Hemkund Sahib Yatra: ਸ੍ਰੀ ਹੇਮਕੁੰਟ ਸਾਹਿਬ ਵਿਖੇ ਭਾਰੀ ਬਰਫ ਬਾਰੀ ਦੇ ਬਾਵਜੂਦ ਭਾਰਤੀ ਫੌਜ ਵੱਲੋਂ ਰਸਤੇ ਬਣਾਉਣ ਦਾ ਕੰਮਜਾਰੀ
Hemkund Sahib Yatra: ਉੱਤਰਾਖੰਡ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਅਤੇ ਹੋਰ ਉੱਪਰਲੇ ਇਲਾਕਿਆਂ ਵਿੱਚ ਦੋ ਦਿਨ ਹੋਈ ਭਾਰੀ ਬਰਫਬਾਰੀ ਤੋਂ ਬਾਅਦ ਭਾਰਤੀ ਫੌਜ ਦੇ ਜਵਾਨਾਂ ਅਤੇ ਗੁਰਦੁਆਰਾ ਪ੍ਰਬੰਧ ਟਰੱਸਟ ਦੇ ਵਲੰਟੀਅਰਾਂ ਨੇ ਹੇਮਕੁੰਟ ਸਾਹਿਬ ਟਰੈਕ 'ਤੇ ਸਮਰਪਣ ਭਾਵਨਾ ਨਾਲ...
Advertisement
Hemkund Sahib Yatra: ਉੱਤਰਾਖੰਡ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਅਤੇ ਹੋਰ ਉੱਪਰਲੇ ਇਲਾਕਿਆਂ ਵਿੱਚ ਦੋ ਦਿਨ ਹੋਈ ਭਾਰੀ ਬਰਫਬਾਰੀ ਤੋਂ ਬਾਅਦ ਭਾਰਤੀ ਫੌਜ ਦੇ ਜਵਾਨਾਂ ਅਤੇ ਗੁਰਦੁਆਰਾ ਪ੍ਰਬੰਧ ਟਰੱਸਟ ਦੇ ਵਲੰਟੀਅਰਾਂ ਨੇ ਹੇਮਕੁੰਟ ਸਾਹਿਬ ਟਰੈਕ 'ਤੇ ਸਮਰਪਣ ਭਾਵਨਾ ਨਾਲ ਬਰਫ਼ ਹਟਾਉਣ ਦਾ ਕੰਮ ਜਾਰੀ ਰੱਖਿਆ ਹੈ।
ਹਿਮਾਲਿਆ ਦੇ ਉੱਪਰਲੇ ਇਲਾਕਿਆਂ ਵਿੱਚ ਪਿਛਲੇ ਦੋ ਦਿਨ ਤੋਂ ਬਰਫਬਾਰੀ ਜਾਰੀ ਹੈ ਅਤੇ ਅਗਲੇ ਕੁਝ ਦਿਨ ਬਰਫਬਾਰੀ ਜਾਰੀ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਰਸਤੇ ਤੋਂ ਬਰਫ ਹਟਾਉਣ ਦਾ ਕੰਮ ਕਰ ਰਹੇ ਭਾਰਤੀ ਫੌਜ ਦੇ ਜਵਾਨਾ ਅਤੇ ਗੁਰਦੁਆਰੇ ਦੀ ਸੇਵਾਦਾਰਾਂ ਨੂੰ ਵੀ ਬਰਫਬਾਰੀ ਦੇ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। ਦੋ ਦਿਨ ਤੋਂ ਬਾਅਦ ਉਹਨਾਂ ਮੁੜ ਬਰਫ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਵੇਲੇ ਫੌਜ ਦੇ ਜਵਾਨਾਂ ਅਤੇ ਸੇਵਾਦਾਰਾਂ ਵੱਲੋਂ ਘੰਗਰੀਆ ਸਥਿਤ ਗੁਰਦੁਆਰਾ ਸ੍ਰੀ ਗੋਬਿੰਦ ਧਾਮ ਨੂੰ ਬੇਸ ਕੈਂਪ ਬਣਾਇਆ ਗਿਆ ਹੈ, ਜਿੱਥੋਂ ਰੋਜ਼ ਰਸਤੇ ਦੀ ਸਫਾਈ ਕਰਨ ਲਈ ਜਾ ਰਹੇ ਹਨ ਅਤੇ ਵਾਪਸ ਪਰਤ ਆਉਂਦੇ ਹਨ।
