ਗੁਰਬਾਣੀ ਦੇ ਪ੍ਰਸਾਰਣ ਦਾ ਮਾਮਲਾ: SGPC ਵੱਲੋਂ GTC ਨੈੱਟਵਰਕ ਵਿਰੁੱਧ ਸ਼ਿਕਾਇਤ ਦਰਜ
ਬਿਨਾਂ ਪ੍ਰਵਾਨਗੀ ਲਏ ਕੋਈ ਵੀ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਨਹੀਂ ਕਰ ਸਕਦਾ: SGPC
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਦੇ ਅਧਿਕਾਰਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਨਿੱਜੀ ਚੈਨਲ ਜੀ ਟੀ ਸੀ ਨੈੱਟਵਰਕ ਵਿਰੁੱਧ ਅੰਮ੍ਰਿਤਸਰ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਸ਼ਿਕਾਇਤ ਵਿੱਚ ਸ਼੍ਰੋਮਣੀ ਕਮੇਟੀ ਨੇ ਸਪਸ਼ਟ ਕੀਤਾ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਦਾ ਏਕਾਧਿਕਾਰ ਉਸ ਕੋਲ ਹੈ, ਜਿਸ ਤਹਿਤ ਬਿਨਾਂ ਪ੍ਰਵਾਨਗੀ ਲਏ ਕੋਈ ਵੀ ਸਿੱਧਾ ਪ੍ਰਸਾਰਣ ਨਹੀਂ ਕਰ ਸਕਦਾ। ਫਿਲਹਾਲ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਆਪਣੇ ਯੂਟਿਊਬ ਚੈਨਲ 'SGPC Sri Amritsar', ਫੇਸਬੁੱਕ, ਅਧਿਕਾਰਤ ਵੈੱਬਸਾਈਟ ਅਤੇ ਐਪ ਰਾਹੀਂ ਪ੍ਰਸਾਰਣ ਕਰਦੀ ਹੈ। ਆਪਣਾ ਸੈਟੇਲਾਈਟ ਚੈਨਲ ਨਾ ਹੋਣ ਕਾਰਨ ਸੰਸਥਾ ਯੂਟਿਊਬ ਪ੍ਰਸਾਰਣ ਦੇ ਤਕਨੀਕੀ ਇੰਤਜ਼ਾਮ ਲਈ ਪੀ ਟੀ ਸੀ (PTC) ਨੈੱਟਵਰਕ ਦੀ ਮਦਦ ਲੈਂਦੀ ਹੈ। ਸ਼੍ਰੋਮਣੀ ਕਮੇਟੀ ਦੇ ਕਾਨੂੰਨੀ ਸਲਾਹਕਾਰ ਅਮਨਬੀਰ ਸਿੰਘ ਸਿਆਲੀ ਨੇ ਪੁਲੀਸ ਕਮਿਸ਼ਨਰ ਕੋਲ ਨਿੱਜੀ ਚੈਨਲ ਖ਼ਿਲਾਫ਼ ਕਾਰਵਾਈ ਦੀ ਮੰਗ ਦੀ ਪੁਸ਼ਟੀ ਕੀਤੀ ਹੈ।
