ਸਾਉਣ ਦੀ ਝੜੀ ਨਾਲ ਗੁਰੂ ਨਗਰੀ ਜਲਥਲ

ਸਵੇਰ ਵੇਲੇ ਸ਼ੁਰੂ ਹੋਇਆ ਮੀਂਹ ਰੁਕ-ਰੁਕ ਕੇ ਸਾਰਾ ਦਿਨ ਪਿਆ

ਸਾਉਣ ਦੀ ਝੜੀ ਨਾਲ ਗੁਰੂ ਨਗਰੀ ਜਲਥਲ

ਅੰਮ੍ਰਿਤਸਰ ਵਿੱਚ ਭਰਵੇਂ ਮੀਂਹ ਦੌਰਾਨ ਆਪਣੀ ਮੰਜ਼ਿਲ ਵੱਲ ਵਧਦਾ ਹੋਇਆ ਪਰਿਵਾਰ। -ਫੋਟੋ: ਵਿਸ਼ਾਲ ਕੁਮਾਰ

ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 28 ਜੁਲਾਈ

ਪਵਿੱਤਰ ਨਗਰੀ ਅੰਮ੍ਰਿਤਸਰ ਵਿੱਚ ਸਵੇਰ ਸਮੇਂ ਸ਼ੁਰੂ ਹੋਇਆ ਮੀਂਹ ਰੁਕ ਰੁਕ ਕੇ ਸਾਰਾ ਦਿਨ ਪੈਂਦਾ ਰਿਹਾ। ਸਾਉਣ ਦੀ ਇਸ ਝੜੀ ਦੌਰਾਨ ਗੁਰੂ ਨਗਰੀ ਵਿੱਚ ਜਨਜੀਵਨ ਅਸਤ-ਵਿਅਸਤ ਹੋ ਗਿਆ। ਦੁਪਹਿਰ ਵੇਲੇ ਤੇਜ਼ ਹਵਾਵਾਂ ਵੀ ਚੱਲੀਆਂ ਤੇ ਮੀਂਹ ਨਾਲ ਤਾਪਮਾਨ ਵਿੱਚ ਭਾਰੀ ਗਿਰਾਵਟ ਆਈ। ਸ਼ਾਮ ਸਮੇਂ ਅੰਮ੍ਰਿਤਸਰ ਦਾ ਤਾਪਮਾਨ 25 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਮੀਂਹ ਦੀਆਂ ਬੌਛਾੜਾਂ ਦੌਰਾਨ ਘਰੋਂ ਨਿਕਲਣ ਵਾਲੇ ਲੋਕਾਂ ਨੂੰ ਬਰਸਾਤੀਆਂ ਅਤੇ ਛੱਤਰੀਆਂ ਦਾ ਸਹਾਰਾ ਲੈਣਾ ਪਿਆ। ਘਰੋਂ ਕਿਸੇ ਕੰਮ ਅਤੇ ਨੌਕਰੀ ਜਾਂ ਕਾਰੋਬਾਰ ਲਈ ਨਿਕਲੇ ਲੋਕ ਰਸਤੇ ਵਿੱਚ ਮੀਂਹ ਦੀ ਲਪੇਟ ਵਿੱਚ ਆ ਗਏ। ਕਈ ਲੋਕ ਸ਼ਹਿਰ ਦੇ ਐਲੀਵੇਟਿਡ ਪੁਲਾਂ ਦੇ ਹੇਠਾਂ ਅਤੇ ਮਾਰਕੀਟਾਂ ਦੀਆਂ ਦੁਕਾਨਾਂ ਅੱਗੇ ਸ਼ਰਨ ਲੈਂਦੇ ਹੋਏ ਦਿਖਾਈ ਦਿੱਤੇ। ਫਲਾਈਓਵਰਾਂ ਹੇਠਾਂ ਵੀ ਸੈਂਕੜੇ ਲੋਕ ਆਪਣੇ ਵਾਹਨਾਂ ਸਮੇਤ ਖੜ੍ਹੇ ਰਹੇ ਤੇ ਮੀਂਹ ਦੇ ਰੁਕਣ ਦੀ ਉਡੀਕ ਕਰਦੇ ਰਹੇ। ਮੀਂਹ ਨਾਲ ਮਾਰਕੀਟਾਂ ਵਿੱਚ ਗਾਹਕ ਘਟਣ ਕਰਕੇ ਦੁਕਾਨਦਾਰਾਂ ਦਾ ਕਾਰੋਬਾਰ ਮੰਦਾ ਰਿਹਾ। ਕੇਵਲ ਜ਼ਰੂਰੀ ਵਰਤੋਂ ਦੇ ਸਾਮਾਨ ਦੀ ਵਿਕਰੀ ਤੋਂ ਇਲਾਵਾ ਜਲੇਬੀਆਂ ਅਤੇ ਮਾਲ੍ਹ ਪੂੜਿਆਂ ਦੀ ਵਿਕਰੀ ਜ਼ੋਰਾਂ ’ਤੇ ਰਹੀ। ਇਸੇ ਦੌਰਾਨ ਰਿਕਸ਼ਾ ਚਾਲਕ ਮੀਂਹ ਤੋਂ ਬਚਣ ਲਈ ਆਸਰੇ ਭਾਲਦੇ ਰਹੇ। ਖਬਰ ਲਿਖਣ ਵੇਲੇ ਵੀ ਸ਼ਹਿਰ ਵਿੱਚ ਮੋਹਲੇਧਾਰ ਮੀਂਹ ਪੈ ਰਿਹਾ ਸੀ।

ਇਸੇ ਦੌਰਾਨ ਅੱਜ ਮਾਝੇ ਤੇ ਦੋਆਬੇ ਦੇ ਕਈ ਸ਼ਹਿਰਾਂ ਤੇ ਪਿੰਡਾਂ ਵਿੱਚ ਭਰਵਾਂ ਮੀਂਹ ਪਿਆ। ਇਹ ਮੀਂਹ ਝੋਨੇ ਲਈ ਲਾਹੇਵੰਦ ਦੱਸਿਆ ਗਿਆ ਤੇ ਕਿਸਾਨਾਂ ਦੇ ਚਿਹਰੇ ਵੀ ਖਿੜ ਗਏ ਹਨ। ਅੰਮ੍ਰਿਤਸਰ ਇਲਾਕੇ ਦੇ ਪਿੰਡਾਂ ਵਿੱਚ ਸਬਜ਼ੀ ਦੀਆਂ ਫਸਲਾਂ ਲੲਂੀ ਵੀ ਮੀਂਹ ਫਾਇਦੇਮੰਦ ਸਾਬਤ ਹੋਇਆ ਹੈ।

ਕਰਤਾਰਪੁਰ (ਗੁਰਨੇਕ ਸਿੰਘ ਵਿਰਦੀ): ਇੱਥੇ ਫਰਨੀਚਰ ਬਾਜ਼ਾਰ ਦੀ ਮੁੱਖ ਸੜਕ ਨਵਿਆਉਣ ਲਈ ਪੁੱਟੀ ਹੋਈ ਹੈ ਤੇ ਸ਼ਹਿਰ ਵਿੱਚ ਅੱਜ ਪਏ ਮੀਂਹ ਕਾਰਨ ਸੜਕ ਪਾਣੀ ਨਾਲ ਭਰ ਕੇ ਛੱਪੜ ਦਾ ਰੂਪ ਧਾਰਨ ਕਰ ਗਈ ਹੈ। ਮੀਂਹ ਕਾਰਨ ਸ਼ਹਿਰ ਦੇ ਰਿਸ਼ੀ ਨਗਰ ਦੀਆਂ ਗਲੀਆਂ ਵਿੱਚ ਪਾਣੀ ਇਕੱਠਾ ਹੋਣ ਕਾਰਨ ਨਹਿਰ ਵਾਂਗ ਵਗ ਰਿਹਾ ਸੀ। ਕਈ ਘਰਾਂ ਵਿਚ ਪਾਣੀ ਵੜ ਜਾਣ ਕਾਰਨ ਕੀਮਤੀ ਸਾਮਾਨ ਖਰਾਬ ਹੋ ਗਿਆ ਹੈ। ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸਾਬਕਾ ਡੀਸੀਪੀ ਬਲਕਾਰ ਸਿੰਘ ਨੇ ਕਿਹਾ ਕਿ ਬਰਸਾਤ ਦੇ ਮੌਸਮ ਵਿੱਚ ਸ਼ੁਰੂ ਕੀਤੇ ਵਿਕਾਸ ਦੇ ਕੰਮ ਸ਼ਹਿਰ ਵਾਸੀਆਂ ਲਈ ਸਰਾਪ ਬਣ ਰਹੇ ਹਨ। ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾਈ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਵਿਅੰਗ ਕਸਦਿਆਂ ਕਿਹਾ ਕਿ ਨਗਰ ਕੌਂਸਲ ਸ਼ਹਿਰ ਦੀਆਂ ਸੜਕਾਂ ’ਤੇ ਖੜ੍ਹੇ ਪਾਣੀ ਵਿੱਚ ਮੱਛੀ ਪਾਲਣ ਦਾ ਧੰਦਾ ਸ਼ੁਰੂ ਕਰਵਾ ਕੇ ਸੂਬਾ ਸਰਕਾਰ ਦੇ ਲੋਕਾਂ ਨੂੰ ਘਰ ਘਰ ਰੁਜ਼ਗਾਰ ਦੇਣ ਦਾ ਸੁਪਨਾ ਪੂਰਾ ਕਰ ਸਕਦੀ ਹੈ।