Gurmukhi Classes Abroad: ਵਿਦੇਸ਼ਾਂ ’ਚ ਵਸਦੀ ਸੰਗਤ ਬੱਚਿਆਂ ਨੂੰ ਸਿੱਖੀ ਦੀਆਂ ਜੜ੍ਹਾਂ ਨਾਲ ਜੋੜੇ ਤੇ ਗੁਰਮੁਖੀ ਸਿਖਾਏ: ਜਥੇਦਾਰ
ਸਕਾਟਲੈਂਡ ਦੇ ਐਡਿਨਬਰਗ ਵਿਖੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਪੁੱਜੇ ਗਿਆਨੀ ਕੁਲਦੀਪ ਸਿੰਘ ਗੜਗੱਜ; ਨਵੀਂ ਪੀੜ੍ਹੀ ਨੂੰ ਵਿਰਾਸਤ ਸੰਭਾਲਣ ਤੇ ਪੰਜਾਬ ਨਾਲ ਰਾਬਤਾ ਰੱਖਣ ਦਾ ਸੱਦਾ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵਿਦੇਸ਼ ਵਿੱਚ ਵਸਦੀ ਸਿੱਖ ਸੰਗਤ ਨੂੰ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਤੇ ਗੁਰਮੁਖੀ ਸਿਖਾਉਣ ਲਈ ਪ੍ਰੇਰਿਆ ਹੈ। ਜਥੇਦਾਰ ਨੇ ਸਕਾਟਲੈਂਡ ਦੇ ਐਡਿਨਬਰਗ ਸ਼ਹਿਰ ਵਿਖੇ ਗੁਰੂ ਨਾਨਕ ਗੁਰਦੁਆਰਾ ਸਿੰਘ ਸਭਾ ਵਿਖੇ ਸੰਗਤ ਦੇ ਸਹਿਯੋਗ ਨਾਲ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਗਏ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਉਨ੍ਹਾਂ ਸੰਗਤ ਨਾਲ ਗੁਰਮਤਿ ਤੇ ਸਿੱਖ ਇਤਿਹਾਸ ਦੀਆਂ ਵਿਚਾਰਾਂ ਸਾਂਝੀਆਂ ਕੀਤੀਆਂ ਅਤੇ ਸਿੱਖੀ ਅਨੁਸਾਰ ਜੀਵਨ ਬਤੀਤ ਕਰਨ ਦੀ ਪ੍ਰੇਰਨਾ ਦਿੱਤੀ।
ਸਮਾਗਮ ਤੋਂ ਪਹਿਲਾਂ ਜਥੇਦਾਰ ਗੜਗੱਜ ਨੇ ਸਕਾਟਲੈਂਡ ਦੇ ਪ੍ਰਮੁੱਖ ਸਿੱਖਾਂ ਤੇ ਗੁਰਦੁਆਰਾ ਪ੍ਰਬੰਧਕਾਂ ਨਾਲ ਵਿਚਾਰ ਕਰਕੇ ਉਨ੍ਹਾਂ ਪਾਸੋਂ ਸਮੱਸਿਆਵਾਂ ਜਾਂ ਚਿੰਤਾਵਾਂ ਅਤੇ ਧਰਮ ਪ੍ਰਚਾਰ-ਪ੍ਰਸਾਰ ਲਈ ਲੋੜਾਂ ਬਾਰੇ ਗੱਲਬਾਤ ਕੀਤੀ।ਉਨ੍ਹਾਂ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਆ ਕੇ ਸਿੱਖ ਇੱਥੇ ਸਕਾਟਲੈਂਡ ਵਿੱਚ ਵੱਸੇ ਹਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਹੋਏ ਹਨ, ਇਹ ਬਹੁਤ ਹੀ ਖ਼ੁਸ਼ੀ ਦੀ ਗੱਲ ਹੈ।
