DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗੁਰੂ ਨਾਨਕ ਦੇਵ ’ਵਰਸਿਟੀ ਦਾ ਸਿੱਖਿਆ ’ਚ ਵਡਮੁੱਲਾ ਯੋਗਦਾਨ: ਮੁਰਮੂ

ਨਾਰੀ ਸ਼ਕਤੀ ਦੇਸ਼ ਦੇ ਵਿਕਾਸ ਨੂੰ ਬੁਲੰਦੀਆਂ ’ਤੇ ਲਿਜਾਣ ਦੇ ਸਮਰੱਥ ਕਰਾਰ

  • fb
  • twitter
  • whatsapp
  • whatsapp
featured-img featured-img
ਅੰਮ੍ਰਿਤਸਰ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 50ਵੇਂ ਸਾਲਾਨਾ ਡਿਗਰੀ ਵੰਡ ਸਮਾਰੋਹ ਦੌਰਾਨ ਇਕ ਵਿਦਿਆਰਥਣ ਨੂੰ ਟਰਾਫੀ ਦਿੰਦੇ ਹੋਏ ਰਾਸ਼ਟਰਪਤੀ ਦਰੋਪਦੀ ਮੁਰਮੂ। -ਫੋਟੋ: ਪੀਟੀਆਈ
Advertisement

ਰਾਸ਼ਟਰਪਤੀ ਦਰੋੋਪਦੀ ਮੁਰਮੂ ਨੇ ਅੱਜ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀ ਐੱਨ ਡੀ ਯੂ) ਨੇ ਸਿੱਖਿਆ, ਖੋਜ ਤੇ ਸਮਾਜਿਕ ਵਿਕਾਸ ’ਚ ਵਡਮੁੱਲਾ ਯੋਗਦਾਨ ਪਾਇਆ ਹੈ ਤੇ ਔਰਤਾਂ ਨੂੰ ਸਸ਼ਕਤ ਬਣਾਉਣ ਲਈ ਅਹਿਮ ਕਦਮ ਚੁੱਕੇ ਹਨ। ਉਨ੍ਹਾਂ ਨੇ ਇਹ ਪ੍ਰਗਟਾਵਾ ਅੱਜ ਇੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਗੋਲਡਨ ਜੁਬਲੀ ਕਨਵੋਕੇਸ਼ਨ ਮੌਕੇ ਕੀਤਾ ਤੇ ਵਿਦਿਆਰਥੀਆਂ ਨੂੰ ਰਾਸ਼ਟਰ ਸੇਵਾ, ਨਵੀਨਤਾ ਅਤੇ ਨੈਤਿਕ ਮੁੱਲਾਂ ਨਾਲ ਅੱਗੇ ਵਧਣ ਲਈ ਪ੍ਰੇਰਿਆ।

ਯੂਨੀਵਰਸਿਟੀ ਕੈਂਪਸ ਵਿੱਚ ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ‘ਵਿਕਸਿਤ ਭਾਰਤ’ ਬਣਾਉਣ ਲਈ ਅਗਲੇ ਦੋ ਦਹਾਕੇ ਬੇਹੱਦ ਅਹਿਮ ਹਨ ਅਤੇ ਭਾਰਤ ਦਾ ਭਵਿੱਖ ਉਨ੍ਹਾਂ ਨੌਜਵਾਨਾਂ ’ਤੇ ਨਿਰਭਰ ਕਰਦਾ ਹੈ ਜੋ ਵਿਗਿਆਨਕ ਸੋਚ ਰੱਖਦੇ ਹਨ, ਜ਼ਿੰਮੇਵਾਰੀ ਨਾਲ ਕੰਮ ਕਰਦੇ ਹਨ ਅਤੇ ਨਿਰਸਵਾਰਥ ਭਾਵਨਾ ਨਾਲ ਸੇਵਾ ਕਰਦੇ ਹਨ। ਉਨ੍ਹਾਂ ਨੇ ਉੱਚ ਸਿੱਖਿਆ ਸੰਸਥਾਵਾਂ ਨੂੰ ਆਪਣੇ ਵਿਦਿਆਰਥੀਆਂ ਵਿੱੱਚ ਇਹ ਕਦਰਾਂ-ਕੀਮਤਾਂ ਵਿਕਸਿਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਪੇਸ਼ਾ ਚੁਣਦੇ ਸਮੇਂ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦਾ ਯੋਗਦਾਨ ਰਾਸ਼ਟਰ ਨੂੰ ਮਜ਼ਬੂਤ ਤੇ ਮਨੁੱਖੀ ਮੁੱਲਾਂ ਨੂੰ ਦ੍ਰਿੜ੍ਹ ਕਰੇ।