ਨਗਰ ਕੌਂਸਲ ਦੇ ਪ੍ਰਧਾਨ ਪ੍ਰਿੰਸ ਅਰੋੜਾ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਸ਼ੁਰੂ ਕਰਵਾਏ ਕੰਮ ਜਲਦ ਪੂਰੇ ਕਰਵਾ ਦਿੱਤੇ ਜਾਣਗੇ।

ਝੋਨੇ ਲਈ ਮੀਂਹ ਲਾਹੇਵੰਦ; ਅੰਨਦਾਤਾ ਬਾਗ਼ੋਬਾਗ

ਬਲਾਚੌਰ (ਗੁਰਦੇਵ ਸਿੰਘ ਗਹੂੰਣ): ਬਲਾਚੌਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਬੀਤੀ ਰਾਤ ਤੋਂ ਭਰਵਾਂ ਮੀਂਹ ਪਿਆ। ਮੌਨਸੂਨ ਦੀ ਇਸ ਝੜੀ ਨਾਲ ਜਿੱਥੇ ਕਿਸਾਨਾਂ ਦੇ ਚਿਹਰੇ ਖਿੜੇ ਹਨ, ਉੱਥੇ ਬਿਜਲੀ ਦੀ ਮੰਗ ਘਟਣ ਨਾਲ ਪਾਵਰਕੌਮ ਨੂੰ ਵੀ ਸੁੱਖ ਦਾ ਸਾਹ ਆਇਆ ਹੈ। ਭਾਰੀ ਬਾਰਿਸ਼ ਨਾਲ ਬਲਾਚੌਰ ਸ਼ਹਿਰ ਦੇ ਨੀਂਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ ਅਤੇ ਸ਼ਹਿਰ ਵਿੱਚ ਚੱਲ ਰਹੇ ਸੀਵਰੇਜ ਦੇ ਪ੍ਰਾਜੈਕਟ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਮੌਨਸੂਨ ਦੀ ਇਹ ਬਾਰਸ਼ ਝੋਨੇ ਦੀ ਫਸਲ ਲਈ ਲਾਹੇਵੰਦ ਸਾਬਤ ਹੋਈ ਹੈ, ਉੱਥੇ ਪਿਛਲੇ ਕਈ ਦਿਨਾਂ ਤੋ ਪੈ ਰਹੀ ਗਰਮੀ ਕਾਰਨ ਜ਼ਮੀਨ ਹੇਠਲਾ ਪਾਣੀ ਵੀ ਘੱਟ ਰਿਹਾ ਸੀ। ਇਲਾਕੇ ਦੇ ਬਹੁਤ ਸਾਰੇ ਕਿਸਾਨਾਂ ਨੂੰ ਆਪਣੇ ਬੋਰਾਂ ਵਿੱਚ 10-10 ਫੁੱਟ ਦੇ ਪਾਈਪ ਪਾ ਕੇ ਹੋਰ ਡੂੰਘੇ ਕਰਨੇ ਪੈ ਰਹੇ ਸਨ।

