ਜੱਲ੍ਹਿਆਂਵਾਲਾ ਬਾਗ਼: ਸ਼ਹੀਦਾਂ ਦੇ ਪਰਿਵਾਰਾਂ ਵੱਲੋਂ ਰਾਸ਼ਟਰਪਤੀ ਨੂੰ ਪੱਤਰ

ਸ਼ਹੀਦਾਂ ਦੇ ਪਰਿਵਾਰਾਂ ਨੂੰ ਸੁਤੰਤਰਤਾ ਸੈਨਾਨੀ ਪੈਨਸ਼ਨ ਤੇ ਹੋਰ ਸਹੂਲਤਾਂ ਦੇਣ ਦੀ ਮੰਗ

ਜੱਲ੍ਹਿਆਂਵਾਲਾ ਬਾਗ਼: ਸ਼ਹੀਦਾਂ ਦੇ ਪਰਿਵਾਰਾਂ ਵੱਲੋਂ ਰਾਸ਼ਟਰਪਤੀ ਨੂੰ ਪੱਤਰ

ਟ੍ਰਿਬਿਊਨ ਨਿਊਜ਼ ਸਰਵਿਸ

ਅੰਮ੍ਰਿਤਸਰ, 12 ਅਗਸਤ

101 ਸਾਲ ਪਹਿਲਾਂ ਵਾਪਰੇ ਜੱਲ੍ਹਿਆਂਵਾਲਾ ਬਾਗ਼ ਸਾਕੇ ਵਿਚ ਮਾਰੇ ਗਏ ਸ਼ਹੀਦਾਂ ਦੇ ਪਰਿਵਾਰਾਂ ’ਚੋਂ ਇਕ ਨੇ ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਪੱਤਰ ਭੇਜ ਕੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨ ਵਜੋਂ ਤਾਮਰ ਪੱਤਰ, ਸੁਤੰਤਰਤਾ ਸੈਨਾਨੀਆਂ ਵਾਲੀਆਂ ਸਹੂਲਤਾਂ ਤੇ ਪੈਨਸ਼ਨ ਦੇਣ ਦੀ ਮੰਗ ਕੀਤੀ ਹੈ। ਇਹ ਪੱਤਰ ਸ਼ਹੀਦ ਪਰਿਵਾਰ ’ਚੋਂ ਸੁਨੀਲ ਕਪੂਰ ਵਲੋਂ ਭੇਜਿਆ ਗਿਆ ਹੈ। ਰਾਸ਼ਟਰਪਤੀ ਨੂੰ ਭੇਜੇ ਪੱਤਰ ਵਿਚ ਉਸ ਨੇ ਦੱਸਿਆ ਕਿ 13 ਅਪਰੈਲ 1919 ਨੂੰ ਵਾਪਰੇ ਸਾਕੇ ਸਮੇਂ ਉਸ ਦੇ ਪੜਦਾਦੇ ਲਾਲਾ ਵਾਸੂ ਮਲ ਕਪੂਰ ਪੁੱਤਰ ਸਿੱਧੀ ਮਲ ਕਪੂਰ ਨੂੰ ਗੋਲੀ ਲੱਗੀ ਸੀ ਅਤੇ ਉਹ ਸ਼ਹੀਦ ਹੋ ਗਏ ਸਨ। ਕੇਂਦਰ ਸਰਕਾਰ ਵਲੋਂ ਬੀਤੇ ਵਰ੍ਹੇ ਇਸ ਦਾ ਸ਼ਤਾਬਦੀ ਵਰ੍ਹਾ ਮਨਾਇਆ ਗਿਆ ਹੈ। ਉਨ੍ਹਾਂ ਆਖਿਆ ਕਿ ਇਸ ਘਟਨਾ ਦੀ ਪੀੜ੍ਹ ਅੱਜ ਵੀ ਸ਼ਹੀਦ ਪਰਿਵਾਰਾਂ ਦੇ ਜੀਆਂ ਵਿਚ ਉਸੇ ਤਰ੍ਹਾਂ ਹੈ।

ਉਨ੍ਹਾਂ ਆਖਿਆ ਕਿ ਭਾਰਤ ਸਰਕਾਰ ਵਲੋਂ ਲਗਪਗ 90 ਵਰ੍ਹਿਆਂ ਮਗਰੋਂ ਜੱਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਸੁਤੰਤਰਤਾ ਸੈਨਾਨੀ ਵਜੋਂ ਮਾਨਤਾ ਦਿੱਤੀ ਗਈ ਹੈ ਪਰ ਇਸ ਯੋਜਨਾ ਹੇਠ ਸ਼ਹੀਦਾਂ ਦੇ ਪਰਿਵਾਰਾਂ ਨੂੰ ਕੋਈ ਲਾਭ ਨਹੀਂ ਮਿਲਿਆ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਯੋਜਨਾ ਵਿਚ ਸੋਧ ਕੀਤੀ ਜਾਵੇ ਤਾਂ ਜੋ ਜੱਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਲਾਭ ਮਿਲ ਸਕੇ। ਇਹ ਪੱਤਰ ਮਿਲਣ ਮਗਰੋਂ ਰਾਸ਼ਟਰਪਤੀ ਦਫ਼ਤਰ ਵਲੋਂ ਇਸ ਸਬੰਧੀ ਇਕ ਪੱਤਰ ਸੁਨੀਲ ਕਪੂਰ ਨੂੰ ਭੇਜਿਆ ਗਿਆ ਹੈ, ਜਿਸ ਵਿਚ ਰਾਸ਼ਟਰਪਤੀ ਦਫ਼ਤਰ ਦੇ ਅੰਡਰ ਸੈਕਟਰੀ ਅਸ਼ੋਕ ਕੁਮਾਰ ਨੇ ਲਿਖਿਆ ਕਿ ਉਨ੍ਹਾਂ ਦਾ ਇਹ ਪੱਤਰ ਅਗਲੇਰੀ ਕਾਰਵਾਈ ਵਾਸਤੇ ਗ੍ਰਹਿ ਮੰਤਰਾਲੇ ਦੇ ਸਕੱਤਰ ਕੋਲ ਭੇਜ ਦਿੱਤਾ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All