ਸਰਕਾਰ ਜਲਦੀ ਹੀ ਹੋਰ 243 ਨਵੇਂ ਆਮ ਆਦਮੀ ਕਲੀਨਿਕ ਖੋਲ੍ਹੇਗੀ-ਧਾਲੀਵਾਲ
ਸਿਹਤ ਕੇਂਦਰ ਰਮਦਾਸ ਨੂੰ 32 ਲੱਖ ਰੁਪਏ ਦੀ ਐਂਬੂਲੈਂਸ ਕੀਤੀ ਭੇਟ
ਪ੍ਰਾਇਮਰੀ ਹੈਲਥ ਸੈਂਟਰ ਰਮਦਾਸ ਵਿਖੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ “ਸਾਡੇ ਬਜ਼ੁਰਗ-ਸਾਡਾ ਮਾਣ” ਤਹਿਤ ਮੁਫਤ ਮੈਗਾ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਪਾਰਟੀ ਦੇ ਸੂਬਾਈ ਮੁੱਖ ਬੁਲਾਰੇ, ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕੀਤਾ। ਇਸ ਮੌਕੇ ਉਹਨਾਂ ਮਰੀਜਾਂ ਲਈ ਦੂਰੋਂ-ਨੇੜਿਓਂ ਹਸਪਤਾਲ ‘ਚ ਆਮਦ ਯਕੀਨੀ ਬਣਾਉਣ ਅਤੇ ਇਲਾਜ ਲਈ ਜ਼ਿਲਾ ਪੱਧਰੀ ਸਿਵਲ ਹਸਪਤਾਲ ਰੈਫਰ ਕਰਨ ਲਈ 32 ਲੱਖ ਰੁਪਏ ਦੀ ਐਂਬੂਲੈਂਸ ਭੇਟ ਕਰਦਿਆਂ ਪ੍ਰਾਇਮਰੀ ਹੈਲਥ ਸੈਂਟਰ ਰਮਦਾਸ ਨੂੰ ਜਲਦੀ ਹੀ ਅਪਗ੍ਰੇਡ ਕਰਨ ਦਾ ਐਲਾਨ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਪੰਜਾਬ ਦੇ ਆਮ ਨਾਗਰਿਕਾਂ ਦੇ ਮੁਫਤ ਮਿਆਰੀ ਇਲਾਜ ਲਈ ਰੀਡ ਦੀ ਹੱਡੀ ਸਮਝੇ ਜਾਂਦੇ 881 ਆਮ ਆਦਮੀ ਕਲੀਨਿਕ ਸਥਾਪਿਤ ਕੀਤੇ ਗਏ ਹਨ ਅਤੇ 243 ਹੋਰ ਨਵੇਂ ਆਮ ਆਦਮੀ ਕਲੀਨਿਕ ਜਲਦੀ ਖੋਲ੍ਹੇ ਜਾ ਰਹੇ ਹਨ।
ਉਹਨਾਂ ਅੱਗੇ ਕਿਹਾ ਕਿ ਪ੍ਰਾਇਮਰੀ ਹੈਲਥ ਸੈਂਟਰਾਂ ਨੂੰ ਅਪਗ੍ਰੇਡ ਕਰਨ ਸਮੇਤ 308 ਉੱਪ ਸਿਹਤ ਕੇਂਦਰਾਂ ਨੂੰ ਵੀ ਆਮ ਆਦਮੀ ਕਲੀਨਿਕਾਂ ਦੇ ਤੌਰ ’ਤੇ ਅਪਗ੍ਰੇਡ ਕਰਨ ਲਈ ਵਿਭਾਗੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਧਾਲੀਵਾਲ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ‘ਸਾਡੇ ਬਜ਼ੁਰਗ ਸਾਡਾ ਮਾਣ’ ਮੁਹਿੰਮ ਸਿਰਫ ਨਾਅਰਾ ਹੀ ਨਹੀਂ ਸਗੋਂ ਬਜ਼ੁਰਗਾਂ ਦੀ ਸਵੈਮਾਨ ਸੁਰਖਿਆ, ਸਿਹਤ ਤੇ ਸਮਾਜਿਕ ਸੰਭਾਲ ਲਈ ਪੂਰੀ ਤਰਾਂ ਵਚਨਬੱਧ ਹੈ।