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰ ਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ਤੋਂ ਭਾਰੀ ਬਰਫਬਾਰੀ ਦੇ ਬਾਵਜੂਦ ਭਾਰਤੀ ਫੌਜ ਅਤੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਵਲੰਟੀਅਰਾਂ ਦੀ ਸਾਂਝੀ ਟੀਮ
ਇਹ ਸੇਵਾ ਕਾਰਜ ਨੂੰ ਨਿਰੰਤਰ ਸਮਰਪਣ ਭਾਵਨਾ ਨਾਲ ਕਰ ਰਹੀ ਹੈ। ਭਾਰਤੀ ਫੌਜ ਦੀ 418 ਇੰਡੀਪੈਂਡੈਂਟ ਫੀਲਡ ਕੰਪਨੀ (9 ਮਾਊਂਟੇਨ ਬ੍ਰਿਗੇਡ) ਦੀ ਇੱਕ ਟੀਮ ਇੱਕ ਸੂਬੇਦਾਰ ਦੀ ਅਗਵਾਈ ਵਿੱਚ ਸਮਰਪਿਤ ਵਲੰਟੀਅਰਾਂ ਦੇ ਨਾਲ ਅਟਲਕੋਟੀ ਗਲੇਸ਼ੀਅਰ ਨੂੰ ਸਫਲਤਾਪੂਰਵਕ ਪਾਰ ਕਰ ਗਈ ਹੈ ਅਤੇ ਹੁਣ ਸ੍ਰੀ ਹੇਮਕੁੰਟ ਸਾਹਿਬ ਤੋਂ ਸਿਰਫ 1.5 ਕਿਲੋਮੀਟਰ ਦੀ ਦੂਰੀ 'ਤੇ ਹੈ।
ਇਹ ਟੀਮ ਸ਼ਰਧਾਲੂਆਂ ਲਈ ਵਧੇਰੇ ਉਚਾਈ ਵਾਲੇ ਟਰੈਕ ਰੂਟ ਨੂੰ ਸੁਰੱਖਿਅਤ ਬਣਾਉਣ ਲਈ ਭਾਰੀ ਬਰਫ ਕੱਟ ਰਹੀ ਹੈ ਅਤੇ ਸੁਰੱਖਿਆ ਰਸਤੇ ਬਣਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬਾਕੀ ਡੇਢ ਕਿਲੋਮੀਟਰ ਦਾ ਰਸਤਾ ਵੀ ਜਲਦੀ ਸਾਫ ਹੋ ਜਾਵੇਗਾ ਅਤੇ ਮਗਰੋਂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਆਲੇ ਦੁਆਲੇ ਜੰਮੀ ਬਰਫ ਨੂੰ ਵੀ ਹਟਾਇਆ ਜਾਵੇਗਾ।
