ਭਾਰਤ-ਅਮਰੀਕਾ ਵਪਾਰ ਸਮਝੌਤਾ ਦੇਸ਼ ਦੀ ਤਰੱਕੀ ਲਈ ਨਵਾਂ ਰਨਵੇਅ: ਸੁਨੀਲ ਜਾਖੜ
ਸਾਰੀਆਂ ਫਸਲਾਂ ਇਸ ਸਮਝੌਤੇ ਤੋਂ ਬਾਹਰ; ਟੈਕਸਟਾਈਲ ਖੇਤਰ ਨੂੰ ਹੋਵੇਗਾ ਵੱਡਾ ਲਾਭ
ਪੰਜਾਬ ਭਾਜਪਾ ਨੇ ਦਾਅਵਾ ਕੀਤਾ ਕਿ ਭਾਰਤ-ਅਮਰੀਕਾ ਵਪਾਰ ਸਮਝੌਤੇ ਨੇ ਦੇਸ਼ ਨੂੰ ਵਿਕਸਤ ਦੇਸ਼ ਬਣਾਉਣ ਵੱਲ ਤਰੱਕੀ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ ਅਤੇ ਇਹ ਸਮਝੌਤਾ ਦੇਸ਼ ਨੂੰ ਤਰੱਕੀ ਵੱਲ ਲਿਜਾਣ ਲਈ ਇੱਕ ਰਨਵੇਅ ਵਜੋਂ ਕੰਮ ਕਰੇਗਾ। ਪਾਰਟੀ ਨੇ ਕਿਹਾ ਕਿ ਇਸ ਸਮਝੌਤੇ ਨਾਲ ਕਿਸਾਨ ਹਿੱਤਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ, ਸਗੋਂ ਇਸ ਨੇ ਦੇਸ਼ ਦੇ ਕਿਸਾਨਾਂ ਨੂੰ ਸੁਰੱਖਿਆ ਢਾਲ ਪ੍ਰਦਾਨ ਕੀਤੀ ਹੈ।
ਪੰਜਾਬ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਅੰਮ੍ਰਿਤਸਰ ਦੇ ਭਾਜਪਾ ਦਫ਼ਤਰ ਵਿਖੇ ਇੱਕ ਪ੍ਰੈਸ ਕਾਨਫਰੰਸ ਵਿੱਚ ਦਾਅਵਾ ਕੀਤਾ ਕਿ ਭਾਜਪਾ ਆਪਣੇ ਲੋਕਾਂ ਅਤੇ ਖਾਸ ਕਰਕੇ ਕਿਸਾਨਾਂ ਪ੍ਰਤੀ ਆਪਣੀ ਜਿੰਮੇਵਾਰੀ ਤੇ ਜਵਾਬਦੇਹੀ ਸਮਝਦੀ ਹੈ । ਇਸੇ ਲਈ ਉਹ ਲੋਕਾਂ ਨੂੰ ਇਸ ਵਪਾਰ ਸਮਝੌਤੇ ਦੇ ਵੱਖ ਵੱਖ ਪੱਖਾਂ ਤੋਂ ਜਾਣੂ ਕਰਵਾ ਰਹੇ ਹਨ। ਵਿਰੋਧੀ ਧਿਰਾਂ ਨੂੰ ਇਸ ਸਮਝੌਤੇ ਪ੍ਰਤੀ ਗੁੰਮਰਾਹਕੁਨ ਪ੍ਰਚਾਰ ਕਰਨ ਤੋਂ ਵਰਜਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਹਿੱਤ ਵਿਚ ਸਮਝੌਤਾ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ ।
ਭਾਜਪਾ ਆਗੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਮੇਕ ਇੰਡੀਆ ਗ੍ਰੇਟ ਐੱਮਆਈਜੀ (ਮਿਗ) ਦੀ ਨੀਤੀ ਤੇ ਚਲਦਿਆਂ ਇਹ ਸਮਝੌਤਾ ਇਸ ਤਰੀਕੇ ਨਾਲ ਕੀਤਾ ਹੈ ਕਿ ਇਸ ਤੋਂ ਸਾਡਾ ਖੇਤੀ ਸੈਕਟਰ ਪੂਰੀ ਤਰਾਂ ਸੁਰੱਖਿਅਤ ਰਹੇ। ਇਸ ਸਮਝੌਤੇ ਤਹਿਤ ਭਾਰਤ ਅਮਰੀਕਾ ਨੂੰ ਆਪਣੇ ਉਦਯੋਗਿਕ ਉਦਪਾਤ ਵੇਚ ਸਕੇਗਾ ਅਤੇ ਉਸ ਤੋਂ ਆਪਣੇ ਜਰੂਰਤ ਦੀ ਨਵੀਂ ਤਕਨੀਕ ਖਰੀਦ ਸਕੇਗਾ।
ਉਨ੍ਹਾਂ ਕਿਹਾ ਪ੍ਰਧਾਨ ਮੰਤਰੀ ਨੇ ਆਲਮੀ ਪੱਧਰ ’ਤੇ ਚੱਲ ਰਹੇ ਔਖੇ ਸਮੇਂ ਨੂੰ ਦੇਸ਼ ਲਈ ਇੱਕ ਮੌਕੇ ਵਿਚ ਤਬਦੀਲ ਕੀਤਾ ਹੈ। ਇਸ ਸਮਝੌਤੇ ਤੋਂ ਬਾਅਦ ਹੁਣ ਅਮਰੀਕਾ ਵਿਚ ਭਾਰਤੀ ਸਮਾਨ ਤੇ ਹੋਰ ਮੁਲਕਾਂ ਦੇ ਮੁਕਾਬਲੇ ਸਭ ਤੋਂ ਘੱਟ ਟੈਰਿਫ ਹੋਵੇਗਾ। ਇਸ ਨਾਲ ਭਾਰਤੀ ਇੰਡਸਟਰੀ ਅਤੇ ਟਰੇਡ ਨੂੰ ਵੱਡਾ ਹੁੰਗਾਰਾ ਮਿਲੇਗਾ।

