Hemkund Sahib Yatra: ਗੁਰਦੁਆਰੇ ਦੇ ਰਸਤੇ ਵਿੱਚੋਂ ਬਰਫ ਹਟਾਉਣ ਦਾ ਕੰਮ ਜਾਰੀ
ਤਿੰਨ ਤੋਂ ਪੰਜ ਫੁੱਟ ਜੰਮੀ ਬਰਫ ਨੂੰ ਹਟਾ ਰਹੇ ਹਨ ਭਾਰਤੀ ਫੌਜ ਦੇ ਜਵਾਨ
ਭਾਰਤੀ ਫੌਜ ਦੇ ਜਵਾਨਾਂ ਨੇ ਸ੍ਰੀ ਹੇਮਕੁੰਟ ਸਾਹਿਬ ਦੇ ਰਸਤੇ ਵਿੱਚ ਜੰਮੀ ਬਰਫ ਨੂੰ ਹਟਾਉਣ ਅਤੇ ਰਸਤੇ ਤਿਆਰ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਵੇਲੇ ਸ੍ਰੀ ਹੇਮਕੁੰਟ ਸਾਹਿਬ ਦੇ ਕੋਲ ਅਟਲਾਕੋਟੀ ਗਲੇਸ਼ੀਅਰ ਨੇੜੇ ਰਸਤੇ ਵਿੱਚ ਤਿੰਨ ਤੋਂ ਪੰਜ ਫੁੱਟ ਤੱਕ ਬਰਫ ਜੰਮੀ ਹੋਈ ਹੈ।
ਉੱਤਰਾਖੰਡ ਵਿਖੇ ਲਗਪਗ 15 ਹਜ਼ਾਰ ਫੁੱਟ ਦੀ ਉਚਾਈ ’ਤੇ ਸਥਾਪਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ 20 ਮਈ ਨੂੰ ਆਰੰਭ ਹੋ ਰਹੀ ਹੈ ਅਤੇ 23 ਮਈ ਨੂੰ ਸੰਗਤ ਵਾਸਤੇ ਕਪਾਟ ਖੋਲ੍ਹੇ ਜਾਣਗੇ।
ਇਸ ਸਾਲਾਨਾ ਯਾਤਰਾ ਦੀ ਸ਼ੁਰੂਆਤ ਤੋਂ ਪਹਿਲਾਂ ਰਸਤੇ ਵਿੱਚ ਜੰਮੀ ਹੋਈ ਬਰਫ ਨੂੰ ਹਟਾਉਣ ਅਤੇ ਗੁਰਦੁਆਰੇ ਦੇ ਆਲੇ ਦੁਆਲੇ ਜੰਮੀ ਹੋਈ ਬਰਫ ਨੂੰ ਹਟਾਉਣ ਸਮੇਤ ਹੋਰ ਪ੍ਰਬੰਧਾਂ ਵਾਸਤੇ ਭਾਰਤੀ ਫੌਜ ਦਾ ਅਤੇ ਮੈਨੇਜਮੈਂਟ ਤੇ ਸੇਵਾਦਾਰਾਂ ਦਾ ਵਫਦ 16 ਅਪਰੈਲ ਨੂੰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਾਸਤੇ ਰਵਾਨਾ ਹੋਇਆ ਸੀ।
ਇਸ ਵੇਲੇ ਭਾਰਤੀ ਫੌਜ ਦੇ ਜਵਾਨਾਂ ਦੇ ਦਸਤੇ, ਜਿਸ ਵਿੱਚ 22 ਜਵਾਨ ਸ਼ਾਮਲ ਹਨ, ਵੱਲੋਂ ਗੁਰਦੁਆਰਾ ਗੋਬਿੰਦ ਧਾਮ ਤੋਂ ਲੈ ਕੇ ਅਟਲਾ ਕੋਟੀ ਗਲੇਸ਼ੀਅਰ ਤੱਕ ਲਗਪਗ ਤਿੰਨ ਕਿਲੋਮੀਟਰ ਦੇ ਰਸਤੇ ਵਿੱਚੋਂ ਬਰਫ ਹਟਾ ਕੇ ਰਸਤਾ ਤਿਆਰ ਕੀਤਾ ਜਾ ਚੁੱਕਾ ਹੈ। ਇਸ ਤੋਂ ਉੱਪਰ ਸ੍ਰੀ ਹੇਮਕੁੰਟ ਸਾਹਿਬ ਤੱਕ ਲਗਭਗ 3 ਕਿਲੋਮੀਟਰ ਦੇ ਰਸਤੇ ਵਿੱਚੋਂ ਬਰਫ ਹਟਾਉਣ ਦਾ ਕੰਮ ਕੀਤਾ ਜਾ ਰਿਹਾ ਹੈ।
ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰਸਟ ਦੇ ਓਐਸਡੀ ਸੇਵਾ ਸਿੰਘ ਨੇ ਦੱਸਿਆ ਕਿ ਛੋਟੇ ਅਟਲਾਕੋਟੀ ਗਲੇਸ਼ੀਅਰ ਤੋਂ ਲੈ ਕੇ ਵੱਡੇ ਅਟਲਾਕੋਟੀ ਗਲੇਸ਼ੀਅਰ ਦੇ ਰਸਤੇ ਵਿੱਚੋਂ ਬਰਫ ਹਟਾਈ ਜਾ ਚੁੱਕੀ ਹੈ। ਜਦੋਂ ਕਿ ਵੱਡੇ ਅਟਲਾਕੋਟੀ ਗਲੇਸ਼ੀਅਰ ਤੋਂ ਲੈ ਕੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਤੱਕ ਤਿੰਨ ਕਿਲੋਮੀਟਰ ਦੇ ਰਸਤੇ ਵਿੱਚ ਫਿਲਹਾਲ ਤਿੰਨ ਤੋਂ ਪੰਜ ਫੁੱਟ ਤੱਕ ਬਰਫ ਜੰਮੀ ਹੋਈ ਹੈ ਜਿਸ ਨੂੰ ਹਟਾ ਕੇ ਰਸਤਾ ਤਿਆਰ ਕਰਨ ਦਾ ਕੰਮ ਜਾਰੀ ਹੈ। ਉਹਨਾਂ ਦੱਸਿਆ ਕਿ ਗੁਰਦੁਆਰੇ ਦੇ ਆਲੇ ਦੁਆਲੇ ਜੰਮੀ ਹੋਈ ਬਰਫ ਨੂੰ ਵੀ ਹਟਾਇਆ ਜਾਵੇਗਾ। ਉਹਨਾਂ ਦੱਸਿਆ ਕਿ ਨਿਰਧਾਰਤ ਸਮੇਂ ਵਿੱਚ ਸਾਰੇ ਕੰਮ ਮੁਕੰਮਲ ਹੋਣ ਦੀ ਸੰਭਾਵਨਾ ਹੈ ।
ਇਸ ਦੌਰਾਨ ਬੀਤੇ ਕੱਲ੍ਹ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨਾਲ ਮੁਲਾਕਾਤ ਕੀਤੀ ਸੀ। ਇਸ ਮੁਲਾਕਾਤ ਦੌਰਾਨ ਉਹਨਾਂ ਨੇ ਸਾਲਾਨਾ ਯਾਤਰਾ ਦੀ ਸ਼ੁਰੂਆਤ ਵੇਲੇ ਸਮਾਗਮ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਸੀ। ਉਹਨਾਂ ਨੇ ਯਾਤਰਾ ਦੇ ਕੀਤੇ ਜਾ ਰਹੇ ਪ੍ਰਬੰਧਾਂ ਬਾਰੇ ਵੀ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ ਸੀ। ਮੁੱਖ ਮੰਤਰੀ ਵੱਲੋਂ ਟਰਸਟ ਨੂੰ ਸੁਚਾਰੂ ਯਾਤਰਾ ਲਈ ਹਰ ਸੰਭਵ ਸਹਿਯੋਗ ਦਾ ਭਰੋਸਾ ਵੀ ਦਿੱਤਾ ਗਿਆ ਸੀ।
ਦੱਸਣਯੋਗ ਹੈ ਕਿ ਉੱਤਰਾਖੰਡ ਵਿਚ ਚਾਰ ਧਾਮ ਦੀ ਯਾਤਰਾ ਸ਼ੁਰੂ ਹੋ ਚੁੱਕੀ ਹੈ।