ਉਨ੍ਹਾਂ ਸੰਗਤ ਨੂੰ ਬੱਚਿਆਂ ਨੂੰ ਗੁਰੂ ਘਰ ਨਾਲ ਜੋੜਨ ਲਈ ਆਖਿਆ ਤਾਂ ਜੋ ਆਉਣ ਵਾਲੀ ਪੀੜ੍ਹੀ ਸਿੱਖੀ ਸੱਭਿਆਚਾਰ, ਰਵਾਇਤਾਂ ਅਤੇ ਸਿਧਾਂਤਾਂ ਨਾਲ ਜੁੜੇ ਤੇ ਸਰਬੱਤ ਦੇ ਭਲੇ ਦੇ ਕਾਰਜ ਕਰੇ।ਉਨ੍ਹਾਂ ਗੁਰਦੁਆਰਾ ਪ੍ਰਬੰਧਕਾਂ ਨੂੰ ਐਡਿਨਬਰਗ ਗੁਰਦੁਆਰਾ ਸਾਹਿਬ ਵਿਖੇ ਬੱਚਿਆਂ ਨੂੰ ਗੁਰਮੁਖੀ ਪੰਜਾਬੀ ਸਿਖਾਉਣ ਲਈ ਗੁਰੂ ਘਰ ਅੰਦਰ ਵਿਸ਼ੇਸ਼ ਪ੍ਰਬੰਧ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਸੰਗਤ ਪੰਜਾਬ ਨਾਲ ਜੁੜੀ ਰਹੇ ਅਤੇ ਸਮੇਂ-ਸਮੇਂ ਆਪਣੇ ਪਿੰਡਾਂ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (ਦਰਬਾਰ ਸਾਹਿਬ) ਦੇ ਦਰਸ਼ਨਾਂ ਲਈ ਪੰਜਾਬ ਆਵੇ।ਇਸ ਮੌਕੇ ਵੱਡੀ ਗਿਣਤੀ ਵਿੱਚ ਸਿੱਖ ਪਰਿਵਾਰ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਏ, ਜਿਨ੍ਹਾਂ ਨਾਲ ਬੈਠ ਕੇ ਜਥੇਦਾਰ ਨੇ ਵਿਚਾਰਾਂ ਸਾਂਝੀਆਂ ਕੀਤੀਆਂ।
ਜਥੇਦਾਰ ਗੜਗੱਜ ਨੇ ਕਿਹਾ ਕਿ ਐਡਿਨਬਰਗ ਸ਼ਹਿਰ ਵਿੱਚ ਸਿੱਖ ਸੱਚੀ-ਸੁੱਚੀ ਕਿਰਤ ਕਰਦਿਆਂ ਚੜ੍ਹਦੀ ਕਲਾ ਨਾਲ ਇੱਥੇ ਵੱਸੇ ਹਨ, ਉੱਥੇ ਹੀ ਇਸ ਜਗ੍ਹਾ ਹਜ਼ਾਰਾਂ ਸਾਲ ਪੁਰਾਣੀ ਵਿਰਾਸਤ ਤੇ ਵਿਰਾਸਤੀ ਇਮਾਰਤਾਂ ਹੂ-ਬ-ਹੂ ਉਸੇ ਤਰ੍ਹਾਂ ਸੰਭਾਲੀਆਂ ਹਨ, ਜਿਵੇਂ ਉਹ ਸਨ। ਉਨ੍ਹਾਂ ਕਿਹਾ ਕਿ ਕਿਸੇ ਵੀ ਕੌਮ ਦੀ ਵਿਰਾਸਤ ਉਸ ਦਾ ਮੁੱਢ ਹੁੰਦੀ ਹੈ, ਇਸ ਲਈ ਸਿੱਖੀ ਵਿਰਾਸਤ ਨੂੰ ਵੀ ਹਰ ਹੀਲੇ ਉਸੇ ਤਰ੍ਹਾਂ ਸੰਭਾਲਿਆ ਜਾਣਾ ਚਾਹੀਦਾ ਹੈ ਜਿਵੇਂ ਐਡਿਨਬਰਗ ਵਿਖੇ ਇੱਥੋਂ ਦੀ ਵਿਰਾਸਤ ਸੰਭਾਲੀ ਗਈ ਹੈ।
ਇਸ ਮੌਕੇ ਗੁਰੂ ਨਾਨਕ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਰਮਵੀਰ ਸਿੰਘ ਖ਼ਾਲਸਾ, ਮੀਤ ਪ੍ਰਧਾਨ ਲਖਵਿੰਦਰ ਸਿੰਘ, ਜਨਰਲ ਸਕੱਤਰ ਵੇਗੇ ਸਿੰਘ, ਸਟੇਜ ਸਕੱਤਰ ਗੁਲਾਬ ਸਿੰਘ ਗੋਲਡ, ਸੁਖਦੀਪ ਸਿੰਘ ਰੰਧਾਵਾ, ਸੂਰਜ ਸਿੰਘ ਗੋਲਡ, ਅਜੀਤਕਮਲ ਸਿੰਘ ਰੰਧਾਵਾ, ਅਮਨਦੀਪ ਸਿੰਘ, ਗੁਰਵਿੰਦਰ ਸਿੰਘ, ਮੀਡੀਆ ਸਲਾਹਕਾਰ ਜਸਕਰਨ ਸਿੰਘ ਅਤੇ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ।

