰ ਤੁਰੰਤ ਨੇੜਲੇ ਸਰਕਾਰੀ ਹਸਪਤਾਲ ਮਾਨਾਂਵਾਲਾ ਵਿਖੇ ਇਲਾਜ ਲਈ ਦਾਖਲ ਕਰਵਾਇਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਤੁਰੰਤ ਮੌਕੇ 'ਤੇ ਜੰਡਿਆਲਾ ਗੁਰੂ ਥਾਣੇ ਦੀ ਪੁਲੀਸ ਪਹੁੰਚ ਗਈ ਅਤੇ ਆਸ ਪਾਸ ਤੋਂ ਜਾਣਕਾਰੀ ਲੈ ਕੇ ਛਾਣਬੀਣ ਸ਼ੁਰੂ ਕਰ ਦਿੱਤੀ।
ਐਸਐਚਓ ਹਰਪਾਲ ਸਿੰਘ ਨੇ ਦੱਸਿਆ ਕਿ ਸਥਾਨਕ ਵੈਰੋਵਾਲ ਰੋਡ 'ਤੇ ਸਥਿਤ ਇੱਕ ਪਲਾਸਟਿਕ ਦੇ ਭਾਂਡਿਆਂ ਦੀ ਦੁਕਾਨ ਕਰਨ ਵਾਲੇ ਅਵਤਾਰ ਸਿੰਘ ਅਤੇ ਉਸ ਦੇ ਪਿਤਾ ਬਲਵਿੰਦਰ ਸਿੰਘ ਉੱਪਰ ਉੱਥੇ ਹੀ ਨਜ਼ਦੀਕ ਦੁਕਾਨ ਕਰਨ ਵਾਲੇ ਕੁਝ ਵਿਅਕਤੀਆਂ ਵੱਲੋਂ ਕੁਝ ਪੈਸਿਆਂ ਦੇ ਲੈਣ ਦੇਣ ਕਾਰਨ ਇਨ੍ਹਾਂ ਦੇ ਘਰ ਵਿੱਚ ਵੜ ਕੇ ਗੋਲੀਆਂ ਚਲਾਈਆਂ ਜਿਸ ਵਿੱਚ ਇਹ ਦੋਵੇਂ ਪਿਤਾ ਪੁੱਤਰ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਇਸ ਘਟਨਾ ਉੱਪਰ ਤੁਰੰਤ ਕਾਰਵਾਈ ਕਰਦਿਆਂ ਪੁਲੀਸ ਨੇ 15 ਘੰਟਿਆਂ ਵਿੱਚ ਹੀ ਗੋਲੀ ਚਲਾਉਣ ਵਾਲੇ ਹਮਲਾਵਰਾਂ ਨੂੰ ਅਸਲੇ ਅਤੇ ਕਾਰ ਸਮੇਤ ਕਾਬੂ ਕਰ ਲਿਆ ਹੈ ਜਿਨ੍ਹਾਂ ਦੀ ਪਛਾਣ ਸੁਰਿੰਦਰ ਸਿੰਘ ਉਰਫ ਭੁੱਲਰ, ਬਿਕਰਮਜੀਤ ਸਿੰਘ ਉਰਫ ਕਾਕਾ, ਲਵਪ੍ਰੀਤ ਸਿੰਘ, ਚਿੰਟੂ ਤੇ ਬਹਾਦਰ ਵਜੋਂ ਹੋਈ ਹੈ। ਐਸ ਐਚ ਓ ਹਰਪਾਲ ਸਿੰਘ ਨੇ ਦੱਸਿਆ ਉਨ੍ਹਾਂ ਵਿੱਚੋਂ ਪੁਲੀਸ ਨੇ ਬਿਕਰਮ ਕੁਮਾਰ ਉਰਫ ਕਾਕਾ, ਲਵਪ੍ਰੀਤ ਸਿੰਘ ਉਰਫ ਲਵ ਨੂੰ ਇੱਕ ਪਿਸਟਲ 45 ਬੋਰ ਅਤੇ ਇੱਕ ਅਸਟੀਮ ਕਾਰ ਸਮੇਤ ਕਾਬੂ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਬਾਕੀ ਹਮਲਾਵਰਾਂ ਨੂੰ ਵੀ ਬਹੁਤ ਜਲਦੀ ਕਾਬੂ ਕਰ ਲਿਆ ਜਾਵੇਗਾ।