Advertisement

ਸਮਾਗਮ ’ਚ ਪੰਜਾਬ ਦੇ ਰਾਜਪਾਲ ਤੇ ਯੂਨੀਵਰਸਿਟੀ ਦੇ ਚਾਂਸਲਰ ਗੁਲਾਬ ਚੰਦ ਕਟਾਰੀਆ ਵਿਸ਼ੇਸ਼ ਮਹਿਮਾਨ ਸਨ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਇਸ ਮੌਕੇ ਮੰਚ ’ਤੇ ਹਾਜ਼ਰ ਸਨ। ਵਿਸ਼ੇਸ਼ ਸ਼ਖਸੀਅਤਾਂ ’ਚ ਵਿਧਾਇਕ ਹਰਭਜਨ ਸਿੰਘ ਈ ਟੀ ਓ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਤੇ ਪਤਵੰਤੇ ਮੌਜੂਦ ਸਨ। ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਨੇ ਰਾਸ਼ਟਰਪਤੀ ਤੇ ਰਾਜਪਾਲ ਸਣੇ ਵਿਦਿਆਰਥੀਆਂ, ਅਧਿਆਪਕਾਂ ਤੇ ਵਿਸ਼ੇਸ਼ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਯੂਨੀਵਰਸਿਟੀ ਦੀ 56 ਸਾਲਾਂ ਦੀ ਗੌਰਵਮਈ ਵਿਰਾਸਤ, ਅਕਾਦਮਿਕ ਪ੍ਰਾਪਤੀਆਂ ਅਤੇ ਸਿੱਖਿਆ, ਖੋਜ ਤੇ ਨਵੀਨਤਾ ਵਿੱਚ ਉੱਤਮਤਾ ਪ੍ਰਤੀ ਵਚਨਬੱਧਤਾ ਬਾਰੇ ਚਾਨਣਾ ਪਾਇਆ। ਇਸ ਮੌਕੇ ਯੂਨੀਵਰਸਿਟੀ ਵੱਲੋਂ ਦੋ ਪ੍ਰਸਿੱਧ ਸ਼ਖਸੀਅਤਾਂ ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ (ਦੂਰਅੰਦੇਸ਼ ਉਦਯੋਗਪਤੀ ਤੇ ਸਮਾਜ ਸੇਵੀ), ਜਿਨ੍ਹਾਂ ਨੇ ਸਮਾਜ ਅਤੇ ਰਾਸ਼ਟਰ ਨਿਰਮਾਣ ਵਿੱਚ ਅਸਾਧਾਰਨ ਯੋਗਦਾਨ ਪਾਇਆ ਅਤੇ ਜਸਵੀਰ ਗਿੱਲ, ਸੀ ਈ ਓ, ਅਲਰਟ ਐਂਟਰਪ੍ਰਾਈਜ਼ ਇੰਕ. ਕੈਲੀਫੋਰਨੀਆ (ਯੂ ਐੱਸ ਏ), ਜਿਨ੍ਹਾਂ ਨੇ ਟੈਕਨਾਲੋਜੀ ਖੇਤਰ ਵਿੱਚ ਵਿਸ਼ਵ ਪੱਧਰੀ ਅਗਵਾਈ ਕੀਤੀ, ਨੂੰ ਆਨਰੇਰੀ ਡਾਕਟਰੇਟ ਡਿਗਰੀਆਂ ਦਿੱਤੀਆਂ ਗਈਆਂ। ਰਾਸ਼ਟਰਪਤੀ ਨੇ ਮੈਰਿਟ ਵਾਲੇ ਵਿਦਿਆਰਥੀਆਂ ਨੂੰ ਗੋਲਡ ਮੈਡਲ ਵੰਡੇ। ਇਸ ਮੌਕੇ 17 ਮੈਡਲ, 176 ਯੂ ਜੀ/ਪੀ ਜੀ ਡਿਗਰੀਆਂ ਅਤੇ 258 ਪੀ ਐੱਚ ਡੀ ਡਿਗਰੀਆਂ ਵੰਡੀਆਂ ਗਈਆਂ।

