Hardeep Nijjar Murder: ਦਲ ਖਾਲਸਾ ਵੱਲੋਂ ਨਿੱਝਰ ਕਤਲ ਮਾਮਲੇ ਦੀ ਫਾਈਵ ਆਈ ਨੇਸ਼ਨ ਕੋਲੋਂ ਕੌਮਾਂਤਰੀ ਜਾਂਚ ਦੀ ਮੰਗ
ਸਿੱਖ ਜਥੇਬੰਦੀ ਦਲ ਖਾਲਸਾ ਨੇ ਆਖਿਆ ਹੈ ਕਿ ਜੂਨ 2023 ਵਿੱਚ ਖਾਲਿਸਤਾਨ ਪੱਖੀ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਸਬੰਧ ਵਿੱਚ ਗੁਜਰਾਤ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਭਗੌੜੇ ਗੋਲਡੀ ਬਰਾੜ ’ਤੇ ਅਮਰੀਕਾ ਵੱਲੋਂ ਦੋਸ਼ ਲਗਾਉਣ ਨੇ...
ਸਿੱਖ ਜਥੇਬੰਦੀ ਦਲ ਖਾਲਸਾ ਨੇ ਆਖਿਆ ਹੈ ਕਿ ਜੂਨ 2023 ਵਿੱਚ ਖਾਲਿਸਤਾਨ ਪੱਖੀ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਸਬੰਧ ਵਿੱਚ ਗੁਜਰਾਤ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਭਗੌੜੇ ਗੋਲਡੀ ਬਰਾੜ ’ਤੇ ਅਮਰੀਕਾ ਵੱਲੋਂ ਦੋਸ਼ ਲਗਾਉਣ ਨੇ ਪਾਰਟੀ ਦੇ ਦਾਅਵੇ ਨੂੰ ਮਜ਼ਬੂਤ ਕੀਤਾ ਹੈ ਕਿ ਭਾਰਤੀ ਖੁਫੀਆ ਏਜੰਸੀਆਂ ਨੇ ਅਪਰਾਧਿਕ ਨੈੱਟਵਰਕਾਂ ਅਤੇ ਅਖੌਤੀ ਗੈਂਗਸਟਰਾਂ ਰਾਹੀਂ ਨਿੱਝਰ ਦੇ ਕਤਲ ਦੀ ਸਾਜ਼ਿਸ਼ ਰਚੀ ਗਈ ਸੀ।
ਦਲ ਖਾਲਸਾ ਦੇ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਅਪ੍ਰੇਸ਼ਨ ਹਾਰਡ ਬਾਲ ਤੋਂ ਉੱਭਰ ਰਹੇ ਤੱਥਾਂ ਨੇ ਹੋਰ ਸਪੱਸ਼ਟ ਕਰ ਦਿੱਤਾ ਹੈ ਕਿ ਕਿਵੇਂ ਸਰਕਾਰ ਵੱਲੋਂ ਕਥਿਤ ਤੌਰ ’ਤੇ ਅੰਤਰ-ਰਾਸ਼ਟਰੀ ਅਪਰਾਧਿਕ ਨੈੱਟਵਰਕਾਂ ਦੀ ਵਰਤੋਂ ਕਰਕੇ ਸਿੱਖ ਆਗੂਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਲਾਰੈਂਸ ਬਿਸ਼ਨੋਈ ਸਖ਼ਤ ਪਹਿਰੇ ਵਾਲੀ ਜੇਲ੍ਹ ਵਿੱਚ ਕੈਦ ਹੋਣ ਦੇ ਬਾਵਜੂਦ ਉਸ ਦਾ ਅਪਰਾਧਿਕ ਨੈੱਟਵਰਕ ਭਾਰਤ ਅਤੇ ਕਈ ਦੇਸ਼ਾਂ ਵਿੱਚ ਫੈਲ ਚੁੱਕਾ ਹੈ। ਇਹ ਸਭ ਸਪੱਸ਼ਟ ਸੰਕੇਤ ਹੈ ਕਿ ਅਜਿਹਾ ਸਰਕਾਰੀ ਸਰਪ੍ਰਸਤੀ ਤੋਂ ਬਿਨਾਂ ਇਸ ਹੱਦ ਤੱਕ ਨਹੀਂ ਫੈਲ ਸਕਦਾ।
ਉਨ੍ਹਾਂ ਕਿਹਾ ਕਿ ਲਾਰੈਂਸ ਬਿਸ਼ਨੋਈ ਦੀ ਹਰਦੀਪ ਸਿੰਘ ਨਿੱਝਰ ਨਾਲ ਕੀ ਨਿੱਜੀ ਦੁਸ਼ਮਣੀ ਹੋ ਸਕਦੀ ਸੀ? ਉਨ੍ਹਾਂ ਕਿਹਾ ਕਿ ਮੁਮਕਿਨ ਹੈ ਕਿ ਸਟੇਟ ਦੀਆਂ ਏਜੰਸੀਆਂ ਬਿਸ਼ਨੋਈ ਦੇ ਨੈੱਟਵਰਕ ਨੂੰ ਉਸ ਦੀ ਮਨਜ਼ੂਰੀ ਤੋਂ ਬਿਨਾਂ ਵੀ ਆਪਣੇ ਉਦੇਸ਼ਾਂ ਲਈ ਵਰਤ ਰਹੀਆਂ ਹੋ ਸਕਦੀਆਂ ਹਨ"।
ਦਲ ਖਾਲਸਾ ਨੇ ਨਿੱਝਰ ਦੇ ਕਤਲ ਪਿੱਛੇ ਫਾਈਵ ਆਈ ਨੇਸ਼ਨ ਵਾਲੇ ਦੇਸ਼ਾਂ ਕੋਲੋਂ ਪਾਰਦਰਸ਼ੀ ਅੰਤਰਰਾਸ਼ਟਰੀ ਜਾਂਚ ਦੀ ਮੰਗ ਕੀਤੀ।