ਉਮੀਦ ਜਤਾਈ ਜਾ ਰਹੀ ਹੈ ਕਿ ਪੂਰਾ ਰਸਤਾ ਸਮੇਂ ਤੋਂ ਪਹਿਲਾਂ ਸਾਫ਼ ਹੋ ਜਾਵੇਗਾ, ਜਿਸ ਨਾਲ ਸ੍ਰੀ ਹੇਮਕੁੰਟ ਸਾਹਿਬ ਦੇ ਪਵਿੱਤਰ ਕਪਾਟ ਸ਼ਨਿਚਰਵਾਰ 23 ਮਈ ਨਿਰਧਾਰਤ ਸਮੇਂ ਅਤੇ ਦਿਨ ਨੂੰ ਖੋਲ੍ਹੇ ਜਾਣਗੇ। ਯਾਤਰੂਆਂ ਦਾ ਪਹਿਲਾ ਜੱਥਾ ਬੁੱਧਵਾਰ 20 ਮਈ ਨੂੰ ਰਿਸ਼ੀਕੇਸ਼ ਤੋਂ ਰਵਾਨਾ ਹੋਵੇਗਾ। ਇਹ ਜੱਥਾ 23 ਮਈ ਨੂੰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਪੁੱਜੇਗਾ, ਜਿੱਥੇ ਖਾਲਸਾਈ ਰਵਾਇਤਾਂ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਵੇਗਾ ਅਤੇ ਸੰਗਤ ਵਾਸਤੇ ਸਲਾਨਾ ਯਾਤਰਾ ਲਈ ਗੁਰਦੁਆਰੇ ਦੇ ਕਪਾਟ ਖੋਲੇ ਜਾਣਗੇ। ਇਸ ਦੌਰਾਨ ਟਰੱਸਟ ਵੱਲੋਂ ਯਾਤਰੂਆਂ ਦੀ ਸਹੂਲਤ ਲਈ ਹੋਰ ਲੋੜੀਂਦੇ ਪ੍ਰਬੰਧਾਂ ਨੂੰ ਵੀ ਪੂਰਾ ਕੀਤਾ ਜਾ ਰਿਹਾ। ਜਿਨਾਂ ਵਿੱਚ ਰਿਹਾਇਸ਼, ਲੰਗਰ ,ਮੈਡੀਕਲ ਸਹੂਲਤ ਤੇ ਹੋਰ ਪ੍ਰਬੰਧ ਸ਼ਾਮਿਲ ਹਨ।
ਸ੍ਰੀ ਬਿੰਦਰਾ ਨੇ ਭਾਰਤੀ ਫੌਜ ਅਤੇ ਸਾਰੇ ਸੇਵਾਦਾਰਾਂ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਸਾਂਝਾ ਯਤਨ ਇੱਕ ਵਾਰ ਫਿਰ ਹੇਮਕੁੰਟ ਸਾਹਿਬ ਯਾਤਰਾ ਦੀ ਸੇਵਾ ਦੀ ਵਿਲੱਖਣ ਭਾਵਨਾ ਨੂੰ ਉਜਾਗਰ ਕਰਦਾ ਹੈ।ਟਰੱਸਟ ਨੇ ਸਾਰੇ ਸ਼ਰਧਾਲੂਆਂ ਨੂੰ ਅਧਿਕਾਰੀਆਂ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਨਵੀਨਤਮ ਯਾਤਰਾ ਜਾਣਕਾਰੀ ਨਾਲ ਅਪਡੇਟ ਰਹਿਣ ਦੀ ਅਪੀਲ ਕੀਤੀ ਹੈ।
ਸ੍ਰੀ ਹੇਮਕੁੰਟ ਸਾਹਿਬ ਇੱਕ ਪਵਿੱਤਰ ਸਿੱਖ ਤੀਰਥ ਸਥਾਨ ਹੈ ਜੋ ਗੜ੍ਹਵਾਲ ਹਿਮਾਲਿਆ ਵਿੱਚ ਲਗਪਗ 4,632 ਮੀਟਰ (15,200 ਫੁੱਟ) ਦੀ ਉਚਾਈ 'ਤੇ ਸਥਿਤ ਹੈ, ਜੋ ਸੱਤ ਬਰਫ਼ ਨਾਲ ਢੱਕੀਆਂ ਪਹਾੜੀ ਚੋਟੀਆਂ ਅਤੇ ਪਵਿੱਤਰ ਸਰੋਵਰ ਨਾਲ ਘਿਰਿਆ ਹੋਇਆ ਹੈ।
Advertisement
Advertisement
×