ਦੂਜੇ ਪਾਸੇ, ਜੀ ਟੀ ਸੀ ਨੈੱਟਵਰਕ ਦੇ ਸੰਸਥਾਪਕ ਅਤੇ ਪ੍ਰਬੰਧਕੀ ਨਿਰਦੇਸ਼ਕ ਰਬਿੰਦਰ ਨਾਰਾਇਣ ਨੇ ਆਖਿਆ ਕਿ ਉਨ੍ਹਾਂ ਨੂੰ ਮੀਡੀਆ ਦੇ ਰਾਹੀਂ ਇਸ ਬਾਰੇ ਜਾਣਕਾਰੀ ਮਿਲੀ। ਉਨ੍ਹਾਂ ਕਿਹਾ ਕਿ ਸ਼ਿਕਾਇਤ ਦੇ ਮਾਮਲੇ ਵਿੱਚ ਜੇਕਰ ਉਨ੍ਹਾਂ ਕੋਲੋਂ ਕੋਈ ਜਵਾਬ ਮੰਗਿਆ ਜਾਵੇਗਾ, ਤਾਂ ਉਹ ਜਵਾਬ ਦੇਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਕੋਲੋਂ ਇਸ ਸਬੰਧੀ ਪ੍ਰਵਾਨਗੀ ਦੀ ਮੰਗ ਕਰ ਚੁੱਕੇ ਹਨ ਅਤੇ ਕਮੇਟੀ ਨੂੰ ਇਸ ਸਬੰਧੀ ਚੈਨਲ ਤਿਆਰ ਕਰਨ ਬਾਰੇ ਵੀ ਪੇਸ਼ਕਸ਼ ਕਰ ਚੁੱਕੇ ਹਨ, ਪਰ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਵੀ ਹੁੰਗਾਰਾ ਨਹੀਂ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਸੰਗਤ ਦੀ ਵੱਡੀ ਮੰਗ ਦੇ ਕਾਰਨ ਜੀ ਟੀ ਸੀ ਚੈਨਲ ਨੇ ਗੁਰਬਾਣੀ ਦੇ ਪ੍ਰਸਾਰਣ ਦਾ ਕਾਰਜ ਆਰੰਭ ਕੀਤਾ। ਉਨ੍ਹਾਂ ਆਖਿਆ ਕਿ ਗੁਰਬਾਣੀ ਸਭ ਦੀ ਸਰਬ-ਸਾਂਝੀ ਹੈ। ਉਨ੍ਹਾਂ ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ’ਤੇ ਦੋਸ਼ ਲਾਇਆ ਕਿ ਉਹ ਉਨ੍ਹਾਂ ਚੈਨਲਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰ ਰਹੀ, ਜੋ ਗੁਰਬਾਣੀ ਦੇ ਪ੍ਰਸਾਰਣ ਸਮੇਂ ਇਸ਼ਤਿਹਾਰਬਾਜ਼ੀ ਵੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਈ ਹੋਰ ਚੈਨਲ ਵੀ ਐੱਸ ਜੀ ਪੀ ਸੀ ਦੇ ਲਿੰਕ ਤੋਂ ਗੁਰਬਾਣੀ ਚਲਾ ਰਹੇ ਹਨ ਅਤੇ ਆਪਣੇ ਲੋਗੋ ਲਗਾ ਰਹੇ ਹਨ, ਪਰ ਕਾਰਵਾਈ ਸਿਰਫ਼ ਜੀ ਟੀ ਸੀ (GTC) ਵਿਰੁੱਧ ਕੀਤੀ ਗਈ ਹੈ।
ਇਸ ਦੇ ਜਵਾਬ ਵਿੱਚ ਐਡਵੋਕੇਟ ਸਿਆਲੀ ਨੇ ਸਪਸ਼ਟ ਕੀਤਾ ਕਿ ਸੋਸ਼ਲ ਮੀਡੀਆ ਲਿੰਕ ‘ਸ਼ੇਅਰ’ ਕਰਨ ਦੀ ਸਭ ਨੂੰ ਛੋਟ ਹੈ, ਪਰ ਜੀ ਟੀ ਸੀ (GTC) ਨੇ ਬਿਨਾਂ ਇਜਾਜ਼ਤ ਆਪਣੇ ਸੈਟੇਲਾਈਟ ਪਲੇਟਫਾਰਮ ’ਤੇ ਆਪਣਾ ‘ਲੋਗੋ’ ਲਗਾ ਕੇ ਗੁਰਬਾਣੀ ਦਾ ਪ੍ਰਸਾਰਣ ਕੀਤਾ ਹੈ, ਜੋ ਕਿ ਕਾਨੂੰਨੀ ਉਲੰਘਣਾ ਹੈ।

