ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 28 ਮਈ
ਪਾਕਿਸਤਾਨ ਦੇ ਦਰਿਆਈ ਪਾਣੀਆਂ ਵਿਚ ਲਗਪਗ ਤਿੰਨ ਦਹਾਕਿਆਂ ਮਗਰੋਂ ਘੜਿਆਲਾਂ ਦੀ ਮੌਜੂਦਗੀ ਦੀ ਪੁਸ਼ਟੀ ਕਰ ਦਿੱਤੀ ਗਈ ਹੈ। ਇਹ ਪੁਸ਼ਟੀ ਪਾਕਿਸਤਾਨ ਵਿਚ ਵਿਸ਼ਵ ਜੰਗਲੀ ਜੀਵ ਫੰਡ (ਡਬਲਿਊਡਬਲਿਊਐਫ) ਵੱਲੋਂ ਕੀਤੀ ਗਈ ਹੈ। ਖ਼ਦਸ਼ਾ ਹੈ ਕਿ ਇਹ ਘੜਿਆਲ ਭਾਰਤ ਵਾਲੇ ਪਾਸਿਉਂ ਪਾਕਿਸਤਾਨ ਵਾਲੇ ਪਾਸੇ ਗਏ ਹਨ, ਜਿਨ੍ਹਾਂ ਬਾਰੇ ਫ਼ਿਲਹਾਲ ਪਤਾ ਲਾਇਆ ਜਾ ਰਿਹਾ ਹੈ। ਇਹ ਮਾਮਲਾ ਬੀਤੇ ਦਿਨੀਂ 14 ਮਈ ਨੂੰ ਵਾਇਰਲ ਹੋਈ ਇਕ ਵੀਡੀਓ ਤੋਂ ਬਾਅਦ ਸਾਹਮਣੇ ਆਇਆ ਸੀ। ਇਸ ਵੀਡੀਓ ਵਿੱਚ ਕੁਝ ਪਾਕਿਸਤਾਨੀ ਮਛੇਰਿਆਂ ਵੱਲੋਂ ਇੱਕ ਘੜਿਆਲ ਨੂੰ ਜਾਲ ਦੀ ਮਦਦ ਨਾਲ ਫੜਨ ਦਾ ਯਤਨ ਕੀਤਾ ਜਾ ਰਿਹਾ ਸੀ। ਇਸ ਤੋਂ ਬਾਅਦ ਪਾਕਿਸਤਾਨ ਵਿਚਲੇ ਜੰਗਲੀ ਜੀਵ ਫੰਡ ਦੀ ਟੀਮ ਵੱਲੋਂ ਸਰਵੇਖਣ ਕੀਤਾ ਗਿਆ ਹੈ ਅਤੇ ਘੜਿਆਲਾਂ ਦੀ ਪਾਕਿਸਤਾਨ ਦੇ ਦਰਿਆਈ ਪਾਣੀ ਵਿੱਚ ਮੌਜੂਦਗੀ ਦੀ ਪੁਸ਼ਟੀ ਕੀਤੀ ਹੈ। ਟੀਮ ਨੇ ਦੱਸਿਆ ਕਿ ਸਥਾਨਕ ਮਛੇਰਿਆਂ ਵੱਲੋਂ ਇਨ੍ਹਾਂ ਘੜਿਆਲਾਂ ਨੂੰ ਉਕਾਰਾ ਅਤੇ ਸੁਲੇਮਾਨਕੀ ਹੈੱਡ ‘ਤੇ ਦੇਖਿਆ ਗਿਆ ਸੀ। ‘ਡਬਲਿਊਡਬਲਿਊਐੱਫ’ ਦੇ ਡਾਇਰੈਕਟਰ ਜਨਰਲ ਹਾਮਦ ਨਕੀ ਖਾਨ ਨੇ ਇਸ ਸਬੰਧੀ ਆਪਣੀ ਰਿਪੋਰਟ ਵਿੱਚ ਦੱਸਿਆ ਕਿ ਸਰਕਾਰ ਦੇ ਸਹਿਯੋਗ ਨਾਲ ਇਨ੍ਹਾਂ ਦੀ ਦੇਖ-ਰੇਖ ਅਤੇ ਨਿਗਰਾਨੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਪਾਕਿਸਤਾਨ ਵਿਚ ਜੰਗਲੀ ਜੀਵ ਫੰਡ ਦੇ ਖੋਜ ਅਤੇ ਸਾਂਭ ਸੰਭਾਲ ਦੇ ਸੀਨੀਅਰ ਮੈਨੇਜਰ ਜਮਸ਼ੇਦ ਇਕਬਾਲ ਚੌਧਰੀ ਨੇ ਕਿਹਾ ਕਿ ਹੁਣ ਵਿਭਾਗ ਵੱਲੋਂ ਇਨ੍ਹਾਂ ਵੱਲ ਵਧੇਰੇ ਧਿਆਨ ਕੇਂਦਰਤ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਆਕਸਫੋਰਡ ਯੂਨੀਵਰਸਿਟੀ ਦੇ ਵਾਇਲਡ ਲਾਈਫ ਕੰਜ਼ਰਵੇਸ਼ਨ ਰਿਸਰਚ ਯੂਨਿਟ ਦੇ ਖੋਜਕਰਤਾ ਬਿਲਾਲ ਮੁਸਤਫ਼ਾ ਨੇ ਵੀ ਸੋਸ਼ਲ ਮੀਡੀਆ ਖਾਤੇ ‘ਤੇ ਇਸ ਸਬੰਧੀ ਇਕ ਵੀਡੀਓ ਨੂੰ ਸਾਂਝਾ ਕੀਤਾ ਸੀ। ਉਸ ਨੇ ਸੰਭਾਵਨਾ ਜ਼ਾਹਿਰ ਕੀਤੀ ਸੀ ਕਿ ਇਹ ਘੜਿਆਲ ਸਤਲੁਜ ਦਰਿਆ ਰਸਤੇ ਭਾਰਤ ਤੋਂ ਪਾਕਿਸਤਾਨੀ ਦਰਿਆਈ ਪਾਣੀ ਵਿਚ ਦਾਖਲ ਹੋਏ ਹੋ ਸਕਦੇ ਹਨ। ਉਸ ਨੇ ਖੁਲਾਸਾ ਕੀਤਾ ਸੀ ਕਿ 1978 ਤੋਂ ਬਾਅਦ ਪਾਕਿਸਤਾਨ ਦੇ ਦਰਿਆਈ ਪਾਣੀਆਂ ਵਿੱਚ ਘੜਿਆਲ ਲੋਪ ਹੋ ਗਏ ਸਨ। ਇਸ ਦੌਰਾਨ ਭਾਰਤ ਵਿਚਲੀ ਡਬਲਿਊਡਬਲਿਊਐਫ ਦੀ ਟੀਮ ਵੱਲੋਂ ਵੀ ਸਥਿਤੀ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਸੰਸਥਾ ਦੀ ਸੀਨੀਅਰ ਕੋਆਰਡੀਨੇਟਰ ਗੀਤਾਂਜਲੀ ਕੰਵਰ ਜੋ ਕਿ ਘੜਿਆਲ ਪੁਨਰ-ਸੁਰਜੀਤ ਪ੍ਰਾਜੈਕਟ ਦੀ ਨਿਗਰਾਨੀ ਕਰ ਰਹੀ ਹੈ, ਨੇ ਦੱਸਿਆ ਕਿ ਇਹ ਭਾਰਤੀ ਘੜਿਆਲ ਸਤਲੁਜ ਦਰਿਆ ਵਿਚ ਹਰੀਕੇ ਜਲਗਾਹ ‘ਚ ਲਿਆ ਕੇ ਵਸਾਏ ਗਏ ਸਨ। ਇਨ੍ਹਾਂ ਵਿੱਚੋਂ ਕਈ ਘੜਿਆਲ ਦਰਿਆ ਦੇ ਉਪਰਲੇ ਪਾਸੇ ਪੌਂਗ ਡੈਮ ਵੱਲ ਵੀ ਦੇਖੇ ਗਏ ਹਨ ਅਤੇ ਖ਼ਦਸ਼ਾ ਹੈ ਕਿ ਕੁਝ ਦਰਿਆ ਦੇ ਹੇਠਲੇ ਪਾਸੇ ਪਾਣੀ ਦੇ ਵਹਾਅ ਨਾਲ ਪਾਕਿਸਤਾਨ ਵਾਲੇ ਪਾਸੇ ਚਲੇ ਗਏ ਹਨ। ਟੀਮ ਵੱਲੋਂ ਭਾਰਤੀ ਘੜਿਆਲਾਂ ਦੀ ਪੂਛ ‘ਤੇ ਸ਼ਨਾਖਤੀ ਚਿੰਨ੍ਹ ਲਾਏ ਹੋਏ ਹਨ। ਇਸ ਸਬੰਧੀ ਪਾਕਿਸਤਾਨ ਵਾਲੇ ਪਾਸੇ ਦੀ ਟੀਮ ਨੂੰ ਜਾਣੂ ਕਰਵਾਇਆ ਗਿਆ ਹੈ। ਉਨ੍ਹਾਂ ਉਮੀਦ ਪ੍ਰਗਟਾਈ ਹੈ ਕਿ ਜਲਦੀ ਹੀ ਦੂਜੇ ਪਾਸਿਓਂ ਇਸ ਦਾ ਹੁੰਗਾਰਾ ਮਿਲੇਗਾ ਅਤੇ ਸਥਿਤੀ ਸਪੱਸ਼ਟ ਹੋ ਜਾਵੇਗੀ।
ਸਾਲ 2017-21 ਦੌਰਾਨ ਹਰੀਕੇ ‘ਚ ਛੱਡੇ ਗਏ ਸਨ ਘੜਿਆਲਾਂ ਦੇ ਬੱਚੇ
ਦੱਸਣਯੋਗ ਹੈ ਕਿ 2017 ਤੋਂ 2021 ਤੱਕ ਹਰੀਕੇ ਜਲਗਾਹ ਵਿਖੇ ਲਗਪਗ 94 ਘੜਿਆਲਾਂ ਦੇ ਬੱਚੇ ਮੱਧ ਪ੍ਰਦੇਸ਼ ਤੋਂ ਲਿਆ ਕੇ ਛੱਡੇ ਗਏ ਸਨ। ਇਹ ਪ੍ਰਜਾਤੀ ਇਸ ਵੇਲੇ ਖ਼ਤਰੇ ਵਿਚ ਹੈ ਅਤੇ ਭਾਰਤ ਸਰਕਾਰ ਵਲੋਂ ਇਸ ਪ੍ਰਜਾਤੀ ਨੂੰ ਬਚਾਉਣ ਦੇ ਉਪਰਾਲੇ ਤਹਿਤ ਹੀ ਇਨ੍ਹਾਂ ਦੀ ਆਬਾਦੀ ਨੂੰ ਵਧਾਉਣ ਲਈ ਯਤਨ ਕੀਤੇ ਜਾ ਰਹੇ ਹਨ।