ਕਾਦੀਆਂ ਦੀਆਂ ਸੜਕਾਂ ਨੇ ਨਹਿਰਾਂ ਦਾ ਰੂਪ ਧਾਰਿਆ

ਕਾਦੀਆਂ (ਮਕਬੂਲ ਅਹਿਮਦ): ਅੱਜ ਦੁਪਹਿਰ ਵੇਲੇ ਕਾਦੀਆਂ ਅਤੇ ਨੇੜਲੇ ਇਲਾਕਿਆਂ ’ਚ ਭਾਰੀ ਮੀਂਹ ਪਿਆ ਤੇ ਸੜਕਾਂ ਨੇ ਨਹਿਰ ਦਾ ਰੂਪ ਧਾਰ ਲਿਆ। ਇਸ ਕਾਰਨ ਆਵਾਜਾਈ ਕਾਫ਼ੀ ਦੇਰ ਤੱਕ ਰੁਕੀ ਰਹੀ। ਲੋਕਾਂ ਦੇ ਘਰਾਂ, ਦੁਕਾਨਾਂ ਅਤੇ ਗਲੀਆਂ-ਮੁਹੱਲਿਆਂ ਵਿੱਚ ਪਾਣੀ ਵੜ ਗਿਆ। ਸਮਾਜ ਸੇਵਕ ਹਫ਼ੀਜ਼ ਅਹਿਮਦ ਨੇ ਕਿਹਾ ਹੈ ਕਿ ਆਜ਼ਾਦੀ ਦੇ 74 ਸਾਲਾਂ ਬਾਅਦ ਵੀ ਸ਼ਹਿਰ ਦੀ ਖ਼ਸਤਾ ਹਾਲਤ ਬਣੀ ਹੋਈ ਹੈ। ਇਸੇ ਤਰ੍ਹਾਂ ਸੰਜੀਵ ਕੁਮਾਰ ਨੇ ਦੱਸਿਆ ਕਿ ਮੀਂਹ ਕਾਰਨ ਉਸ ਦੀ ਦੁਕਾਨ ਅੰਦਰ ਪਾਣੀ ਵੜ ਗਿਆ ਹੈ ਤੇ ਉਸ ਦਾ ਮਾਲੀ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹਲਕਾ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ ਨੂੰ ਅਪੀਲ ਕੀਤੀ ਹੈ ਕਿ ਕਾਦੀਆਂ ’ਚ ਸੀਵਰੇਜ ਸਿਸਟਮ ਉਸਾਰਿਆ ਜਾਵੇ। ਇਸੇ ਦੌਰਾਨ ਸ਼ਹਿਰ ਦੇ ਵਸਨੀਕ ਥਾਂ ਥਾਂ ’ਤੇ ਬਰਸਾਤੀ ਪਾਣੀ ਖੜ੍ਹਨ ਕਾਰਨ ਪ੍ਰੇਸ਼ਾਨ ਰਹੇ ਤੇ ਉਨ੍ਹਾਂ ਨੇ ਢੁੱਕਵੇਂ ਸੀਵਰੇਜ ਪ੍ਰਬੰਧਾਂ ਦੀ ਮੰਗ ਕੀਤੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਯੂਪੀਏ ਦਾ ਭਵਿੱਖ

ਯੂਪੀਏ ਦਾ ਭਵਿੱਖ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸ਼ਹਿਰ

View All