Advertisement

ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ, ‘‘ਮੈਨੂੰ ਅੱਜ ਉਸ ਯੂਨੀਵਰਸਿਟੀ ਵਿਚ ਆਉਣ ਦਾ ਮੌਕਾ ਮਿਲਿਆ ਹੈ ਜੋ ਗੁਰੂ ਨਾਨਕ ਦੇਵ ਜੀ ਦੇ 500ਵੇਂ ਪ੍ਰਕਾਸ਼ ਪੁਰਬ ਮੌਕੇ ਸਥਾਪਤ ਹੋਈ ਸੀ ਅਤੇ ਗੁਰੂ ਜੀ ਦੀਆਂ ਸਦੀਵੀ ਸਿੱਖਿਆਵਾਂ ਅੱਜ ਵੀ ਇਸ ਦੀਆਂ ਸਥਾਈ ਮਾਰਗਦਰਸ਼ਕ ਹਨ। ਇਨ੍ਹਾਂ ਸਿੱਖਿਆਵਾਂ ਨੂੰ ਰੋਜ਼ਾਨਾ ਜੀਵਨ ਵਿੱਚ ਅਮਲ ’ਚ ਲਿਆ ਕੇ ਅਸੀਂ ਅਨੇਕਾਂ ਸਮਾਜਿਕ ਰੋਗਾਂ ਦਾ ਇਲਾਜ ਲੱਭ ਸਕਦੇ ਹਾਂ।’’ ਸ੍ਰੀਮਤੀ ਮੁਰਮੂ ਨੇ ਕਿਹਾ ਕਿ ਸਿੱਖਿਆ ਸਿਰਫ਼ ਰੁਜ਼ਗਾਰ ਲਈ ਨਹੀਂ ਸਗੋਂ ਸਮਾਜ ਤੇ ਰਾਸ਼ਟਰ ਦੀ ਤਰੱਕੀ ਲਈ ਇੱਕ ਸ਼ਕਤੀਸ਼ਾਲੀ ਸਾਧਨ ਹੈ।

ਉਨ੍ਹਾਂ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਇਸ ਦੀ ਸਫਲਤਾ ਦਾ ਸਿਹਰਾ ਅਧਿਆਪਕਾਂ, ਵਿਦਿਆਰਥੀਆਂ ਅਤੇ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੂੰ ਦਿੱਤਾ।

ਇਸ ਮੌਕੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਗੋਲਡਨ ਜੁਬਲੀ ਕਨਵੋਕੇਸ਼ਨ ਨੂੰ ਸਿੱਖਿਆ ਖੇਤਰ ਲਈ ਵੱਡੀ ਖੁਸ਼ਕਿਸਮਤੀ ਦੱਸਦਿਆਂ ਕਿਹਾ ਕਿ ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋ ਕੇ ਗ੍ਰੈਜੂਏਟਸ ਨੂੰ ਅਸੀਸ ਦੇਣਾ ਮਾਣ ਵਾਲੀ ਗੱਲ ਹੈ।

ਪੰਜਾਬ ’ਚ ਨਸ਼ਿਆਂ ਦੀ ਸਮੱਸਿਆ ਚਿੰਤਾਜਨਕ

ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਪੰਜਾਬ ਵਿੱਚ ਵਧ ਰਹੀ ਨਸ਼ਿਆਂ ਦੀ ਗੰਭੀਰ ਸਮੱਸਿਆ ’ਤੇ ਚਿੰਤਾ ਜ਼ਾਹਿਰ ਕੀਤੀ ਜੋ ਨੌਜਵਾਨ ਪੀੜ੍ਹੀ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾ ਰਹੀ ਹੈ ਅਤੇ ਸਮਾਜਿਕ, ਆਰਥਿਕ ਤੇ ਨੈਤਿਕ ਬਣਤਰ ਨੂੰ ਖੋਖਲਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਦਾ ਸਥਾਈ ਹੱਲ ਲੱਭਣਾ ਜ਼ਰੂਰੀ ਹੈ ਅਤੇ ਇਸ ਵਿੱਚ ਯੂਨੀਵਰਸਿਟੀ ਵਰਗੀਆਂ ਸੰਸਥਾਵਾਂ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ।

Advertisement
×